ਪਿੰਡ ਗੁਰਥੜੀ ਦੇ 16 ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਅਪਰੇਸ਼ਨ ਕਰਵਾਏ ਪਿੰਡ ਗੁਰਥੜੀ ਦੇ 16 ਮਰੀਜ਼ਾਂ ਦੇ ਮੁਫ਼ਤ ਅੱਖਾਂ ਦੇ ਅਪਰੇਸ਼ਨ ਕਰਵਾਏ
Publish Date: Wed, 28 Oct 2026 05:53 PM (IST)
Updated Date: Wed, 28 Oct 2026 05:55 PM (IST)
ਧਰਮਪਾਲ ਸਿੰਘ, ਪੰਜਾਬੀ ਜਾਗਰਣ ਸੰਗਤ ਮੰਡੀ, ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਵੱਲੋਂ ਸਮਾਜ ਸੇਵਾ ਤਹਿਤ ਪਿੰਡ ਗੁਰਥੜੀ ਵਿਖੇ ਲਗਾਏ ਗਏ ਮੁਫ਼ਤ ਅੱਖਾਂ ਦੀ ਜਾਂਚ ਕੈਂਪ ਦੌਰਾਨ ਅਪਰੇਸ਼ਨ ਲਈ ਚੁਣੇ ਗਏ 16 ਮਰੀਜ਼ਾਂ ਦੇ ਬਠਿੰਡਾ ਸਥਿਤ ਗੁਰੂ ਨਾਨਕ ਆਈ ਕੇਅਰ ਸੈਂਟਰ ਵਿਖੇ ਮੁਫ਼ਤ ਅਪਰੇਸ਼ਨ ਕੀਤੇ ਗਏ। ਇਹ ਆਪਰੇਸ਼ਨ ਡਾਕਟਰ ਹਰਜੀਤ ਸਿੰਘ ਦੀ ਅਗਵਾਈ ਹੇਠ ਕੀਤੇ ਗਏ। ਆਪਰੇਸ਼ਨ ਤੋਂ ਬਾਅਦ ਡਾਕਟਰ ਹਰਜੀਤ ਸਿੰਘ ਆਪਣੀ ਟੀਮ ਸਮੇਤ ਪਿੰਡ ਗੁਰਥੜੀ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ, ਜਿੱਥੇ ਮਰੀਜ਼ਾਂ ਦੀਆਂ ਅੱਖਾਂ ਤੋਂ ਪੱਟੀਆਂ ਖੋਲ੍ਹੀਆਂ ਗਈਆਂ। ਇਸ ਮੌਕੇ ਮਰੀਜ਼ਾਂ ਨੂੰ ਲੋੜੀਂਦੀਆਂ ਦਵਾਈਆਂ ਅਤੇ ਐਨਕਾਂ ਵੀ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਓਮ ਸੰਨਜ਼ ਮਾਰਕੀਟਿੰਗ ਪ੍ਰਾਈਵੇਟ ਲਿਮਟਿਡ ਦੇ ਆਰਡੀ ਅਗਰਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਨੇ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਮਰੀਜ਼ਾਂ ਨੂੰ ਫਲ-ਫਰੂਟ ਵੀ ਵੰਡੇ ਗਏ। ਇਸ ਮੌਕੇ ਸਾਬਕਾ ਸਰਪੰਚ ਧਰਮਪਾਲ ਸਿੰਘ ਅਤੇ ਸਰਪੰਚ ਕਾਲਾ ਸਿੰਘ ਨੇ ਡਾਕਟਰ ਹਰਜੀਤ ਸਿੰਘ, ਉਨ੍ਹਾਂ ਦੀ ਸਮੁੱਚੀ ਟੀਮ ਤੇ ਆਰਡੀ ਅਗਰਵਾਲ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਨੇ ਇਸ ਨੇਕ ਉਪਰਾਲੇ ਲਈ ਸੰਸਥਾ ਅਤੇ ਡਾਕਟਰੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਜ ਸੇਵੀ ਕਾਰਜ ਲੋੜਵੰਦ ਲੋਕਾਂ ਲਈ ਵੱਡੀ ਰਾਹਤ ਸਾਬਤ ਹੁੰਦੇ ਹਨ।