- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਅਨੁਸਾਰ ਇਸ ਮਾਮਲੇ ’ਚ ਪਹਿਲਾਂ ਮੁੱਖ ਮੁਲਜ਼ਮ ਨਿੰਬੂ ਨੂੰ ਬਟਾਲਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਸ਼ੋਕ ਤੇ ਆਕਾਸ਼ਦੀਪ ਨਾਮਕ ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਜੂਨ ਮਹੀਨੇ ਵਿਚ ਹੀ ਕਾਬੂ ਕਰ ਲਿਆ ਗਿਆ ਸੀ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਫ਼ੌਜ ਦੀਆਂ ਗਤੀਵਿਧੀਆਂ ਨੂੰ ਪਾਕਿਸਤਾਨ ਭੇਜਣ ਲਈ ਬਠਿੰਡਾ-ਮਲੋਟ ਰੋਡ 'ਤੇ ਜੂਨ ਮਹੀਨੇ ’ਚ ਜਾਸੂਸੀ ਕੈਮਰਾ ਲਗਾਏ ਜਾਣ ਦੇ ਮਾਮਲੇ ’ਚ ਬਠਿੰਡਾ ਪੁਲਿਸ ਨੇ ਚੌਥੇ ਮੁਲਜ਼ਮ ਦਾਨਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਜਨਾਲਾ ਇਲਾਕੇ ਤੋਂ ਕਾਬੂ ਕਰਨ ਮਗਰੋਂ ਸ਼ੁੱਕਰਵਾਰ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਪੁਸ਼ਟੀ ਥਾਣਾ ਥਰਮਲ ਦੇ ਐੱਸਐੱਚਓ ਹਰਜੋਤ ਸਿੰਘ ਨੇ ਕੀਤੀ ਹੈ। ਪੁਲਿਸ ਅਨੁਸਾਰ ਇਸ ਮਾਮਲੇ ’ਚ ਪਹਿਲਾਂ ਮੁੱਖ ਮੁਲਜ਼ਮ ਨਿੰਬੂ ਨੂੰ ਬਟਾਲਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਅਸ਼ੋਕ ਤੇ ਆਕਾਸ਼ਦੀਪ ਨਾਮਕ ਦੋ ਹੋਰ ਮੁਲਜ਼ਮਾਂ ਨੂੰ ਪੁਲਿਸ ਵੱਲੋਂ ਜੂਨ ਮਹੀਨੇ ਵਿਚ ਹੀ ਕਾਬੂ ਕਰ ਲਿਆ ਗਿਆ ਸੀ। ਹੁਣ ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਪੂਰੇ ਮਾਮਲੇ ਦੇ ਨੈੱਟਵਰਕ, ਪਿਛੋਕੜ ਤੇ ਇਸ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਚੌਥੇ ਮੁਲਜ਼ਮ ਦੀ ਗ੍ਰਿਫ਼ਤਾਰੀ ਪਿੱਛੋਂ ਇਸ ਮਾਮਲੇ ’ਚ ਕਈ ਨਵੇਂ ਖੁਲਾਸੇ ਹੋ ਸਕਦੇ ਹਨ। ਪੁਲਿਸ ਸੂਤਰਾਂ ਮੁਤਾਬਕ ਮੁੱਖ ਮੁਲਜ਼ਮ ਨਿੰਬੂ ਤੋਂ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪੁੱਛਗਿੱਛ ’ਚ ਦਾਨਾ ਸਬੰਧੀ ਅਹਿਮ ਜਾਣਕਾਰੀ ਮਿਲੀ ਸੀ। ਇਸੇ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਕਾਰਵਾਈ ਕਰਦਿਆਂ ਦਾਨਾ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਅਜਨਾਲਾ ਤੋਂ ਲਿਆ ਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਅਦਾਲਤ ਤੋਂ ਉਸ ਦਾ ਰਿਮਾਂਡ ਇਸ ਲਈ ਹਾਸਲ ਕੀਤਾ ਹੈ ਤਾਂ ਜੋ ਪੁੱਛਗਿੱਛ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੀ ਪੁਸ਼ਟੀ ਕੀਤੀ ਜਾ ਸਕੇ ਤੇ ਮਾਮਲੇ ਨਾਲ ਜੁੜੇ ਹੋਰ ਪਹਿਲੂਆਂ ਦੀ ਜਾਂਚ ਕੀਤੀ ਜਾ ਸਕੇ।
ਮੁਲਜ਼ਮਾਂ ਦੇ ਆਪਸੀ ਸੰਪਰਕਾਂ, ਉਨ੍ਹਾਂ ਦੀਆਂ ਗਤੀਵਿਧੀਆਂ ਅਤੇ ਸੰਭਾਵਿਤ ਨੈੱਟਵਰਕ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੋਰ ਜਾਂਚ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ। ਮੁੱਖ ਮੁਲਜ਼ਮ ਨਿੰਬੂ ਤੋਂ ਵੱਖ-ਵੱਖ ਪਹਿਲੂਆਂ 'ਤੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਦਕਿ ਪੁਲਿਸ ਉਸ ਦੇ ਸੰਪਰਕਾਂ ਅਤੇ ਸੰਭਾਵਿਤ ਨੈੱਟਵਰਕ ਦੀਆਂ ਕੜੀਆਂ ਜੋੜਨ ’ਚ ਲੱਗੀ ਹੋਈ ਹੈ। ਜਾਂਚ ਦੌਰਾਨ ਪੁਲਿਸ ਤਕਨੀਕੀ ਸਬੂਤਾਂ, ਮੋਬਾਈਲ ਰਿਕਾਰਡ ਤੇ ਹੋਰ ਉਪਲਬਧ ਜਾਣਕਾਰੀਆਂ ਦਾ ਵੀ ਵਿਸ਼ਲੇਸ਼ਣ ਕਰ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਜਾਂਚ ਪੂਰੀ ਹੋਣ ਅਤੇ ਸਾਰੇ ਤੱਥਾਂ ਦੀ ਪੁਸ਼ਟੀ ਤੋਂ ਬਾਅਦ ਹੀ ਮਾਮਲੇ ਨਾਲ ਜੁੜੀ ਵਿਸਥਾਰਪੂਰਵਕ ਜਾਣਕਾਰੀ ਜਨਤਕ ਕੀਤੀ ਜਾਵੇਗੀ। ਫਿਲਹਾਲ ਪੁਲਿਸ ਦਾ ਧਿਆਨ ਇਸ ਮਾਮਲੇ ਨਾਲ ਜੁੜੇ ਪੂਰੇ ਨੈੱਟਵਰਕ ਤੇ ਹੋਰ ਸੰਭਾਵਿਤ ਸਾਥੀਆਂ ਤੱਕ ਪਹੁੰਚਣ 'ਤੇ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਮੁਲਜ਼ਮਾਂ ਨੇ ਪਾਕਿਸਤਾਨ ਬੈਠੇ ਕੁੱਝ ਲੋਕਾਂ ਦੇ ਕਹਿਣ ’ਤੇ ਪੈਸਿਆਂ ਬਦਲੇ ਫੌਜ ਦੀਆਂ ਗਤੀਵਿਧੀਆਂ ਦੀ ਜਾਸੂਸੀ ਲਈ ਇਹ ਕੈਮਰਾ ਲਗਾਇਆ ਸੀ।