- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਮਣੇ ਬੈਠੇ ਇਕ ਨੌਜਵਾਨ ਦੀਆਂ ਨਜ਼ਰਾਂ ਇੱਧਰ-ਉੱਧਰ ਘੁੰਮਦੀਆਂ ਉਸ ਦੀ ਬੇਚੈਨੀ ਬਿਆਨ ਰਹੀਆਂ ਸਨ ਅਤੇ ਉਸ ਦੇ ਅੰਦਰਲੀ ਕਾਹਲੀ ਚਿਹਰੇ ਤੋਂ ਸਪੱਸ਼ਟ ਦਿਸ ਰਹੀ ਸੀ ਪਰ ਇੱਥੇ ਕਿਹੜਾ ਕੋਈ ਆਪਣਾ ਜਾਣਕਾਰ ਹੈ ਜਿਹੜਾ ਮਿੰਟਾਂ ਵਿਚ ਪਹਿਲਾਂ ਵਾਰੀ ਲਗਵਾ ਦੇਵੇ। ਗਹੁ ਨਾਲ ਦੇਖਣ ’ਤੇ ਸਾਰੇ ਚਿਹਰਿਆਂ ’ਤੇ ਉਦਾਸੀ, ਚਿੰਤਾ, ਤਕਲੀਫ਼ ਤੇ ਬੈਠਣ ਦੀ ਮਜਬੂਰੀ ਸਾਫ਼ ਨਜ਼ਰ ਆ ਰਹੀ ਸੀ।

ਅਸੀਂ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਬੇਸ਼ੱਕ ਅਸੀਂ ਦਿਨ ’ਚ ਹੀ ਡਾਕਟਰ ਸਾਬ੍ਹ ਨੂੰ ਰਿਪੋਰਟਾਂ ਦਿਖਾ ਕੇ ਸਲਾਹ ਲੈ ਲਈ ਸੀ ਤੇ ਸ਼ਾਮ ਦੀ ਸ਼ਿਫਟ ਦਾ ਨੰਬਰ ਲਵਾ ਦਿੱਤਾ ਸੀ ਤਾਂ ਕਿ ਸ਼ਾਮ ਨੂੰ ਜਲਦੀ ਵਾਰੀ ਆ ਜਾਵੇ। ਸਾਢੇ ਕੁ ਛੇ ਵਜੇ ਅਸੀਂ ਡਾਕਟਰ ਸਾਬ੍ਹ ਦੀ ਕੋਠੀ ਪਹੁੰਚ ਕੇ ਉਨ੍ਹਾਂ ਦੇ ਕੈਬਿਨ ਦੇ ਬਾਹਰ ਮਰੀਜ਼ਾਂ ਨੂੰ ਵਾਰੀ ਸਿਰ ਅੰਦਰ ਭੇਜਣ ਵਾਲ਼ੀ ਕੁਰਸੀ ’ਤੇ ਬੈਠੀ ਰਿਸੈਪਸ਼ਨਿਸਟ ਨੂੰ ਆਪਣੇ ਨੰਬਰ ਬਾਬਤ ਪੁੱਛਿਆ।
‘ਤੁਸੀਂ ਬੈਠੋ, ਬਸ ਹੁਣੇ ਹੀ ਦਸ ਕੁ ਮਿੰਟ ਤੱਕ ਤੁਹਾਨੂੰ ਅੰਦਰ ਭੇਜਦੇ ਹਾਂ।’ ਉਸ ਨੇ ਕਿਹਾ। ਵਾਰੀ ਦੀ ਉਡੀਕ ਕਰਨ ਲਈ ਮਰੀਜ਼ਾਂ ਦੇ ਬੈਠਣ ਵਾਸਤੇ ਕੈਬਿਨ ਦੇ ਬਾਹਰ ਕੁਝ ਕੁਰਸੀਆਂ ਤੇ ਲੰਬੇ ਸਟੂਲ ਲੱਗੇ ਹੋਏ ਸਨ। ਮਰੀਜ਼ ਅਤੇ ਉਨ੍ਹਾਂ ਦੇ ਨਾਲ ਆਏ ਪਰਿਵਾਰਕ ਮੈਂਬਰ ਖ਼ਮੋਸ਼ ਬੈਠੇ ਵਾਰੀ ਲਈ ਆਪਣਾ ਨਾਮ ਬੋਲਣ ਦਾ ਇੰਤਜ਼ਾਰ ਕਰ ਰਹੇ ਸਨ। ਉੱਥੇ ਬੈਠੇ ਸਾਰਿਆਂ ਦੇ ਚਿਹਰੇ ਅਲੱਗ-ਅਲੱਗ ਦਾਸਤਾਨ ਬਿਆਨ ਕਰਦੇ ਨਜ਼ਰ ਆ ਰਹੇ ਸਨ।
ਸਾਹਮਣੇ ਬੈਠੇ ਇਕ ਨੌਜਵਾਨ ਦੀਆਂ ਨਜ਼ਰਾਂ ਇੱਧਰ-ਉੱਧਰ ਘੁੰਮਦੀਆਂ ਉਸ ਦੀ ਬੇਚੈਨੀ ਬਿਆਨ ਰਹੀਆਂ ਸਨ ਅਤੇ ਉਸ ਦੇ ਅੰਦਰਲੀ ਕਾਹਲੀ ਚਿਹਰੇ ਤੋਂ ਸਪੱਸ਼ਟ ਦਿਸ ਰਹੀ ਸੀ ਪਰ ਇੱਥੇ ਕਿਹੜਾ ਕੋਈ ਆਪਣਾ ਜਾਣਕਾਰ ਹੈ ਜਿਹੜਾ ਮਿੰਟਾਂ ਵਿਚ ਪਹਿਲਾਂ ਵਾਰੀ ਲਗਵਾ ਦੇਵੇ। ਗਹੁ ਨਾਲ ਦੇਖਣ ’ਤੇ ਸਾਰੇ ਚਿਹਰਿਆਂ ’ਤੇ ਉਦਾਸੀ, ਚਿੰਤਾ, ਤਕਲੀਫ਼ ਤੇ ਬੈਠਣ ਦੀ ਮਜਬੂਰੀ ਸਾਫ਼ ਨਜ਼ਰ ਆ ਰਹੀ ਸੀ।
ਸਿਆਣੇ ਕਹਿੰਦੇ ਹੁੰਦੇ ਹਨ ਕਿ ਦੁੱਖ-ਤਕਲੀਫ਼, ਰੋਗ ਤੁਹਾਡੇ ਕਰਮਾਂ ਦਾ ਫ਼ਲ ਹੁੰਦਾ ਹੈ। ਕਿਸੇ ਸਮੇਂ ਜਾਣੇ-ਅਣਜਾਣੇ, ਇਸ ਜਨਮ ਜਾਂ ਪਿਛਲੇ ਜਨਮ ਦੇ ਕੀਤੇ ਮਾੜੇ ਕਰਮਾਂ ਦਾ ਹਿਸਾਬ ਰੋਗ ਦੇ ਰੂਪ ਵਿਚ ਦੇਣਾ ਪੈਂਦਾ ਹੈ ਪਰ ਅੱਜ ਦਾ ਵਿਗਿਆਨਕ ਯੁੱਗ ਪਿਛਲੇ ਜਨਮ ਤੇ ਕਰਮਾਂ ਨੂੰ ਨਹੀਂ ਮੰਨਦਾ। ਉਹ ਸਾਡੇ ਖਾਣ-ਪੀਣ, ਸਾਫ਼-ਸਫ਼ਾਈ, ਸਰੀਰ ਦੀ ਹਿਲਜੁਲ ਨਾ ਹੋਣਾ ਭਾਵ ਹੱਥੀਂ ਕੰਮ ਨਾ ਕਰਨਾ, ਜੀਵਨਸ਼ੈਲੀ ’ਚ ਬਦਲਾਅ ਆਦਿ ਨੂੰ ਰੋਗਾਂ ਨਾਲ ਜੋੜ ਕੇ ਦੇਖਦਾ ਹੈ ਜੋ ਸਹੀ ਵੀ ਲੱਗਦਾ ਹੈ।
ਖ਼ੈਰ! ਰੋਗ ਕਰਮਾਂ ਦਾ ਫ਼ਲ ਹੈ ਜਾਂ ਗ਼ਲਤ ਜੀਵਨਸ਼ੈਲੀ, ਇਹ ਇਕ ਵੱਖਰਾ ਵਿਸ਼ਾ ਹੈ ਪਰ ਮੇਰਾ ਦਿਲ ਬਾਹਰ ਵਾਰੀ ਦੀ ਉਡੀਕ ਕਰ ਰਹੇ ਇਕ ਵਿਅਕਤੀ ਜੋ ਆਪਣੀ ਗਰਭਵਤੀ ਪਤਨੀ ਨੂੰ ਲੈ ਕੇ ਆਇਆ ਸੀ, ਨੂੰ ਦੇਖ ਕੇ ਬੜਾ ਬੇਚੈਨ ਹੋਈ ਜਾ ਰਿਹਾ ਸੀ। ਉਹ ਸ਼ਾਇਦ ਆਪਣੀ ਦਿਹਾੜੀ ਖ਼ਤਮ ਕਰ ਕੇ ਬਿਨਾਂ ਹੱਥ-ਪੈਰ ਧੋਤਿਆਂ ਹੀ ਫਟਾਫਟ ਆਪਣੀ ਪਤਨੀ ਨੂੰ ਲੈ ਕੇ ਚੈੱਕਅੱਪ ਕਰਾਉਣ ਲਈ ਬੈਠਿਆ ਹੋਇਆ ਸੀ। ਉਸ ਦੀ ਪਤਨੀ ਤਕਲੀਫ਼ ਵਿਚ ਲੱਗ ਰਹੀ ਸੀ।
ਉਹ ਕਦੇ ਡਾਕਟਰ ਦੇ ਕੈਬਿਨ ਵੱਲ ਅਤੇ ਕਦੇ ਆਪਣੀ ਪਤਨੀ ਵੱਲ ਦੇਖਦਾ। ਉਸ ਦੇ ਕੱਪੜੇ ਸੀਮੈਂਟ ਨਾਲ ਲਿੱਬੜੇ ਹੋਏ ਸਨ, ਪੈਰਾਂ ਵਿਚ ਚੱਪਲਾਂ ਤੇ ਸਿਰ ’ਤੇ ਬੰਨ੍ਹੀ ਪੱਗ ਉੱਤੇ ਲੱਗਿਆ ਸੀਮੈਂਟ ਦਿਨ ਭਰ ਬੋਰੀਆਂ ਚੁੱਕਣ ਅਤੇ ਮਿਹਨਤ-ਮੁਸ਼ੱਕਤ ਦੀ ਸਾਫ਼ ਗਵਾਹੀ ਭਰ ਰਹੇ ਸਨ। ਥੋੜ੍ਹੇ ਚਿਰ ਬਾਅਦ ਰਿਸੈਪਸ਼ਨਿਸਟ ਨੇ ਉਸ ਦੀ ਪਤਨੀ ਦਾ ਨਾਂ ਬੋਲਿਆ ਅਤੇ ਉਹ ਚੈੱਕਅੱਪ ਲਈ ਅੰਦਰ ਚਲੇ ਗਏ। ਮੈਂ ਸੋਚ ਰਿਹਾ ਸੀ ਕਿ ਉਸ ਦੀ ਅੱਜ ਦੀ ਕਮਾਈ ਪੰਜ-ਸੱਤ ਸੌ ਰੁਪਏ ਨਾਲ ਤਾਂ ਡਾਕਟਰ ਦੀ ਫੀਸ ਹੀ ਉਤਰੇਗੀ। ਦਵਾਈ ਤੇ ਚੁੱਲ੍ਹੇ-ਚੌਂਕੇ ਦਾ ਕੀ ਬਣਦਾ ਹੋਵੇਗਾ।
ਮੌਜੂਦਾ ਦੌਰ ਵਿਚ ਗ਼ਰੀਬ ਲਈ ਚੰਗਾ ਇਲਾਜ ਕਰਾਉਣਾ ਮੁਸ਼ਕਲ ਹੀ ਨਹੀਂ, ਅਸੰਭਵ ਹੋ ਗਿਆ ਹੈ। ਖਾਣ-ਪੀਣ ਤੋਂ ਲੈ ਕੇ ਪਹਿਨਣ ਤੱਕ ਸਭ ਚੀਜ਼ਾਂ ਦੀ ਮਹਿੰਗਾਈ ਦੀ ਅੱਤ ਹੋ ਚੁੱਕੀ ਹੈ। ਆਮ ਆਦਮੀ ਦਾ ਜੀਣਾ ਬੇਹਾਲ ਹੋਇਆ ਪਿਆ ਹੈ। ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਸਿੱਖਿਆ ਤੇ ਸਿਹਤ ਅਹਿਮ ਹਨ ਜਿਹੜੀਆਂ ਕਿਸੇ ਮੁਲਕ ਨੂੰ ਵਿਕਾਸਸ਼ੀਲ ਤੋਂ ਵਿਕਸਤ ਹੋਣ ਵੱਲ ਲੈ ਕੇ ਜਾਂਦੀਆ ਹਨ ਪਰ ਅਫ਼ਸੋਸ, ਇਨ੍ਹਾਂ ਦਾ ਸਾਡੇ ਮੁਲਕ ਵਿਚ ਹਾਲ ਕਿਸੇ ਤੋਂ ਲੁਕਿਆ ਹੋਇਆ ਨਹੀਂ ਹੈ।
ਸਬੰਧਤ ਵਿਭਾਗਾਂ ਦੀ ਬਿਹਤਰੀ ਤੇ ਸਹੂਲਤ ਸੰਪੰਨਤਾ ਸਿਰਫ਼ ਕਾਗਜ਼ਾਂ ਵਿਚ ਹੀ ਨਜ਼ਰ ਆਉਂਦੀ ਹੈ ਜੋ ਕੇਵਲ ਅੰਕੜਿਆਂ ਦੀ ਖੇਡ ਕਰਕੇ ਸ਼ਾਇਦ ਚੰਗੀ ਲੱਗਦੀ ਹੋਵੇ ਪਰ ਜੋ ਸੱਚਾਈ ਹੈ, ਉਹ ਕੋਹਾਂ ਦੂਰ ਹੈ ਜਿਸ ਕਰਕੇ ਪਤਾ ਨਹੀਂ ਕਿੰਨੇ ਕੁ ਲੋਕ ਚੰਗੇ ਇਲਾਜ ਖੁਣੋਂ ਇਸ ਜਹਾਨੋਂ ਤੁਰ ਜਾਂਦੇ ਹਨ। ਸਰਕਾਰੀ ਹਸਪਤਾਲਾਂ ਵਿਚ ਹੁੰਦੀ ਖੱਜਲ-ਖੁਆਰੀ ਅਤੇ ਮਰੀਜ਼ਾਂ ਨੂੰ ਦੇਖਣ ਦਾ ਸਮਾਂ ਸਿਰਫ਼ ਦੋ-ਢਾਈ ਵਜੇ ਤੱਕ ਹੁੰਦਾ ਹੈ।
ਡਾਕਟਰਾਂ ਦੁਆਰਾ ਲਿਖੇ ਟੈਸਟਾਂ ਲਈ ਬਲੱਡ ਲੈਣ ਵਾਲੀ ਖਿੜਕੀ ਸਿਰਫ਼ ਬਾਰਾਂ ਵਜੇ ਤੱਕ ਖੁੱਲ੍ਹੀ ਰਹਿੰਦੀ ਹੈ। ਅਨੋਖੀ ਗੱਲ ਇਹ ਹੈ ਕਿ ਜੇ ਡਾਕਟਰ ਦੋ-ਢਾਈ ਵਜੇ ਤੱਕ ਚੈੱਕਅੱਪ ਕਰ ਰਿਹਾ ਹੈ ਤਾਂ ਬਲੱਡ ਟੈਸਟ ਵੀ ਓਨੇ ਵਜੇ ਤੱਕ ਕਿਉਂ ਨਹੀਂ ਕੀਤੇ ਜਾਂਦੇ, ਸ਼ਾਇਦ ਕੋਈ ਪੁੱਛਣ ਵਾਲਾ ਹੀ ਨਹੀਂ। ਜੇਕਰ ਕਿਸੇ ਢਿੱਲ-ਮੱਠ ਲਈ ਡਾਕਟਰ ਨੂੰ ਮਿਲਣਾ ਹੈ ਤਾਂ ਕਿਰਤੀ/ਮਜ਼ਦੂਰ ਨੂੰ ਆਪਣੀ ਦਿਹਾੜੀ ਛੱਡਣੀ ਪਵੇਗੀ।
ਫਿਰ ਕਿਹੜਾ ਪਤਾ ਹੈ ਕਿ ਉਸ ਦਿਨ ਹੀ ਮਰੀਜ਼ ਦੇ ਟੈਸਟ ਤੇ ਦਵਾਈ ਦਾ ਪ੍ਰਬੰਧ ਹੋ ਜਾਵੇਗਾ ਜਾਂ ਨਹੀਂ। ਸਰਕਾਰ ਨੂੰ ਅਜਿਹੀ ਵੀ ਕੋਈ ਵਿਵਸਥਾ ਕਰਨੀ ਚਾਹੀਦੀ ਹੈ ਕਿ ਡਾਕਟਰ ਪੂਰਾ ਦਿਨ ਉਪਲਬਧ ਹੋਣ, ਇਸ ਲਈ ਉਨ੍ਹਾਂ ਦੀਆਂ ਡਿਊਟੀਆਂ ਸ਼ਿਫਟਾਂ ਵਿਚ ਲਗਾਉਣ ਦਾ ਬੰਦੋਬਸਤ ਹੋਣਾ ਚਾਹੀਦਾ ਹੈ ਤਾਂ ਕਿ ਦਿਨ ਵਿਚ ਵਿਅਕਤੀ ਕਿਸੇ ਵੀ ਸਮੇਂ ਆਪਣੀ ਸੁਵਿਧਾ ਮੁਤਾਬਕ ਡਾਕਟਰ ਨੂੰ ਮਿਲ ਸਕੇ।
ਅੱਜ ਲੋੜ ਹੈ ਸਰਕਾਰਾਂ ਨੂੰ ਇਨ੍ਹਾਂ ਦੋ ਮੁੱਖ ਲੋੜਾਂ ਵੱਲ ਧਿਆਨ ਦੇਣ ਦੀ ਕਿਉਂਕਿ ਜਿਨ੍ਹਾਂ ਦੇਸ਼ਾਂ ਦੇ ਬਹੁ-ਗਿਣਤੀ ਲੋਕ ਸਿੱਖਿਅਤ ਅਤੇ ਸਿਹਤ ਪੱਖੋਂ ਤੰਦਰੁਸਤ ਹੁੰਦੇ ਹਨ, ਉਹ ਦੇਸ਼ ਤੇਜ਼ ਰਫ਼ਤਾਰ ਨਾਲ ਤਰੱਕੀ ਕਰਦੇ ਹੋਏ ਸੰਸਾਰ ਦੇ ਨਕਸ਼ੇ ਵਿਚ ਉੱਭਰਵਾਂ ਸਥਾਨ ਹਾਸਲ ਕਰ ਲੈਂਦੇ ਹਨ। ਸਾਡੀਆਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਬੇਲਗਾਮ ਹੋਈ ਮਹਿੰਗਾਈ ਨੂੰ ਨੱਥ ਪਾਉਣ ਤਾਂ ਜੋ ਗ਼ਰੀਬ ਲੋਕ ਢਿੱਡ ਭਰ ਕੇ ਰੋਟੀ ਖਾ ਸਕਣ।
ਸਾਡੇ ਦੇਸ਼ ਵਿਚ ਅਜੇ ਵੀ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ ਜਿਨ੍ਹਾਂ ਨੂੰ ਭੁੱਖੇ ਹੀ ਸੌਣਾ ਪੈਂਦਾ ਹੈ, ਬਿਮਾਰੀ ਦਾ ਇਲਾਜ ਤਾਂ ਦੂਰ ਦੀ ਗੱਲ ਹੈ। ਮੁਲਕ ’ਤੇ ਸ਼ਾਸਨ ਕਰਦੇ ਸਿਆਸਤਦਾਨਾਂ ਨੂੰ ਇਹ ਸੋਚ-ਵਿਚਾਰ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਨੂੰ ਇਸ ਜਨਤਾ ਨੇ ਹੀ ਆਪਣੀ ਵੋਟ ਰਾਹੀਂ ਕੁਰਸੀ ’ਤੇ ਬਿਠਾਇਆ ਹੈ ਅਤੇ ਰਾਜ ਕਰਨ ਦਾ ਮੌਕਾ ਦਿੱਤਾ ਹੈ। ਫਿਰ ਕਿਉਂ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਸਮੇਂ ਸਿਰ ਮੁਹੱਈਆ ਨਹੀਂ ਕਰਵਾਈਆਂ ਜਾਂਦੀਆਂ।
ਲੋਕਾਂ ਨੂੰ ਮਜਬੂਰਨ ਪ੍ਰਾਈਵੇਟ ਹਸਪਤਾਲਾਂ ਵਿਚ ਮਹਿੰਗੇ ਇਲਾਜ ਦੇ ਚੁੰਗਲ ਵਿਚ ਫਸਣਾ ਪੈਂਦਾ ਹੈ। ਸੋ, ਕੇਂਦਰ ਤੇ ਸੂਬਾ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਲੋਕਾਂ ਲਈ ਉੱਨਤ ਡਾਕਟਰੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਅਜਿਹਾ ਇਸ ਲਈ ਕਿਉਂਕਿ ਸਿੱਖਿਅਤ ਤੇ ਸਿਹਤਮੰਦ ਸਮਾਜ ਹੀ ਦੇਸ਼ ਦਾ ਅਸਲ ਸਰਮਾਇਆ ਹੁੰਦਾ ਹੈ ਜਿਸ ਨੇ ਇਸ ਨੂੰ ਅੱਗੇ ਲੈ ਕੇ ਜਾਣਾ ਹੈ।
-ਲਾਭ ਸਿੰਘ ਸ਼ੇਰਗਿੱਲ
-ਮੋਬਾਈਲ : 86995-35708