ਮਾਨਸਾ 'ਚ ਕਿਸਾਨਾਂ 'ਤੇ ਹੋਏ ਪੁਲਿਸ ਜਬਰ ਖ਼ਿਲਾਫ਼ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੌੜ ਥਾਣੇ ਅੱਗੇ ਰੋਸ ਧਰਨਾ ਮਾਨਸਾ 'ਚ ਕਿਸਾਨਾਂ 'ਤੇ ਹੋਏ ਪੁਲਿਸ ਜਬਰ ਖ਼ਿਲਾਫ਼ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਮੌੜ ਥਾਣੇ ਅੱਗੇ ਰੋਸ ਧਰਨਾ
Publish Date: Wed, 28 Oct 2026 05:07 PM (IST)
Updated Date: Wed, 28 Oct 2026 05:07 PM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ ਮੌੜ ਮੰਡੀ ਮਾਨਸਾ ਪੁਲਿਸ ਵੱਲੋਂ ਪਿੰਡ ਭੰਮੇ ਕਲਾਂ ਦੇ ਨੌਜਵਾਨ ਦਲਜੀਤ ਸਿੰਘ ਦੀ ਲਾਸ਼ ਕਬਜ਼ੇ ਵਿਚ ਲੈਣ, ਲੋਕਾਂ ਤੇ ਜਬਰ ਢਾਹੁਣ ਤੇ ਪਰਮਿੰਦਰ ਸਿੰਘ ਝੋਟਾ ਇਨਸਾਫ਼ ਕਮੇਟੀ ਦੇ ਸੰਘਰਸ਼ ਦੀ ਹਮਾਇਤ ਵਿਚ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ਤੇ ਬਲਾਕ ਮੌੜ ਮੰਡੀ ਦੇ ਪੁਲਿਸ ਥਾਣੇ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੌਰਾਨ ਕਿਸਾਨਾਂ, ਮਜ਼ਦੂਰਾਂ ਤੇ ਔਰਤਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਜਸਵੀਰ ਸਿੰਘ ਸੇਮਾ ਤੇ ਬਲਾਕ ਆਗੂ ਗੁਰਜੀਤ ਸਿੰਘ ਬੰਗੇਹਰ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਨਸ਼ਿਆਂ ਤੋਂ ਪੀੜਤ ਲੋਕਾਂ ਨੂੰ ਇਨਸਾਫ਼ ਦੇਣ ਦੀ ਬਜਾਏ ਪੁਲਿਸ ਨੂੰ ਛੋਟਾਂ ਦੇ ਕੇ ਪੰਜਾਬ ਵਿਚ ਪੁਲਿਸ ਰਾਜ ਕਾਇਮ ਕਰ ਰਹੀ ਹੈ। ਆਗੂਆਂ ਨੇ ਕਿਹਾ ਕਿ ਐੱਸਐੱਸਪੀ ਮਾਨਸਾ ਵੱਲੋਂ ਸ਼ਾਂਤਮਈ ਪ੍ਰਦਰਸ਼ਨ ਨੂੰ ਜਮਹੂਰੀ ਹੱਕ ਦੱਸਣ ਦੇ ਦਾਅਵਿਆਂ ਦੇ ਉਲਟ, ਅੱਜ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਦੀ ਅਗਵਾਈ ਹੇਠ ਮਾਨਸਾ ਜਾ ਰਹੇ ਕਿਸਾਨਾਂ ਤੇ ਔਰਤਾਂ ਦੇ ਕਾਫ਼ਲੇ ਤੇ ਪੁਲਿਸ ਵੱਲੋਂ ਹਮਲਾ ਕੀਤਾ ਗਿਆ, ਜਿਸ ਵਿਚ ਦਰਜਨਾਂ ਕਿਸਾਨ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਾਂਗ ਮੌਜੂਦਾ ਸਰਕਾਰ ਦੇ ਰਾਜ ਵਿਚ ਵੀ ਨਸ਼ਿਆਂ ਦਾ ਕਾਰੋਬਾਰ ਲਗਾਤਾਰ ਵਧ ਰਹਾ ਹੈ। ਨਸ਼ਾ ਰੋਕੂ ਕਮੇਟੀਆਂ ਦੇ ਆਗੂਆਂ ਤੇ ਆਮ ਲੋਕਾਂ ਦੇ ਸ਼ਰੇਆਮ ਕਤਲ ਕੀਤੇ ਜਾ ਰਹੇ ਹਨ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਦਲਜੀਤ ਸਿੰਘ ਦੀ ਲਾਸ਼ ਤੁਰੰਤ ਵਾਰਸਾਂ ਨੂੰ ਸੌਂਪੀ ਜਾਵੇ ਤੇ ਪੁਲਿਸ ਜਬਰ ਬੰਦ ਕੀਤਾ ਜਾਵੇ, ਵੱਡੇ ਨਸ਼ਾ ਤਸਕਰਾਂ, ਪ੍ਰਸ਼ਾਸਨਿਕ ਤੇ ਰਾਜਸੀ ਸਰਪ੍ਰਸਤਾਂ ਤੇ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣ, ਸਿੰਥੈਟਿਕ ਡਰੱਗਜ਼ ਦੀਆਂ ਫੈਕਟਰੀਆਂ ਬੰਦ ਕਰਵਾਈਆਂ ਜਾਣ ਤੇ ਸਰਹੱਦਾਂ ਤੇ ਸਖ਼ਤੀ ਕੀਤੀ ਜਾਵੇ, ਨਸ਼ਾ ਪੀੜਤ ਨੌਜਵਾਨਾਂ ਤੇ ਪਰਚੇ ਦਰਜ ਕਰਨ ਦੀ ਬਜਾਏ ਉਨ੍ਹਾਂ ਦੇ ਮੁੜ-ਵਸੇਬੇ ਲਈ ਅਸਰਦਾਰ ਨੀਤੀ ਅਤੇ ਵਿੱਤੀ ਸਹਾਇਤਾ ਦਿੱਤੀ ਜਾਵੇ। ਇਸ ਧਰਨੇ ਨੂੰ ਸਿਕੰਦਰ ਸਿੰਘ ਘੁੰਮਣ ਕਲਾਂ, ਭੋਲਾ ਸਿੰਘ ਮਾੜੀ, ਅਮਨਦੀਪ ਸਿੰਘ ਮੌੜ ਕਲਾਂ, ਸੁਖਪਾਲ ਸਿੰਘ ਮੌੜ ਅਤੇ ਗੁਰਪ੍ਰੀਤ ਸਿੰਘ ਮੌੜ ਚੜ੍ਹਤ ਨੇ ਵੀ ਸੰਬੋਧਨ ਕੀਤਾ।