- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈਸਰਖਾਨਾ ਮੰਦਰ ’ਤੇ ਕਬਜ਼ੇ ਦੀ ਕੋਸ਼ਿਸ਼ ਦੀ ਭਾਜਪਾ ਨੇ ਕੀਤੀ ਸਖਤ ਨਿੰਦਾ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਠਿੰਡਾ ਦਿਹਾਤੀ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰਸਿੱਧ ਪ੍ਰਾਚੀਨ ਮਾਈਸਰ ਖਾਨਾ ਮੰਦਰ ਵਿੱਚ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਕਬਜ਼ੇ ਦੀ ਨੀਅਤ ਨਾਲ ਦਾਖ਼ਲ ਹੋਣ ਅਤੇ ਬੇਅਦਬੀ ਕਰਨ ਦੀ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਮੌੜ ਦੇ ਵਿਧਾਇਕ ਵੱਲੋਂ ਵੀ ਮੰਦਰ ’ਤੇ ਕਬਜ਼ਾ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲਾਕਿ ਵਿਧਾਇਕ ਨੇ ਇਨ੍ਹਾਂ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਮੰਦਰ ਕਮੇਟੀ ਦੇ ਪ੍ਰਧਾਨ ਅਤੇ ਮੈਂਬਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਧਾਇਕ ਦੇ ਰਿਸ਼ਤੇਦਾਰ ਆਪਣੇ ਸੈਂਕੜੇ ਸਾਥੀਆਂ ਸਮੇਤ ਮਾਈਸਰ ਖਾਨਾ ਦੇ ਵਿਸ਼ਵ ਪ੍ਰਸਿੱਧ ਮਾਤਾ ਦੇ ਮੰਦਰ ਵਿੱਚ ਦਾਖ਼ਲ ਹੋਏ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਦੌਰਾਨ ਕਮੇਟੀ ਮੈਂਬਰਾਂ ਨਾਲ ਕਥਿਤ ਤੌਰ ’ਤੇ ਧੱਕੇਸ਼ਾਹੀ ਕੀਤੀ ਗਈ, ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਅਤੇ ਗਾਲੀ-ਗਲੋਚ ਵੀ ਕੀਤੀ ਗਈ। ਮਲੂਕਾ ਨੇ ਕਿਹਾ ਕਿ ਮੰਦਰ ਕਮੇਟੀ ਮੈਂਬਰਾਂ ਨੂੰ ਬਾਹਰ ਜਾਣ ਲਈ ਕਹਿਣਾ ਅਤੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਗੁੰਡਾਗਰਦੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਕਤ ਲੋਕਾਂ ਵੱਲੋਂ ਜੁੱਤੀਆਂ ਸਮੇਤ ਮੰਦਰ ਵਿੱਚ ਦਾਖ਼ਲ ਹੋ ਕੇ ਧਾਰਮਿਕ ਸਥਾਨ ਦੀ ਮਰਿਆਦਾ ਨੂੰ ਠੇਸ ਪਹੁੰਚਾਈ ਗਈ। ਭਾਜਪਾ ਆਗੂ ਨੇ ‘ਆਪ’ ਦੀ ਸਰਕਾਰ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਵੱਲੋਂ ਲੋਕਾਂ ਅਤੇ ਕੁਦਰਤੀ ਸਰੋਤਾਂ ਦੀ ਕਥਿਤ ਲੁੱਟ ਕੀਤੀ ਜਾ ਰਹੀ ਹੈ। ਹੁਣ ਸਰਕਾਰ ਲੋਕਾਂ ਦੀ ਅਥਾਹ ਸ਼ਰਧਾ ਨਾਲ ਜੁੜੇ ਧਾਰਮਿਕ ਸਥਾਨਾਂ ’ਤੇ ਵੀ ਕਬਜ਼ਾ ਕਰਨਾ ਚਾਹੁੰਦੀ ਹੈ। ਮਾਈਸਰ ਖਾਨਾ ਮੰਦਰ ਸਿਰਫ਼ ਪੰਜਾਬ ਹੀ ਨਹੀਂ, ਸਗੋਂ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦਾ ਕੇਂਦਰ ਹੈ। ਖ਼ਾਸ ਤੌਰ ’ਤੇ ਨਵਰਾਤਰਿਆਂ ਦੌਰਾਨ ਲੱਗਣ ਵਾਲਾ ਮਸ਼ਹੂਰ ਮੇਲਾ ਵਿਸ਼ਵ ਪੱਧਰ ’ਤੇ ਪ੍ਰਸਿੱਧ ਹੈ। ਅਜਿਹੇ ਧਾਰਮਿਕ ਸਥਾਨ ’ਤੇ ਕਬਜ਼ੇ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਮਾਮਲੇ ਵਿੱਚ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ। ਇਸ ਮੌਕੇ ਜਸਪ੍ਰੀਤ ਸਿੰਘ ਜੱਸਾ, ਗੁਰਜੀਤ ਸਿੰਘ ਗੋਰਾ, ਬੂਟਾ ਭਾਈਰੂਪਾ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜ਼ਰ ਸਨ।