- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਵੀਆਂ ਸੀਵਰ ਲਾਈਨਾਂ ਵਿਛਾਉਣ ਨਾਲ ਇਹ ਮਸਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਨੀਵੇਂ ਇਲਾਕਿਆਂ ’ਚ ਹੋਰ ਵੱਧ ਇਲਾਕਿਆਂ ਦਾ ਪਾਣੀ ਆ ਜਾਂਦਾ ਹੈ ਕਿਉਂਕਿ ਸੀਵਰ ਲਾਈਨਾਂ ਆਪਸ ’ਚ ਜੁੜੀਆਂ ਹੁੰਦੀਆਂ ਹਨ। ਬਾਰਿਸ਼ ਦੇ ਪਾਣੀ ਦੀ ਸੱਮਸਿਆ ਬਾਰੇ ਗੱਲ ਕਰਦਿਆਂ ਆਮ ਲੋਕ ਸੀਵਰੇਜ ਪ੍ਰਣਾਲੀ ਦਾ ਕਸੂਰ ਕੱਢਦੇ ਹਨ ਜਦਕਿ ਇਹ ਸਰਾਸਰ ਗ਼ਲਤ ਗੱਲ ਹੈ। ਸੀਵਰੇਜ ਨੇ ਤਾਂ ਗੰਦਾ ਪਾਣੀ ਹੀ ਖਿੱਚਣਾ ਹੈ। ਬਾਰਿਸ਼ ਦੇ ਪਾਣੀ ਲਈ ਸਟਾਰਮ ਸੀਵਰ ਵਿਛਾਏ ਜਾਂਦੇ ਹਨ। ਹੁਣ ਇਹ ਸਟਾਰਮ ਸੀਵਰ ਕੀ ਬਲਾ ਹੈ? ਸਟਾਰਮ ਸੀਵਰ ਇਕ

ਅੱਜਕਲ ਬਾਰਿਸ਼ ਦਾ ਮੌਸਮ ਹੈ ਅਤੇ ਬਾਰਿਸ਼ ਦੀਆਂ ਖ਼ਬਰਾਂ ਟੀਵੀ ’ਤੇ ਖ਼ੂਬ ਚੱਲ ਰਹੀਆਂ ਹਨ। ਇਨ੍ਹਾਂ ਖ਼ਬਰਾਂ ’ਚ ਹਰ ਸ਼ਹਿਰ ਬਾਰੇ ਇਕ ਗੱਲ ਸਾਂਝੀ ਹੁੰਦੀ ਹੈ ਕਿ ਸੜਕਾਂ ਗਲੀਆਂ ਅਤੇ ਘਰਾਂ ’ਚ ਪਾਣੀ ਇਕੱਠਾ ਹੋ ਗਿਆ। ਲੋਕਾਂ ਦਾ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋ ਗਿਆ। ਇਹ ਹਰ ਛੋਟੇ ਵੱਡੇ ਸ਼ਹਿਰ ਦੀ ਕਹਾਣੀ ਹੈ, ਜਿਹੜੀ ਹਰ ਸਾਲ ਦੋਹਰਾਈ ਜਾਂਦੀ ਹੈ। ਲੋਕ ਦੁਖੀ ਹੁੰਦੇ ਹਨ। ਸਰਕਾਰ ਨੂੰ ਸ਼ਿਕਾਇਤ ਕਰਦੇ ਹਨ ਤੇ ਸਰਕਾਰ ਵਾਅਦੇ ਕਰ ਕੇ ਟਾਲ ਦਿੰਦੀ ਹੈ ਤੇ ਇੰਜ ਹਰ ਵਾਰ ਬਰਸਾਤ ਦਾ ਮੌਸਮ ਲੰਘ ਜਾਂਦਾ ਹੈ। ਛੋਟੀਆਂ ਵੱਡੀਆਂ ਚੋਣਾਂ ਆਉਂਦੀਆਂ ਹਨ ਪਰ ਉਦੋਂ ਵੀ ਬਹੁਤ ਘੱਟ ਲੋਕ ਇਸ ਮਸਲੇ ਵੱਲ ਉਮੀਦਵਾਰ ਦਾ ਧਿਆਨ ਦਿਵਾਉਂਦੇ ਹਨ। ਉਦੋਂ ਵੀ ਨੇਤਾ ਵਾਅਦੇ ਕਰ ਕੇ ਵੋਟਾਂ ਲੈ ਜਾਂਦੇ ਹਨ ਤੇ ‘ਪਰਨਾਲਾ ਓਥੇ ਦਾ ਓਥੇ।’ ਜੇਕਰ ਕੋਈ ਸਥਾਨਕ ਸਰਕਾਰ ਇਸ ਬਾਰੇ ਸੋਚਦੀ ਹੈ ਤਾਂ ਇਹ ਕਰਦੀ ਹੈ ਕਿ ਸੜਕਾਂ ’ਤੇ ਨਵੇਂ ਪਾਈਪ ਵਿਛਾ ਕੇ ਬਾਰਿਸ਼ ਦੇ ਪਾਣੀ ਨੂੰ ਸੀਵਰ ਲਾਈਨ ਨਾਲ ਜੋੜ ਦਿੱਤਾ ਜਾਂਦਾ ਹੈ। ਬਸ ਇੱਥੇ ਹੀ ਪੇਚ ਫ਼ਸਦਾ ਹੈ। ਸੀਵਰ ਲਾਈਨਾਂ ਬਾਰਿਸ਼ ਦੇ ਪਾਣੀ ਨੂੰ ਖਿੱਚਣ ਦੇ ਸਮਰੱਥ, ਆਮ ਤੌਰ ’ਤੇ ਨਹੀਂ ਹੁੰਦੀਆਂ। ਉਨ੍ਹਾਂ ਦੇ ਪਾਈਪ ਛੋਟੇ ਵਿਆਸ ਦੇ ਹੋਣ ਕਰਕੇ ਉਨ੍ਹਾਂ ਦੀ ਸਮਰੱਥਾ ਘੱਟ ਹੁੰਦੀ ਹੈ। ਉਹ ਸੀਵਰ ਦਾ ਗੰਦ ਖਿੱਚ ਸਕਦੀਆਂ ਹਨ ਪਰ ਬਾਰਿਸ਼ ਦੇ ਪਾਣੀ ਨੂੰ ਖਿੱਚਣ ’ਚ ਬਹੁਤ ਸਮਾਂ ਲਗਾਉਂਦੀਆਂ ਹਨ। ਸਿੱਟੇ ਵਜੋਂ ਨੀਵੇਂ ਇਲਾਕਿਆਂ ’ਚ ਸੀਵਰ ਲਾਈਨਾਂ ’ਚੋਂ ਪਾਣੀ ਬਾਹਰ ਆ ਕੇ ਸੜਕਾਂ ਗਲੀਆਂ ਅਤੇ ਘਰਾਂ ’ਚ ਜਾ ਵੜਦਾ ਹੈ। ਨਵੀਆਂ ਸੀਵਰ ਲਾਈਨਾਂ ਵਿਛਾਉਣ ਨਾਲ ਇਹ ਮਸਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਕਿਉਂਕਿ ਨੀਵੇਂ ਇਲਾਕਿਆਂ ’ਚ ਹੋਰ ਵੱਧ ਇਲਾਕਿਆਂ ਦਾ ਪਾਣੀ ਆ ਜਾਂਦਾ ਹੈ ਕਿਉਂਕਿ ਸੀਵਰ ਲਾਈਨਾਂ ਆਪਸ ’ਚ ਜੁੜੀਆਂ ਹੁੰਦੀਆਂ ਹਨ। ਬਾਰਿਸ਼ ਦੇ ਪਾਣੀ ਦੀ ਸੱਮਸਿਆ ਬਾਰੇ ਗੱਲ ਕਰਦਿਆਂ ਆਮ ਲੋਕ ਸੀਵਰੇਜ ਪ੍ਰਣਾਲੀ ਦਾ ਕਸੂਰ ਕੱਢਦੇ ਹਨ ਜਦਕਿ ਇਹ ਸਰਾਸਰ ਗ਼ਲਤ ਗੱਲ ਹੈ। ਸੀਵਰੇਜ ਨੇ ਤਾਂ ਗੰਦਾ ਪਾਣੀ ਹੀ ਖਿੱਚਣਾ ਹੈ। ਬਾਰਿਸ਼ ਦੇ ਪਾਣੀ ਲਈ ਸਟਾਰਮ ਸੀਵਰ ਵਿਛਾਏ ਜਾਂਦੇ ਹਨ। ਹੁਣ ਇਹ ਸਟਾਰਮ ਸੀਵਰ ਕੀ ਬਲਾ ਹੈ? ਸਟਾਰਮ ਸੀਵਰ ਇਕ ਵੱਖਰਾ ਸਿਸਟਮ ਹੈ, ਜਿਹੜਾ ਸਿਰਫ਼ ਬਾਰਿਸ਼ ਦੇ ਪਾਣੀ ਲਈ ਬਣਾਇਆ ਜਾਂਦਾ ਹੈ। ਸਾਡੇ ਦੇਸ਼ ਦੀ ਬਦਕਿਸਮਤੀ ਵੇਖ ਲਓ ਕਿ ਪੰਜਾਬ ’ਚ ਕਿਤੇ ਵੀ ਸਟਾਰਮ ਸੀਵਰ ਨਹੀਂ ਹੈ। ਬਹੁਤੇ ਲੋਕਾਂ ਨੂੰ ਕੀ ਬਹੁਤੇ ਨੇਤਾਵਾਂ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ। ਜੇਕਰ ਨਹੀਂ ਇਤਬਾਰ ਤਾਂ ਅੱਜ ਹੀ ਆਪਣੇ ਇਲਾਕੇ ਦੇ ਨੇਤਾਵਾਂ ਨੂੰ ਪੁੱਛ ਕੇ ਵੇਖ ਲਓ ਤੇ ਜੇਕਰ ਲੋਕਾਂ ਨੂੰ ਅਤੇ ਨੇਤਾਵਾਂ ਨੂੰ ਹੀ ਮਸਲੇ ਦੇ ਹੱਲ ਦਾ ਨਹੀਂ ਪਤਾ ਤਾਂ ਕੀ ਸਰਕਾਰ ਦਾ ਦਿਮਾਗ਼ ਖ਼ਰਾਬ ਹੈ ਕਿ ਉਹ ਬਿਨਾਂ ਮੰਗਿਆਂ ਕੋਈ ਸਹੂਲਤ ਤੁਹਾਨੂੰ ਦੇ ਦੇਵੇ? ਇਸ ਮਸਲੇ ਨੂੰ ਸਮਝਣ ਲਈ ਬਟਾਲੇ ’ਚ ਮਿਸਾਲ ਵੇਖਣੀ ਹੋਵੇ ਤਾਂ ਸਿੰਬਲ ਚੌਕ ਤੋਂ ਲੈ ਕੇ ਢਾਈ ਕਿਲੋਮੀਟਰ ਕਾਹਨੂੰਵਾਨ ਰੋਡ ’ਤੇ ਬਣੇ ਹੰਸਲੀ ਦੇ ਪੁਲ ਤੱਕ ਦੇ ਉੱਤਰ ਵਾਲੇ ਪਾਸੇ ਦੇ ਬਾਰਿਸ਼ ਦੇ ਪਾਣੀ ਦੇ ਨਿਕਾਸ ਦਾ ਕੋਈ ਪ੍ਰਬੰਧ ਨਹੀਂ ਹੈ। ਨਤੀਜੇ ਵਜੋਂ ਲੋਕਾਂ ਨੂੰ ਅੱਧੇ ਘੰਟੇ ਦੀ ਬਾਰਿਸ਼ ਨਾਲ ਸਾਰਾ ਸਾਰਾ ਦਿਨ ਜੂਝਣਾਂ ਪੈਂਦਾ ਹੈ। ਸਿਰਫ਼ ਇੱਕੋ ਪੁਲੀ ਜਿਹੜੀ 2014 ’ਚ ਸਾਡੇ ਵੱਲੋਂ ਮਨਜ਼ੂਰ ਕਰਵਾਈ ਗਈ ਸੀ ਅਤੇ 2017 ’ਚ ਬਣੀ ਸੀ ਕੁਝ ਪਾਣੀ ਖਿੱਚਦੀ ਹੈ ਪਰ ਦੋ ਕਿਲਮੀਟਰ ਹੋਰ ਸੀਵਰ ਲਾਈਨ ਨੂੰ ਇਸ ਨਾਲ ਜੋੜਨ ਨਾਲ ਸਮੱਸਿਆ ਬਹੁਤ ਗੰਭੀਰ ਹੋ ਗਈ ਹੈ। ਪਾਣੀ ਇਕ ਪਾਸੇ ਡੱਕਿਆ ਰਹਿੰਦਾ ਹੈ ਜਦਕਿ ਸੜਕ ਦੇ ਦੱਖਣੀ ਪਾਸੇ ਹੰਸਲੀ ਨਾਲੇ ’ਚ ਪਾਣੀ ਹੀ ਨਹੀਂ ਹੁੰਦਾ। ਇਸ ਦੇ ਹੱਲ ਲਈ ਸੜਕ ਹੇਠਾਂ ਪੁਲੀਆਂ ਬਣਾ ਕੇ ਬਾਰਿਸ਼ ਦੇ ਪਾਣੀ ਨੂੰ ਹੰਸਲੀ ’ਚ ਸੁੱਟਣ ਦਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਹੈ। ਹੁਣ ਜੇਕਰ ਤੁਸੀਂ ਬਾਰਿਸ਼ ਦੇ ਪਾਣੀ ਤੋਂ ਦੁਖੀ ਹੋ ਤਾਂ ਸੀਵਰੇਜ ਸਿਸਟਮ ਦਾ ਦੋਸ਼ ਨਾ ਕੱਢਿਆ ਕਰੋ ਬਲਕਿ ਸਰਕਾਰ ਤੋਂ ਸਟੋਰਮ ਸੀਵਰ ਦੀ ਮੰਗ ਕਰਿਆ ਕਰੋ।
ਕੁਲਬੀਰ ਸੱਗੂ, ਗੁਰਦਾਸਪੁਰ।