ਸਫ਼ਾਈ ਕਰਮਚਾਰੀਆਂ ਦਾ ਲੜੀਵਾਰ ਧਰਨਾ 91ਵੇਂ ਦਿਨ ’ਚ ਦਾਖ਼ਲ ਸਫ਼ਾਈ ਕਰਮਚਾਰੀਆਂ ਦਾ ਲੜੀਵਾਰ ਧਰਨਾ 91ਵੇਂ ਦਿਨ 'ਚ ਦਾਖ਼ਲ
Publish Date: Wed, 28 Oct 2026 07:19 PM (IST)
Updated Date: Wed, 28 Oct 2026 07:22 PM (IST)
ਨਗਰ ਨਿਗਮ ਦੇ ਕਮਿਸ਼ਨਰ ਨੇ ਯੂਨੀਅਨ ਆਗੂਆਂ ਨਾਲ ਕੀਤੀ ਮੀਟਿੰਗ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਬੈਨਰ ਹੇਠ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਸਫ਼ਾਈ ਕਰਮਚਾਰੀਆਂ ਦਾ ਧਰਨਾ ਬੁੱਧਵਾਰ ਨੂੰ 91ਵੇਂ ਦਿਨ ’ਚ ਦਾਖ਼ਲ ਹੋ ਗਿਆ। ਅੱਜ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਸਿੰਘ ਨਾਲ ਜਥੇਬੰਦੀ ਦੇ ਨੁਮਾਇੰਦਿਆਂ ਦੀ ਉੱਚ-ਪੱਧਰੀ ਮੀਟਿੰਗ ਹੋਈ, ਜਿਸ ’ਚ ਸਫ਼ਾਈ ਕਾਮਿਆਂ ਦੀਆਂ ਲਟਕਦੀਆਂ ਮੰਗਾਂ ਅਤੇ ਸਮੱਸਿਆਵਾਂ ’ਤੇ ਗੰਭੀਰ ਚਰਚਾ ਕੀਤੀ ਗਈ। ਪੰਜਾਬ ਸਫ਼ਾਈ ਸੇਵਕ ਯੂਨੀਅਨ ਦੇ ਮੀਤ ਪ੍ਰਧਾਨ ਸ਼ਿਵ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਨਿਗਮ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਡੀਐੱਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਮੌਜੂਦ ਰਹੇ। ਸ਼ਿਵ ਕੁਮਾਰ ਨੇ ਕਰਮਚਾਰੀਆਂ ਦੇ ਪੱਖ ਨੂੰ ਪੂਰੀ ਮਜ਼ਬੂਤੀ ਨਾਲ ਰੱਖਦਿਆਂ ਨਿਗਮ ਕਮਿਸ਼ਨਰ ਨੂੰ ਸਮੱਸਿਆਵਾਂ ਜਲਦੀ ਹੱਲ ਕਰਨ ਦੀ ਗੁਹਾਰ ਲਗਾਈ। ਡੀਐੱਸਪੀ ਹਰਸਿਮਰਨ ਸਿੰਘ ਬੱਲ ਨੇ ਵੀ ਇਨਸਾਨੀਅਤ ਅਤੇ ਪ੍ਰਸ਼ਾਸਨਿਕ ਨਜ਼ਰੀਏ ਤੋਂ ਕਰਮਚਾਰੀਆਂ ਦੇ ਹੱਕ ’ਚ ਹਾਅ ਦਾ ਨਾਅਰਾ ਮਾਰਿਆ। ਕਮਿਸ਼ਨਰ ਸੰਦੀਪ ਸਿੰਘ ਨੇ ਸਫ਼ਾਈ ਕਾਮਿਆਂ ਦੇ ਮੁੱਦਿਆਂ ਤੇ ਸਕਾਰਾਤਮਕ ਰੁੱਖ ਅਪਣਾਉਂਦੇ ਹੋਏ ਵਿਸ਼ਵਾਸ ਦਿਵਾਇਆ ਕਿ ਠੇਕੇਦਾਰੀ ਪ੍ਰਥਾ ਨੂੰ ਜਲਦੀ ਖ਼ਤਮ ਕਰਕੇ ਸਾਰੇ ਸਫ਼ਾਈ ਕਰਮਚਾਰੀਆਂ ਨੂੰ ਨਗਰ ਨਿਗਮ ਅਧੀਨ ਲੈ ਕੇ ਪੱਕਾ ਕੀਤਾ ਜਾਵੇਗਾ ਅਤੇ ਨੌਕਰੀ ਤੋਂ ਕੱਢੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਕੰਮ ਤੇ ਵਾਪਸ ਲਿਆ ਜਾਵੇਗਾ। ਮਹਿਲਾ ਮੁਲਾਜ਼ਮਾਂ ਦਾ ਅਪਮਾਨ ਅਤੇ ਮਾਨਸਿਕ ਸ਼ੋਸ਼ਣ ਤੁਰੰਤ ਬੰਦ ਕਰਵਾਇਆ ਜਾਵੇਗਾ। ਇਸ ਮੌਕੇ ਜਥੇਬੰਦੀ ਦੇ ਪ੍ਰਧਾਨ ਬਰਿੰਦਰ ਪਾਂਡੇ, ਚੇਅਰਮੈਨ ਕਰਮਬੀਰ ਅਤੇ ਸਕੱਤਰ ਧਨੰਜੇ ਕੁਮਾਰ ਸਮੇਤ ਵੱਡੀ ਗਿਣਤੀ ’ਚ ਸਫ਼ਾਈ ਕਰਮਚਾਰੀ ਹਾਜ਼ਰ ਸਨ। ਮੇਅਰ ਦੀ ਗੈਰ-ਮੌਜੂਦਗੀ ਕਾਰਨ ਅੰਤਮ ਫ਼ੈਸਲਾ ਮੁਲਤਵੀ ਮੇਅਰ ਦੀ ਗੈਰ-ਮੌਜੂਦਗੀ ਕਾਰਨ ਸਫ਼ਾਈ ਕਾਮਿਆਂ ਸਬੰਧੀ ਅੰਤਮ ਫ਼ੈਸਲਾ ਨਹੀਂ ਲਿਆ ਜਾ ਸਕਿਆ। ਇਸ ਕਾਰਨ ਹੁਣ ਅਗਲੀ ਅਹਿਮ ਮੀਟਿੰਗ 29 ਅਕਤੂਬਰ ਨੂੰ ਰੱਖੀ ਗਈ ਹੈ, ਜਿਸ ’ਚ ਮੇਅਰ, ਨਿਗਮ ਕਮਿਸ਼ਨਰ ਅਤੇ ਯੂਨੀਅਨ ਦੇ ਆਗੂ ਇਕੱਠੇ ਬੈਠ ਕੇ ਮੰਗਾਂ ਦੇ ਪੂਰਨ ਹੱਲ ਤੇ ਚਰਚਾ ਕਰਨਗੇ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਨੂੰ ਅਧਿਕਾਰਤ ਤੌਰ ’ਤੇ ਲਾਗੂ ਨਹੀਂ ਕੀਤਾ ਜਾਂਦਾ, ਉਦੋਂ ਤੱਕ ਇਹ ਸੰਘਰਸ਼ ਨਿਰੰਤਰ ਜਾਰੀ ਰਹੇਗਾ।