ਕੇਂਦਰੀ ਮੰਤਰੀ ਹਰਦੀਪ ਪੁਰੀ ਇਸ ਸੀਟ ਤੋਂ ਲੜਨਗੇ ਰਾਜ ਸਭਾ ਜ਼ਿਮਨੀ ਚੋਣ, ਐੱਲ. ਮੁਰੁਗਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ ਸੀਟ
PM Narendra Modi ਦੀ ਕੈਬਨਿਟ 'ਚ ਇਕਲੌਤੇ ਸਿੱਖ ਮੰਤਰੀ ਹਰਦੀਪ ਸਿੰਘ ਪੁਰੀ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦਾ ਮੌਜੂਦਾ ਰਾਜ ਸਭਾ ਕਾਰਜਕਾਲ ਨਵੰਬਰ 'ਚ ਖ਼ਤਮ ਹੋ ਰਿਹਾ ਹੈ।
Publish Date: Wed, 28 Oct 2026 02:47 PM (IST)
Updated Date: Wed, 28 Oct 2026 02:55 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਬੁੱਧਵਾਰ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਮੱਧ ਪ੍ਰਦੇਸ਼ ਤੋਂ ਰਾਜ ਸਭਾ ਦੀ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਨਿਆ ਹੈ। ਇਹ ਸੀਟ ਭਾਜਪਾ ਦੇ ਸੀਨੀਅਰ ਆਗੂ ਐੱਲ. ਮੁਰੁਗਨ ਵੱਲੋਂ ਅਕਤੂਬਰ ਦੀ ਸ਼ੁਰੂਆਤ 'ਚ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋਈ ਸੀ। ਮੁਰੁਗਨ ਵੱਲੋਂ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ ਕਾਰਨ ਇਸ ਸੀਟ 'ਤੇ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।
ਮੋਦੀ ਕੈਬਨਿਟ 'ਚ ਅਹਿਮ ਜ਼ਿੰਮੇਵਾਰੀ
ਹਰਦੀਪ ਸਿੰਘ ਪੁਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ ਦੇ ਪ੍ਰਮੁੱਖ ਮੈਂਬਰਾਂ 'ਚ ਸ਼ਾਮਲ ਹਨ। ਉਹ ਇਸ ਸਮੇਂ ਕੇਂਦਰੀ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਐੱਲ. ਮੁਰੁਗਨ ਵੱਲੋਂ ਰਾਜ ਸਭਾ ਦੀ ਮੈਂਬਰਸ਼ਿਪ ਅਤੇ ਮੰਤਰਾਲੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੇਂਦਰ ਦੀ ਐੱਨਡੀਏ ਸਰਕਾਰ 'ਚ ਕੈਬਨਿਟ ਫੇਰਬਦਲ ਦੀਆਂ ਕਿਆਸਅਰਾਈਆਂ ਹੋਰ ਤੇਜ਼ ਹੋ ਗਈਆਂ ਹਨ। ਇਸ ਦੇ ਨਾਲ ਹੀ ਹਰਦੀਪ ਸਿੰਘ ਪੁਰੀ ਦੀ ਸਿਆਸੀ ਭੂਮਿਕਾ ਅਤੇ ਭਵਿੱਖ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਅਟਕਲਾਂ 'ਤੇ ਵੀ ਵਿਰਾਮ ਲੱਗ ਗਿਆ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਬਨਿਟ 'ਚ ਇਕਲੌਤੇ ਸਿੱਖ ਮੰਤਰੀ ਹਰਦੀਪ ਸਿੰਘ ਪੁਰੀ ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼ ਤੋਂ ਬਿਨਾਂ ਮੁਕਾਬਲਾ ਰਾਜ ਸਭਾ ਲਈ ਚੁਣੇ ਗਏ ਸਨ। ਉਨ੍ਹਾਂ ਦਾ ਮੌਜੂਦਾ ਰਾਜ ਸਭਾ ਕਾਰਜਕਾਲ ਨਵੰਬਰ 'ਚ ਖ਼ਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਭਾਜਪਾ ਨੇ ਉੱਤਰ ਪ੍ਰਦੇਸ਼ 'ਚ ਹੋਣ ਵਾਲੀਆਂ ਰਾਜ ਸਭਾ ਚੋਣਾਂ ਲਈ ਅੱਠ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਸੀ, ਤਾਂ ਉਸ ਸੂਚੀ 'ਚ ਹਰਦੀਪ ਸਿੰਘ ਪੁਰੀ ਦਾ ਨਾਂ ਸ਼ਾਮਲ ਨਹੀਂ ਸੀ। ਪਾਰਟੀ ਹੁਣ ਤਕ ਹਰਦੀਪ ਸਿੰਘ ਪੁਰੀ ਨੂੰ ਦੋ ਵਾਰ ਰਾਜ ਸਭਾ ਭੇਜ ਚੁੱਕੀ ਹੈ। ਉਨ੍ਹਾਂ ਨੇ ਲੋਕ ਸਭਾ ਚੋਣ ਵੀ ਲੜੀ ਸੀ, ਪਰ ਉਸ 'ਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।