ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ ! ਇਕ ਵਾਰ 'ਚ ਖਰੀਦ ਸਕੋਗੇ ਵ੍ਹਿਸਕੀ ਤੇ ਬੀਅਰ ਦੀਆਂ ਇੰਨੀਆਂ ਬੋਤਲਾਂ; ਜਾਣੋ ਘਰ ਤਕ ਹੋਵੇਗੀ ਡਿਲਿਵਰੀ ਜਾਂ ਨਹੀਂ
ਅਧਿਕਾਰੀਆਂ ਮੁਤਾਬਕ, ਇਸ ਸੇਵਾ ਨੂੰ ਲੈ ਕੇ ਸ਼ੁਰੂਆਤੀ ਹੁੰਗਾਰਾ ਕੁਝ ਠੰਢਾ ਰਿਹਾ ਹੈ। ਇਸ ਸਹੂਲਤ ਦਾ ਅੱਗੇ ਵਿਸਥਾਰ ਕਰਨਾ ਪੂਰੀ ਤਰ੍ਹਾਂ ਗਾਹਕਾਂ ਵੱਲੋਂ ਮਿਲਣ ਵਾਲੇ ਹੁੰਗਾਰੇ 'ਤੇ ਨਿਰਭਰ ਕਰੇਗਾ।
Publish Date: Wed, 28 Oct 2026 02:10 PM (IST)
Updated Date: Wed, 28 Oct 2026 02:58 PM (IST)
ਬਿਜ਼ਨੈੱਸ ਡੈਸਕ, ਨਵੀਂ ਦਿੱਲੀ : ਦੀਵਾਲੀ ਤੋਂ ਪਹਿਲਾਂ ਦਿੱਲੀ 'ਚ ਸ਼ਰਾਬ ਦੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਦਿੱਲੀ ਸਟੇਟ ਇੰਡਸਟਰੀਅਲ ਐਂਡ ਇਨਫਰਾਸਟ੍ਰਕਚਰ ਡਿਵੈਲਪਮੈਂਟ ਕਾਰਪੋਰੇਸ਼ਨ (DSIIDC) ਨੇ ਇਕ ਨਵੀਂ ਮੋਬਾਈਲ ਐਪ ਲਾਂਚ ਕੀਤੀ ਹੈ। ਇਸ ਐਪ ਦਾ ਨਾਂ 'Delhi Liquor Booking' ਰੱਖਿਆ ਗਿਆ ਹੈ। ਇਸ ਦੀ ਮਦਦ ਨਾਲ ਹੁਣ ਗਾਹਕ ਘਰ ਬੈਠੇ ਹੀ ਸ਼ਰਾਬ ਦੀ ਬੁਕਿੰਗ ਕਰ ਸਕਦੇ ਹਨ।
ਫਿਲਹਾਲ ਇਹ ਸਹੂਲਤ DSIIDC ਦੇ ਚੋਣਵੇਂ 208 ਸਰਕਾਰੀ ਠੇਕਿਆਂ 'ਤੇ ਹੀ ਉਪਲਬਧ ਕਰਵਾਈ ਗਈ ਹੈ। ਦਿੱਲੀ 'ਚ ਚਾਰ ਵੱਖ-ਵੱਖ ਸਰਕਾਰੀ ਨਿਗਮਾਂ ਦੇ 700 ਤੋਂ ਵੱਧ ਸ਼ਰਾਬ ਦੇ ਠੇਕੇ ਚੱਲ ਰਹੇ ਹਨ, ਪਰ ਆਨਲਾਈਨ ਬੁਕਿੰਗ ਦੀ ਇਹ ਸਹੂਲਤ ਅਜੇ ਸਿਰਫ਼ DSIIDC ਦੇ ਸਟੋਰਾਂ ਲਈ ਸ਼ੁਰੂ ਕੀਤੀ ਗਈ ਹੈ।
ਅਧਿਕਾਰੀਆਂ ਮੁਤਾਬਕ, ਇਸ ਸੇਵਾ ਨੂੰ ਲੈ ਕੇ ਸ਼ੁਰੂਆਤੀ ਹੁੰਗਾਰਾ ਕੁਝ ਠੰਢਾ ਰਿਹਾ ਹੈ। ਇਸ ਸਹੂਲਤ ਦਾ ਅੱਗੇ ਵਿਸਥਾਰ ਕਰਨਾ ਪੂਰੀ ਤਰ੍ਹਾਂ ਗਾਹਕਾਂ ਵੱਲੋਂ ਮਿਲਣ ਵਾਲੇ ਹੁੰਗਾਰੇ 'ਤੇ ਨਿਰਭਰ ਕਰੇਗਾ।
ਨਵੀਂ ਐਪ ਕਿਵੇਂ ਕੰਮ ਕਰਦੀ ਹੈ?
ਇਸ ਐਪ 'ਤੇ ਜਾ ਕੇ ਗਾਹਕ ਆਪਣੀ ਪਸੰਦ ਦੇ ਬ੍ਰਾਂਡ, ਬੋਤਲ ਦਾ ਆਕਾਰ ਅਤੇ ਮਾਤਰਾ ਦੀ ਚੋਣ ਕਰ ਸਕਦੇ ਹਨ। ਇਸ ਤੋਂ ਬਾਅਦ ਗਾਹਕਾਂ ਨੂੰ ਐਪ ਰਾਹੀਂ ਹੀ ਡਿਜੀਟਲ ਭੁਗਤਾਨ ਕਰਨਾ ਪਵੇਗਾ।
ਭੁਗਤਾਨ ਸਫ਼ਲ ਹੋਣ ਤੋਂ ਬਾਅਦ ਗਾਹਕ ਦੇ ਫੋਨ 'ਤੇ ਇਕ QR ਕੋਡ ਤਿਆਰ ਹੋਵੇਗਾ। ਦੁਕਾਨ 'ਤੇ ਪਹੁੰਚ ਕੇ ਇਸ QR ਕੋਡ ਨੂੰ ਸਕੈਨ ਕਰਵਾਉਣਾ ਪਵੇਗਾ, ਜਿਸ ਤੋਂ ਬਾਅਦ ਗਾਹਕ ਆਪਣਾ ਆਰਡਰ ਪ੍ਰਾਪਤ ਕਰ ਸਕਣਗੇ।
ਕੀ ਹਨ ਜ਼ਰੂਰੀ ਨਿਯਮ ਅਤੇ ਸ਼ਰਤਾਂ?
ਆਬਕਾਰੀ ਨਿਯਮਾਂ ਮੁਤਾਬਕ, Delhi Liquor Booking ਐਪ ਦੀ ਵਰਤੋਂ ਲਈ ਕਈ ਸ਼ਰਤਾਂ ਰੱਖੀਆਂ ਗਈਆਂ ਹਨ।
- ਉਮਰ ਦੀ ਹੱਦ: ਐਪ ਦੀ ਵਰਤੋਂ ਕਰਨ ਵਾਲੇ ਵਿਅਕਤੀ ਦੀ ਉਮਰ ਘੱਟੋ-ਘੱਟ 25 ਸਾਲ ਹੋਣੀ ਲਾਜ਼ਮੀ ਹੈ।
- ਖਰੀਦ ਦੀ ਸੀਮਾ: ਇਕ ਵਿਅਕਤੀ ਇਕ ਵਾਰ 'ਚ ਵੱਧ ਤੋਂ ਵੱਧ 9 ਲੀਟਰ ਵਿਸਕੀ ਅਤੇ 18 ਲੀਟਰ ਬੀਅਰ ਖਰੀਦ ਸਕਦਾ ਹੈ।
- ਆਰਡਰ ਲੈਣ ਦੀ ਸਮਾਂ-ਸੀਮਾ: ਆਨਲਾਈਨ ਬੁਕਿੰਗ ਕਰਨ ਤੋਂ ਬਾਅਦ 48 ਘੰਟਿਆਂ ਦੇ ਅੰਦਰ ਦੁਕਾਨ 'ਤੇ ਜਾ ਕੇ ਆਰਡਰ ਲੈਣਾ ਪਵੇਗਾ।
- ਆਰਡਰ ਰੱਦ ਕਰਨ ਦਾ ਨਿਯਮ: ਦੁਕਾਨ ਤੋਂ ਸਾਮਾਨ ਲੈਣ ਤੋਂ ਬਾਅਦ ਇਸ ਨੂੰ ਵਾਪਸ ਕਰਨ ਦੀ ਕੋਈ ਵਿਵਸਥਾ ਨਹੀਂ ਹੈ। ਹਾਲਾਂਕਿ, ਦੁਕਾਨ ਤੋਂ ਆਰਡਰ ਲੈਣ ਤੋਂ ਪਹਿਲਾਂ ਗਾਹਕ ਆਪਣੀ ਬੁਕਿੰਗ ਰੱਦ ਕਰ ਸਕਦੇ ਹਨ।
ਕੀ ਘਰ ਤੱਕ ਹੋਵੇਗੀ ਸ਼ਰਾਬ ਦੀ ਡਿਲਿਵਰੀ?
ਇਸ ਸਹੂਲਤ ਨੂੰ ਲੈ ਕੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸ਼ਰਾਬ ਘਰ ਤੱਕ ਪਹੁੰਚਾਈ ਜਾਵੇਗੀ? ਇਸ ਦਾ ਜਵਾਬ ਹੈ ਨਹੀਂ। ਇਸ ਸੇਵਾ 'ਚ ਹੋਮ ਡਿਲਿਵਰੀ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਹੈ। ਗਾਹਕਾਂ ਨੂੰ ਖ਼ੁਦ ਸਬੰਧਤ ਦੁਕਾਨ 'ਤੇ ਜਾ ਕੇ ਆਪਣਾ ਆਰਡਰ ਲੈਣਾ ਪਵੇਗਾ। ਸਰਕਾਰ ਦਾ ਮੁੱਖ ਉਦੇਸ਼ ਸ਼ਰਾਬ ਦੇ ਠੇਕਿਆਂ 'ਤੇ ਲੱਗਣ ਵਾਲੀਆਂ ਲੰਬੀਆਂ ਕਤਾਰਾਂ ਅਤੇ ਭੀੜ ਨੂੰ ਘਟਾਉਣਾ ਹੈ। ਇਸ ਦੇ ਨਾਲ ਹੀ ਬਿਲਿੰਗ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।