- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੇਤੀ ਮਾਹਿਰਾਂ ਅਨੁਸਾਰ ਮੌਜੂਦਾ ਖੁਸ਼ਕ ਮੌਸਮ ਚਿੱਟੀ ਮੱਖੀ ਦੇ ਫੈਲਾਅ ਲਈ ਅਨੁਕੂਲ ਹੈ। ਹਾਲਾਂਕਿ ਇਸ ਵੇਲੇ ਹਮਲਾ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਸਮੇਂ ਸਿਰ ਨਿਗਰਾਨੀ ਅਤੇ ਵਿਗਿਆਨਕ ਤਰੀਕਿਆਂ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਵਿਭਾਗ ਵੱਲੋਂ ਹਫ਼ਤੇ ਵਿੱਚ ਦੋ ਵਾਰ ਨਰਮੇ ਦੀ ਫ਼ਸਲ ਦਾ ਸਰਵੇ ਕੀਤਾ ਜਾ ਰਿਹਾ ਹੈ ਤਾਂ ਜੋ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮੌਜੂਦਗੀ ਦਾ ਸਮੇਂ ਸਿਰ ਪਤਾ ਲੱਗ ਸਕੇ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ: ਮਾਲਵਾ ਖੇਤਰ ਵਿੱਚ ਨਰਮੇ ਦੀ ਫ਼ਸਲ ਲਈ ਗੁਲਾਬੀ ਸੁੰਡੀ ਤੋਂ ਬਾਅਦ ਹੁਣ ਚਿੱਟੀ ਮੱਖੀ ਦਾ ਖ਼ਤਰਾ ਵੀ ਸਾਹਮਣੇ ਆ ਗਿਆ ਹੈ। ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿੱਚ ਦੋ ਥਾਵਾਂ ਤੋਂ ਚਿੱਟੀ ਮੱਖੀ ਦੇ ਪਤੰਗੇ ਮਿਲਣ ਤੋਂ ਬਾਅਦ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੂਰੀ ਤਰ੍ਹਾਂ ਅਲਰਟ ਹੋ ਗਿਆ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਨਿਰਦੇਸ਼ਾਂ 'ਤੇ ਨਰਮੇ ਦੀ ਬਿਜਾਈ ਵਾਲੇ ਹਰ ਪਿੰਡ ਵਿੱਚ ਇੱਕ-ਇੱਕ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਵਿਭਾਗੀ ਟੀਮਾਂ ਨੂੰ ਖੇਤਾਂ ਦੀ ਨਿਯਮਿਤ ਨਿਗਰਾਨੀ ਕਰਨ ਅਤੇ ਕਿਸਾਨਾਂ ਨੂੰ ਤੁਰੰਤ ਸਲਾਹ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ।
ਖੇਤੀ ਮਾਹਿਰਾਂ ਅਨੁਸਾਰ ਮੌਜੂਦਾ ਖੁਸ਼ਕ ਮੌਸਮ ਚਿੱਟੀ ਮੱਖੀ ਦੇ ਫੈਲਾਅ ਲਈ ਅਨੁਕੂਲ ਹੈ। ਹਾਲਾਂਕਿ ਇਸ ਵੇਲੇ ਹਮਲਾ ਸ਼ੁਰੂਆਤੀ ਪੜਾਅ ਵਿੱਚ ਹੈ ਅਤੇ ਸਮੇਂ ਸਿਰ ਨਿਗਰਾਨੀ ਅਤੇ ਵਿਗਿਆਨਕ ਤਰੀਕਿਆਂ ਨਾਲ ਇਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਵਿਭਾਗ ਵੱਲੋਂ ਹਫ਼ਤੇ ਵਿੱਚ ਦੋ ਵਾਰ ਨਰਮੇ ਦੀ ਫ਼ਸਲ ਦਾ ਸਰਵੇ ਕੀਤਾ ਜਾ ਰਿਹਾ ਹੈ ਤਾਂ ਜੋ ਗੁਲਾਬੀ ਸੁੰਡੀ ਅਤੇ ਚਿੱਟੀ ਮੱਖੀ ਦੀ ਮੌਜੂਦਗੀ ਦਾ ਸਮੇਂ ਸਿਰ ਪਤਾ ਲੱਗ ਸਕੇ।
ਚਿੱਟੀ ਮੱਖੀ ਪੌਦਿਆਂ ਦਾ ਰਸ ਚੂਸ ਕੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੰਦੀ ਹੈ, ਜਿਸ ਨਾਲ ਪੈਦਾਵਾਰ 'ਤੇ ਮਾੜਾ ਅਸਰ ਪੈਂਦਾ ਹੈ। ਇਸ ਲਈ ਕਿਸਾਨਾਂ ਨੂੰ ਆਪਣੇ ਖੇਤਾਂ ਦਾ ਨਿਯਮਿਤ ਨਿਰੀਖਣ ਕਰਨ ਅਤੇ ਕਿਸੇ ਵੀ ਤਰ੍ਹਾਂ ਦੇ ਹਮਲੇ ਦੀ ਸੂਚਨਾ ਤੁਰੰਤ ਖੇਤੀਬਾੜੀ ਵਿਭਾਗ ਨੂੰ ਦੇਣ ਲਈ ਕਿਹਾ ਗਿਆ ਹੈ।
ਹਰ ਪਿੰਡ ਵਿੱਚ ਨੋਡਲ ਅਫ਼ਸਰ, ਕਿਸਾਨਾਂ ਨੂੰ ਚੌਕਸ ਰਹਿਣ ਦੀ ਅਪੀਲ
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਗੁਲਾਬੀ ਸੁੰਡੀ ਦੇ ਨਾਲ-ਨਾਲ ਚਿੱਟੀ ਮੱਖੀ ਦੇ ਪਤੰਗੇ ਵੀ ਮਿਲੇ ਹਨ, ਪਰ ਅਜੇ ਇਹ ਆਰਥਿਕ ਨੁਕਸਾਨ ਪੱਧਰ (ETL) ਤੋਂ ਹੇਠਾਂ ਹਨ। ਉਨ੍ਹਾਂ ਦੱਸਿਆ ਕਿ ਹਰ ਪਿੰਡ ਵਿੱਚ ਇੱਕ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨਾਂ ਨੂੰ ਘਬਰਾਉਣ ਦੀ ਬਜਾਏ ਚੌਕਸ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸੇ ਵੀ ਖੇਤ ਵਿੱਚ ਚਿੱਟੀ ਮੱਖੀ ਜਾਂ ਗੁਲਾਬੀ ਸੁੰਡੀ ਦੇ ਲੱਛਣ ਨਜ਼ਰ ਆਉਣ 'ਤੇ ਤੁਰੰਤ ਵਿਭਾਗ ਨਾਲ ਸੰਪਰਕ ਕੀਤਾ ਜਾਵੇ।
ਪੀਏਯੂ ਨੇ ਨਰਮੇ ਦੀ ਫ਼ਸਲ ਵਿੱਚ ਕੀੜਿਆਂ ਦੀ ਰੋਕਥਾਮ ਲਈ ਐਡਵਾਈਜ਼ਰੀ ਜਾਰੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਨੇ ਨਰਮੇ ਦੀ ਫ਼ਸਲ ਵਿੱਚ ਕੀੜਿਆਂ ਦੀ ਸਰਵਪੱਖੀ ਰੋਕਥਾਮ ਲਈ ਕਿਸਾਨਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ। ਖੇਤੀਬਾੜੀ ਮਾਹਿਰ ਵਿਜੇ ਕੁਮਾਰ ਨੇ ਕਿਹਾ ਕਿ ਕਿਸਾਨ ਖੇਤਾਂ ਦਾ ਨਿਯਮਿਤ ਸਰਵੇਖਣ ਕਰਨ ਅਤੇ ਬੇਲੋੜੇ ਕੀੜੇਮਾਰ ਦਵਾਈਆਂ ਦੇ ਛਿੜਕਾਅ ਤੋਂ ਬਚਣ। ਉਨ੍ਹਾਂ ਕਿਹਾ ਕਿ ਹਰੇ ਤੇਲੇ, ਗੁਲਾਬੀ ਸੁੰਡੀ ਅਤੇ ਚਿਤਕਬਰੀ ਸੁੰਡੀ ਦੀ ਰੋਕਥਾਮ ਲਈ ਸਿਰਫ਼ ਸਿਫ਼ਾਰਸ਼ੀ ਦਵਾਈਆਂ ਦੀ ਹੀ ਵਰਤੋਂ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਹਰੇ ਤੇਲੇ ਲਈ ਛਿੜਕਾਅ ਉਸ ਸਮੇਂ ਕੀਤਾ ਜਾਵੇ, ਜਦੋਂ 50 ਫੀਸਦੀ ਬੂਟਿਆਂ ਦੇ ਪੱਤੇ ਕਿਨਾਰਿਆਂ ਤੋਂ ਪੀਲੇ ਹੋ ਕੇ ਹੇਠਾਂ ਵੱਲ ਮੁੜਨ ਲੱਗਣ। ਇਸੇ ਤਰ੍ਹਾਂ ਗੁਲਾਬੀ ਸੁੰਡੀ ਅਤੇ ਚਿਤਕਬਰੀ ਸੁੰਡੀ ਲਈ ਵੀ ਫ਼ਸਲ ਦੀ ਅਵਸਥਾ ਅਨੁਸਾਰ ਹੀ ਛਿੜਕਾਅ ਕੀਤਾ ਜਾਵੇ। ਪੀਏਯੂ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਕੀੜੇ ਦੇ ਹਮਲੇ ਦੀ ਸਥਿਤੀ ਵਿੱਚ ਖੇਤੀ ਮਾਹਿਰਾਂ ਦੀ ਸਲਾਹ ਲੈ ਕੇ ਹੀ ਦਵਾਈ ਦੀ ਵਰਤੋਂ ਕੀਤੀ ਜਾਵੇ।
ਨਰਮੇ ਦਾ ਵੱਡਾ ਰਕਬਾ ਮਾਲਵਾ ਵਿੱਚ
ਇਸ ਵਾਰ ਪੰਜਾਬ ਵਿੱਚ ਕਰੀਬ 78 ਹਜ਼ਾਰ ਹੈਕਟੇਅਰ ਰਕਬੇ ਵਿੱਚ ਨਰਮੇ ਦੀ ਬਿਜਾਈ ਹੋਈ ਹੈ। ਇਸ ਵਿੱਚੋਂ ਲਗਭਗ 70 ਹਜ਼ਾਰ ਹੈਕਟੇਅਰ ਰਕਬਾ ਬਠਿੰਡਾ, ਮਾਨਸਾ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਵਿੱਚ ਹੈ। ਖੇਤੀ ਮਾਹਿਰਾਂ ਨੇ ਕਿਸਾਨਾਂ ਨੂੰ ਬਿਨਾਂ ਸਲਾਹ ਕੀੜੇਮਾਰ ਦਵਾਈਆਂ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਹੈ, ਕਿਉਂਕਿ ਗਲਤ ਜਾਂ ਗੈਰ-ਜ਼ਰੂਰੀ ਛਿੜਕਾਅ ਨਾਲ ਕੀੜਿਆਂ ਵਿੱਚ ਦਵਾਈਆਂ ਪ੍ਰਤੀ ਰੋਧਕ ਸਮਰੱਥਾ ਵਿਕਸਤ ਹੋ ਸਕਦੀ ਹੈ।