ਪਟਾਖਿਆਂ ਦੀ ਵਿਕਰੀ ਲਈ ਕੱਢੇ ਗਏ ਡਰਾਅ, 3037 ਅਰਜ਼ੀਆਂ ’ਚੋਂ 67 ਨੂੰ ਲਾਇਸੈਂਸ ਜਾਰੀ ਦੀਵਾਲੀ ਮੌਕੇ ਪਟਾਖਿਆਂ ਦੀ ਵਿਕਰੀ ਲਈ 67 ਆਰਜ਼ੀ ਲਾਇਸੈਂਸ ਜਾਰੀ, 3037 ਅਰਜ਼ੀਆਂ ਦੇ ਕੱਢੇ ਗਏ ਡਰਾਅ
Publish Date: Wed, 28 Oct 2026 06:47 PM (IST)
Updated Date: Wed, 28 Oct 2026 06:49 PM (IST)
ਰਮਨ ਕੁਮਾਰ, ਪੰਜਾਬੀ ਜਾਗਰਣ ਫਾਜ਼ਿਲਕਾ : ਦੀਵਾਲੀ ਦੇ ਤਿਉਹਾਰ ਮੌਕੇ ਪਟਾਖਿਆਂ ਦੀ ਵਿਕਰੀ ਲਈ ਆਰਜ਼ੀ ਲਾਇਸੈਂਸ ਜਾਰੀ ਕਰਨ ਵਾਸਤੇ ਮੰਗਲਵਾਰ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਾਜ਼ਿਲਕਾ ਵਿਖੇ ਡਰਾਅ ਕੱਢੇ ਗਏ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸਡੀਐੱਮ ਫਾਜ਼ਿਲਕਾ ਜੁਗਰਾਜ ਸਿੰਘ ਕਾਹਲੋਂ ਦੀ ਦੇਖ-ਰੇਖ ਹੇਠ ਬਿਨੈਕਾਰਾਂ ਦੀ ਹਾਜ਼ਰੀ ਵਿੱਚ ਇਹ ਪ੍ਰਕਿਰਿਆ ਪੂਰੀ ਕੀਤੀ ਗਈ। ਇਸ ਮੌਕੇ ਐੱਸਡੀਐੱਮ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਤਿਆਰ ਕੀਤੀ ਨੀਤੀ ਤਹਿਤ ਡਰਾਅ ਕੱਢੇ ਗਏ ਹਨ। ਜ਼ਿਲ੍ਹੇ ਵਿੱਚ ਆਰਜ਼ੀ ਲਾਇਸੈਂਸ ਲੈਣ ਲਈ ਕੁੱਲ 3037 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿੱਚੋਂ ਡਰਾਅ ਰਾਹੀਂ ਅਬੋਹਰ ਲਈ 25, ਫਾਜ਼ਿਲਕਾ ਲਈ 18, ਜਲਾਲਾਬਾਦ ਲਈ 18 ਅਤੇ ਅਰਨੀਵਾਲਾ ਲਈ 6 ਲਾਇਸੈਂਸ ਧਾਰਕਾਂ ਦੀ ਚੋਣ ਕੀਤੀ ਗਈ। ਇਸ ਤਰ੍ਹਾਂ ਜ਼ਿਲ੍ਹੇ ਵਿੱਚ ਕੁੱਲ 67 ਆਰਜ਼ੀ ਲਾਇਸੈਂਸ ਜਾਰੀ ਕੀਤੇ ਗਏ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਪਟਾਖਿਆਂ ਦੀ ਵਿਕਰੀ ਸਿਰਫ਼ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ’ਤੇ ਹੀ ਕੀਤੀ ਜਾ ਸਕੇਗੀ। ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਾਇਸੈਂਸ ਧਾਰਕਾਂ ਨੂੰ ਸਾਰੀਆਂ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੋਵੇਗੀ। ਇਨ੍ਹਾਂ ਥਾਵਾਂ ’ਤੇ ਲੱਗਣਗੇ ਪਟਾਖਿਆਂ ਦੇ ਸਟਾਲ ਪ੍ਰਸ਼ਾਸਨ ਵੱਲੋਂ ਨਿਰਧਾਰਤ ਥਾਵਾਂ ਅਨੁਸਾਰ ਫਾਜ਼ਿਲਕਾ ਵਿੱਚ ਨਵੇਂ ਬੱਸ ਸਟੈਂਡ, ਅਬੋਹਰ ਵਿੱਚ ਪੁੱਡਾ ਕਲੋਨੀ, ਫਾਜ਼ਿਲਕਾ ਰੋਡ, ਜਲਾਲਾਬਾਦ ਵਿੱਚ ਬਹੁਮੰਤਵੀ ਖੇਡ ਸਟੇਡੀਅਮ (ਪਲੇਅ ਗਰਾਊਂਡ ਏਰੀਏ ਨੂੰ ਛੱਡ ਕੇ) ਅਤੇ ਅਰਨੀਵਾਲਾ ਸ਼ੇਖ ਸੁਭਾਨ ਵਿੱਚ ਥਾਣੇ ਦੇ ਨਾਲ ਲੱਗਦੀ ਪੰਚਾਇਤੀ ਜਗ੍ਹਾ ’ਤੇ ਪਟਾਖਿਆਂ ਦੇ ਸਟਾਲ ਲਗਾਏ ਜਾ ਸਕਣਗੇ। ਰਾਤ 8 ਤੋਂ 10 ਵਜੇ ਤੱਕ ਹੀ ਚੱਲਣਗੇ ਪਟਾਖੇ ਐੱਸਡੀਐੱਮ ਨੇ ਦੱਸਿਆ ਕਿ ਦੀਵਾਲੀ ਵਾਲੀ ਰਾਤ ਪਟਾਖੇ ਚਲਾਉਣ ਦਾ ਸਮਾਂ ਰਾਤ 8 ਵਜੇ ਤੋਂ 10 ਵਜੇ ਤੱਕ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਲੋਕਾਂ ਨੂੰ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ। ਸਮਾਗਮ ਦੀ ਸਟੇਜ ਦਾ ਸੰਚਾਲਨ ਸਿੱਖਿਆ ਵਿਭਾਗ ਦੇ ਸੁਨੀਲ ਕੁਮਾਰ ਨੇ ਬਾਖੂਬੀ ਕੀਤਾ।