ਗੁੰਮਟੀ ਵਿਖੇ ਚੋਰਾਂ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ; ਇੱਕੋ ਰਾਤ 'ਚ 7 ਕਿਸਾਨਾਂ ਦੇ ਟਰਾਂਸਫਾਰਮਰ ਚੋਰੀ, ਪ੍ਰਸ਼ਾਸਨ ਅੱਗੇ ਗੁਹਾਰ ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁੰਮਟੀ ਵਿਖੇ ਬੀਤੀ ਰਾਤ ਚੋਰ ਗਿਰੋਹ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸੱਤ ਕਿਸਾਨਾਂ ਦੇ ਖੇਤਾਂ ’ਚ ਲੱਗੇ ਖੇਤੀਬਾੜੀ ਵਾਲੇ ਟਿਊਬਵੈੱਲਾਂ ਦੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਟਰਾਂਸਫਾਰਮਰਾਂ ਦੀ ਭੰਨਤੋੜ ਕਰਕੇ ਉਨ੍ਹਾਂ ’ਚੋਂ ਕੀਮਤੀ ਤਾਂਬਾ, ਤੇਲ ਅਤੇ ਕਈ ਥਾਵਾਂ ਤੋਂ ਪੂਰੇ ਟਰਾਂਸਫਾਰਮਰ ਹੀ ਚੋਰੀ ਕਰ ਲਏ। ਇਸ ਘਟਨਾ ਨਾਲ ਪੀੜਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਖੇਤੀਬਾੜੀ ਦੇ ਕੰਮ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
Publish Date: Fri, 10 Jul 2026 02:53 PM (IST)
Updated Date: Fri, 10 Jul 2026 02:55 PM (IST)
ਜਸਵੀਰ ਸਿੰਘ ਵਜੀਦਕੇ, ਪੰਜਾਬੀ ਜਾਗਰਣ, ਮਹਿਲ ਕਲਾਂ - ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਗੁੰਮਟੀ ਵਿਖੇ ਬੀਤੀ ਰਾਤ ਚੋਰ ਗਿਰੋਹ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸੱਤ ਕਿਸਾਨਾਂ ਦੇ ਖੇਤਾਂ ’ਚ ਲੱਗੇ ਖੇਤੀਬਾੜੀ ਵਾਲੇ ਟਿਊਬਵੈੱਲਾਂ ਦੇ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਟਰਾਂਸਫਾਰਮਰਾਂ ਦੀ ਭੰਨਤੋੜ ਕਰਕੇ ਉਨ੍ਹਾਂ ’ਚੋਂ ਕੀਮਤੀ ਤਾਂਬਾ, ਤੇਲ ਅਤੇ ਕਈ ਥਾਵਾਂ ਤੋਂ ਪੂਰੇ ਟਰਾਂਸਫਾਰਮਰ ਹੀ ਚੋਰੀ ਕਰ ਲਏ। ਇਸ ਘਟਨਾ ਨਾਲ ਪੀੜਤ ਕਿਸਾਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ, ਜਦਕਿ ਖੇਤੀਬਾੜੀ ਦੇ ਕੰਮ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਇਸ ਮੌਕੇ ਪੀੜਤ ਕਿਸਾਨਾਂ ਬਹਾਦਰ ਸਿੰਘ, ਰੇਵਲ ਸਿੰਘ, ਦਰਸ਼ਨ ਸਿੰਘ ਗੁੰਮਟੀ ਤੇ ਗੁਰਮੇਲ ਸਿੰਘ ਠੁੱਲੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਗੁੰਮਟੀ ਤੋਂ ਠੁੱਲੀਵਾਲ ਨੂੰ ਜਾਂਦੀ ਲਿੰਕ ਸੜਕ ਦੇ ਨਾਲ ਲੱਗਦੇ ਖੇਤਾਂ ’ਚ ਬੀਤੀ ਰਾਤ ਇੱਕ ਸੁਚੱਜੇ ਢੰਗ ਨਾਲ ਸਰਗਰਮ ਚੋਰ ਗਿਰੋਹ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰਾਂ ਨੇ ਖੇਤੀ ਲਈ ਲੱਗੇ ਸਰਕਾਰੀ ਟਰਾਂਸਫਾਰਮਰਾਂ ਨੂੰ ਤੋੜਕੇ ਉਨ੍ਹਾਂ ’ਚੋਂ ਤਾਂਬਾ, ਤੇਲ ਅਤੇ ਹੋਰ ਕੀਮਤੀ ਸਮਾਨ ਕੱਢ ਲਿਆ, ਜਦਕਿ ਕੁਝ ਟਰਾਂਸਫਾਰਮਰ ਆਪਣੇ ਨਾਲ ਹੀ ਲੈ ਗਏ। ਕਿਸਾਨਾਂ ਨੇ ਦੱਸਿਆ ਕਿ ਬਹਾਦਰ ਸਿੰਘ, ਸੁਰਜੀਤ ਸਿੰਘ, ਹਾਕਮ ਸਿੰਘ, ਅਜੈਬ ਸਿੰਘ, ਧਰਮਿੰਦਰ ਸਿੰਘ ਅਤੇ ਕੁਲਦੀਪ ਸਿੰਘ ਦੇ 25 ਕੇ.ਵੀ. ਸਮਰੱਥਾ ਵਾਲੇ ਟਰਾਂਸਫਾਰਮਰ, ਜਦਕਿ ਦਰਸ਼ਨ ਸਿੰਘ ਦੇ ਖੇਤ ’ਚ ਲੱਗਾ 63 ਕੇਵੀ ਟਰਾਂਸਫਾਰਮਰ ਚੋਰਾਂ ਦਾ ਨਿਸ਼ਾਨਾ ਬਣਿਆ। ਇਹ ਸਾਰੇ ਟਰਾਂਸਫਾਰਮਰ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਸਿੰਚਾਈ ਦੀ ਸਹੂਲਤ ਦੇਣ ਲਈ ਲਗਾਏ ਗਏ ਸਨ। ਉਨ੍ਹਾਂ ਦੱਸਿਆ ਕਿ ਸਵੇਰੇ ਜਦੋਂ ਕਿਸਾਨ ਆਪਣੇ ਖੇਤਾਂ ’ਚ ਫਸਲਾਂ ਦੀ ਦੇਖਭਾਲ ਅਤੇ ਪਸ਼ੂਆਂ ਲਈ ਹਰਾ ਚਾਰਾ ਲੈਣ ਪਹੁੰਚੇ ਤਾਂ ਟਰਾਂਸਫਾਰਮਰਾਂ ਦੀ ਹਾਲਤ ਵੇਖਕੇ ਉਨ੍ਹਾਂ ਦੇ ਹੋਸ਼ ਉੱਡ ਗਏ। ਮੌਕੇ 'ਤੇ ਟਰਾਂਸਫਾਰਮਰ ਟੁੱਟੇ ਹੋਏ ਸਨ ਅਤੇ ਉਨ੍ਹਾਂ ’ਚੋਂ ਕੀਮਤੀ ਤਾਂਬਾ, ਤੇਲ ਅਤੇ ਹੋਰ ਸਮਾਨ ਗਾਇਬ ਸੀ। ਇੱਕੋ ਇਲਾਕੇ ’ਚ ਸੱਤ ਟਰਾਂਸਫਾਰਮਰਾਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਪੂਰੇ ਇਲਾਕੇ ਦੇ ਕਿਸਾਨਾਂ ’ਚ ਡਰ ਅਤੇ ਚਿੰਤਾ ਦਾ ਮਾਹੌਲ ਬਣ ਗਿਆ ਹੈ।
ਪੀੜਤ ਕਿਸਾਨਾਂ ਨੇ ਦੋਸ਼ ਲਾਇਆ ਕਿ ਪਿਛਲੇ ਕੁਝ ਸਮੇਂ ਤੋਂ ਖੇਤਾਂ ’ਚ ਚੋਰੀ ਦੀਆਂ ਘਟਨਾਵਾਂ ’ਚ ਵਾਧਾ ਹੋ ਰਿਹਾ ਹੈ, ਪਰ ਚੋਰਾਂ 'ਤੇ ਅਜੇ ਤੱਕ ਪ੍ਰਭਾਵਸ਼ਾਲੀ ਕਾਰਵਾਈ ਨਾ ਹੋਣ ਕਾਰਨ ਉਨ੍ਹਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਿਰੋਹ ਦਾ ਜਲਦ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਖੇਤੀਬਾੜੀ ਖੇਤਰ ’ਚ ਰਾਤ ਸਮੇਂ ਪੁਲਿਸ ਗਸ਼ਤ ਵਧਾਈ ਜਾਵੇ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ। ਘਟਨਾ ਦੀ ਸੂਚਨਾ ਮਿਲਣ ਉਪਰੰਤ ਕਿਸਾਨਾਂ ਨੇ ਥਾਣਾ ਠੁੱਲੀਵਾਲ ਪੁਲਿਸ ਨੂੰ ਜਾਣੂ ਕਰਵਾਇਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਦੋਂ ਥਾਣਾ ਠੁੱਲੀਵਾਲ ਦੇ ਮੁਖੀ ਅਜੈਬ ਸਿੰਘ ਬਰਨਾਲਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਪਿੰਡ ਗੁੰਮਟੀ ਦੇ ਕਿਸਾਨਾਂ ਵੱਲੋਂ ਟਰਾਂਸਫਾਰਮਰ ਚੋਰੀ ਦੀ ਸੂਚਨਾ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਵਾਰਦਾਤ ’ਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।