ਸਰਕਾਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਮੁਹਾਲੀ ਦਾ ਸਮਾਜ ਸੇਵੀ ਸਰਕਾਰ ਦੀ ਜ਼ਿੰਮੇਵਾਰੀ ਨਿਭਾ ਰਿਹਾ ਮੁਹਾਲੀ ਦਾ ਸਮਾਜ ਸੇਵੀ,
Publish Date: Wed, 28 Oct 2026 06:06 PM (IST)
Updated Date: Wed, 28 Oct 2026 06:07 PM (IST)
8 ਸਾਲਾ ਤੋਂ ਆਪਣੇ ਖ਼ਰਚੇ ’ਤੇ ਭਰ ਰਿਹੈ ਸੜਕਾਂ ਦੇ ਖੱਡੇ ਸੁਨੀਲ ਕੁਮਾਰ ਭੱਟੀ, ਪੰਜਾਬੀ ਜਾਗਰਣ ਡੇਰਾਬੱਸੀ : ਸੜਕਾਂ ਦੀ ਸਾਂਭ-ਸੰਭਾਲ ਕਰਨਾ ਅਤੇ ਉਨ੍ਹਾਂ ’ਤੇ ਪਏ ਖੱਡਿਆਂ ਨੂੰ ਸਮੇਂ ਸਿਰ ਭਰਨਾ ਸਬੰਧਤ ਸਰਕਾਰੀ ਵਿਭਾਗਾਂ ਦੀ ਮੁੱਖ ਜ਼ਿੰਮੇਵਾਰੀ ਹੈ ਪਰ ਜਦੋਂ ਵਿਭਾਗ ਆਪਣੀ ਜ਼ਿੰਮੇਵਾਰੀ ਸਮੇਂ ਸਿਰ ਨਹੀਂ ਨਿਭਾਉਂਦੇ ਤਾਂ ਇਸ ਦਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਅਜਿਹੇ ਹਾਲਾਤ ਵਿਚ ਮੁਹਾਲੀ ਦੇ ਸਮਾਜ ਸੇਵੀ ਅਵਤਾਰ ਸਿੰਘ ਲੋਕਾਂ ਦੀ ਸੁਰੱਖਿਆ ਲਈ ਪਿਛਲੇ 8 ਸਾਲਾਂ ਤੋਂ ਆਪਣੇ ਖ਼ਰਚੇ ’ਤੇ ਸੜਕਾਂ ਦੇ ਖੱਡੇ ਭਰਨ ਦੀ ਸ਼ਲਾਘਾਯੋਗ ਸੇਵਾ ਕਰ ਰਹੇ ਹਨ। ਅਵਤਾਰ ਸਿੰਘ ਆਪਣੀ ਗੱਡੀ ਵਿਚ ਮਲਬਾ ਲੈ ਕੇ ਨਿਕਲਦੇ ਹਨ ਅਤੇ ਰਸਤੇ ਵਿਚ ਜਿੱਥੇ ਵੀ ਕੋਈ ਡੂੰਘਾ ਖੱਡਾ ਦਿਖਾਈ ਦਿੰਦਾ ਹੈ, ਉਸ ਨੂੰ ਤੁਰੰਤ ਭਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਲੜੀ ਤਹਿਤ ਡੇਰਾਬੱਸੀ ਵਿਚ ਚੰਡੀਗੜ੍ਹ-ਅੰਬਾਲਾ ਰੋਡ ਨੇੜੇ ਬਰਵਾਲਾ ਮੋੜ ’ਤੇ ਸੜਕ ਵਿਚ ਪਏ ਇਕ ਖੱਡੇ ਨੂੰ ਅਵਤਾਰ ਸਿੰਘ ਵੱਲੋਂ ਇੱਟਾਂ ਪਾ ਕੇ ਭਰਿਆ ਗਿਆ। ਇਸ ਪੂਰੀ ਘਟਨਾ ਦੀ ਇਕ ਲਾਈਵ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਸਮਾਜ ਸੇਵੀ ਆਪਣੇ ਪੱਧਰ ’ਤੇ ਸੜਕ ਦੇ ਖੱਡੇ ਨੂੰ ਭਰਦੇ ਹੋਏ ਦਿਖਾਈ ਦੇ ਰਹੇ ਹਨ। ਹਾਦਸਿਆਂ ਦਾ ਕਾਰਨ ਬਣਦੇ ਹਨ ਡੂੰਘੇ ਖੱਡੇ : ਅਵਤਾਰ ਸਿੰਘ ਦੀ ਇਹ ਪਹਿਲ ਸੜਕ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਚਿੰਤਾ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਨੂੰ ਦਰਸਾਉਂਦੀ ਹੈ। ਸੜਕਾਂ ’ਤੇ ਪਏ ਡੂੰਘੇ ਖੱਡੇ ਵਾਹਨ ਚਾਲਕਾਂ ਲਈ ਗੰਭੀਰ ਹਾਦਸਿਆਂ ਦਾ ਕਾਰਨ ਬਣਦੇ ਹਨ। ਰਾਤ ਦੇ ਸਮੇਂ ਜਾਂ ਮੀਂਹ ਦੌਰਾਨ ਖੱਡਿਆਂ ਦਾ ਸਹੀ ਅੰਦਾਜ਼ਾ ਨਾ ਲੱਗਣ ਕਾਰਨ ਦੁਪਹੀਆ ਵਾਹਨ ਚਾਲਕਾਂ ਅਤੇ ਹੋਰ ਰਾਹਗੀਰਾਂ ਦੀ ਜਾਨ ਨੂੰ ਹਰ ਵੇਲੇ ਖ਼ਤਰਾ ਬਣਿਆ ਰਹਿੰਦਾ ਹੈ। ਸਰਕਾਰੀ ਕਾਰਗੁਜ਼ਾਰੀ ’ਤੇ ਉੱਠੇ ਸਵਾਲ ਪਿਛਲੇ 8 ਸਾਲਾ ਤੋਂ ਲਗਾਤਾਰ ਇਸ ਸੇਵਾ ’ਚ ਜੁਟੇ ਅਵਤਾਰ ਸਿੰਘ ਦੀ ਕੋਸ਼ਿਸ਼ ਜਿੱਥੇ ਆਮ ਲੋਕਾਂ ਲਈ ਇਕ ਪ੍ਰੇਰਣਾ ਹੈ, ਉੱਥੇ ਹੀ ਇਹ ਸੜਕਾਂ ਦੀ ਮੁਰੰਮਤ ਅਤੇ ਰੱਖ-ਰਖਾਅ ਕਰਨ ਵਾਲੇ ਸਬੰਧਤ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ’ਤੇ ਵੀ ਵੱਡੇ ਸਵਾਲ ਖੜ੍ਹੇ ਕਰਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਬੰਧਤ ਵਿਭਾਗਾਂ ਨੂੰ ਖੱਡਿਆਂ ਦੀ ਸਮੇਂ ਸਿਰ ਪਛਾਣ ਕਰਕੇ ਤੁਰੰਤ ਮੁਰੰਮਤ ਕਰਨੀ ਚਾਹੀਦੀ ਹੈ। ਸਮਾਜ ਸੇਵੀ ਵੱਲੋਂ ਕੀਤਾ ਜਾ ਰਿਹਾ ਇਹ ਉਪਰਾਲਾ ਅਤਿ ਸ਼ਲਾਘਾਯੋਗ ਹੈ, ਪਰ ਸੜਕਾਂ ਨੂੰ ਸੁਰੱਖਿਅਤ ਅਤੇ ਚੱਲਣਯੋਗ ਬਣਾਉਣਾ ਆਖ਼ਰਕਾਰ ਸਰਕਾਰੀ ਵਿਭਾਗਾਂ ਦੀ ਹੀ ਮੁੱਢਲੀ ਜ਼ਿੰਮੇਵਾਰੀ ਹੈ।