ਹਰ ਹਰ ਮਹਾਦੇਵ ਤੇ ਜੈ ਮਾਤਾ ਦੀ ਦੇ ਜੈਕਾਰਿਆਂ ਨਾਲ 106 ਸ਼ਰਧਾਲੂਆਂ ਦਾ ਜੱਥਾ ਅਮਰਨਾਥ ਤੇ ਵੈਸ਼ਨੋ ਦੇਵੀ ਯਾਤਰਾ ਲਈ ਰਵਾਨਾ ਹਰ ਹਰ ਮਹਾਦੇਵ ਤੇ ਜੈ ਮਾਤਾ ਦੀ ਦੇ ਜੈਕਾਰਿਆਂ ਲਗਾਉਂਦਿਆਂ 106 ਸ਼ਰਧਾਲੂਆਂ ਦਾ ਜੱਥਾ ਅਮਰਨਾਥ ਤੇ ਵੈਸ਼ਨੋ ਦੇਵੀ ਯਾਤਰਾ ਲਈ ਰਵਾਨਾ
Publish Date: Fri, 10 Jul 2026 04:11 PM (IST)
Updated Date: Fri, 10 Jul 2026 04:12 PM (IST)
ਗੌਰਵ ਗੌੜ ਜੌਲੀ, ਪੰਜਾਬੀ ਜਾਗਰਣ ਜ਼ੀਰਾ : ਧਾਰਮਿਕ ਸ਼ਰਧਾ, ਭਗਤੀ ਅਤੇ ਉਤਸ਼ਾਹ ਦੇ ਮਾਹੌਲ ਵਿਚਕਾਰ ਹਰ ਹਰ ਮਹਾਦੇਵ ਯਾਤਰਾ ਸੰਮਤੀ ਵੱਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅੱਠਵੀਂ ਸ੍ਰੀ ਅਮਰਨਾਥ (ਪਹਿਲਗਾਮ) ਅਤੇ ਮਾਤਾ ਵੈਸ਼ਨੋ ਦੇਵੀ ਯਾਤਰਾ ਲਈ 106 ਸ਼ਰਧਾਲੂਆਂ ਦਾ ਵਿਸ਼ਾਲ ਜੱਥਾ ਰਵਾਨਾ ਹੋਇਆ। ਜਿਵੇਂ ਹੀ ‘ਹਰ ਹਰ ਮਹਾਦੇਵ’ ਅਤੇ ‘ਜੈ ਮਾਤਾ ਦੀ’ ਦੇ ਗੂੰਜਦੇ ਜੈਕਾਰੇ ਲੱਗੇ ਤਾਂ ਪੂਰਾ ਸ਼ਹਿਰ ਭਗਤੀ ਰਸ ਵਿੱਚ ਰੰਗਿਆ ਨਜ਼ਰ ਆਇਆ। ਯਾਤਰਾ ਦੀ ਸ਼ੁਰੂਆਤ ਦੁਰਗਾ ਮਾਤਾ ਮੰਦਰ ਛੱਤੀ ਖੂਹੀ ਵਿਖੇ ਸ੍ਰੀ ਦੁਰਗਾ ਸਤੁਤੀ ਦੇ ਪਾਠ ਨਾਲ ਹੋਈ, ਜਿਸ ਤੋਂ ਬਾਅਦ ਬਜਰੰਗ ਭਵਨ ਵਿਖੇ ਸ੍ਰੀ ਹਨੁਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਇਸ ਉਪਰੰਤ ਸ਼ਰਧਾਲੂ ਬੈਂਡ ਬਾਜਿਆਂ ਦੀਆਂ ਧਾਰਮਿਕ ਧੁਨਾਂ ’ਤੇ ਨੱਚਦੇ-ਗਾਉਂਦੇ ਅਤੇ ਭਗਤੀਮਈ ਮਾਹੌਲ ਸਿਰਜਦੇ ਹੋਏ ਜ਼ੀਰਾ ਦੇ ਮੁੱਖ ਚੌਕ ਤੋਂ ਪਵਿੱਤਰ ਯਾਤਰਾ ਲਈ ਰਵਾਨਾ ਹੋਏ। ਇਸ ਮੌਕੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਰਾਸਤੇ ਦੇ ਵਿੱਚ ਠੰਡੇ ਮਿੱਠੇ ਪਾਣੀ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਗਏ। ਹਰ ਹਰ ਮਹਾਦੇਵ ਯਾਤਰਾ ਸੰਮਤੀ ਦੇ ਸੇਵਾਦਾਰ ਮਹੰਤ ਰਾਮ ਕ੍ਰਿਸ਼ਨ, ਰਾਮੇਸ਼ ਕੁਮਾਰ ਲੱਖਾ, ਪੰਕਜ ਸ਼ਰਮਾ ਅਤੇ ਸਤਵਿੰਦਰ ਕੈਲਾਸ਼ ਗੋਪੀ ਨੇ ਦੱਸਿਆ ਕਿ ਇਹ ਯਾਤਰਾ ਪਹਿਲਗਾਮ, ਚੰਦਨਵਾੜੀ, ਸ਼ੇਸ਼ਨਾਗ ਅਤੇ ਪੰਚਤਰਨੀ ਰਾਹੀਂ ਪਵਿੱਤਰ ਅਮਰਨਾਥ ਗੁਫਾ ਦੇ ਦਰਸ਼ਨ ਕਰੇਗੀ। ਇਸ ਤੋਂ ਬਾਅਦ ਜੱਥਾ ਬਾਲਟਾਲ ਰੂਟ ਰਾਹੀਂ ਵਾਪਸੀ ਕਰਦਿਆਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰੇਗਾ ਅਤੇ 18 ਜੁਲਾਈ ਨੂੰ ਜ਼ੀਰਾ ਵਾਪਸ ਪਹੁੰਚੇਗੀ। ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ, ਨਗਰ ਕੌਂਸਲ ਜ਼ੀਰਾ ਦੇ ਪ੍ਰਧਾਨ ਧਰਮਪਾਲ ਚੁੱਘ ਅਤੇ ਖੇਤੀਬਾੜੀ ਵਿਕਾਸ ਬੈਂਕ ਦੇ ਸਾਬਕਾ ਚੇਅਰਮੈਨ ਹਰੀਸ਼ ਜੈਨ ਗੋਗਾ ਨੇ ਕਿਹਾ ਕਿ ਸ੍ਰੀ ਅਮਰਨਾਥ ਅਤੇ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਕੇਵਲ ਧਾਰਮਿਕ ਆਸਥਾ ਦਾ ਪ੍ਰਤੀਕ ਹੀ ਨਹੀਂ, ਸਗੋਂ ਇਹ ਸਮਾਜ ਵਿੱਚ ਏਕਤਾ, ਭਾਈਚਾਰੇ ਅਤੇ ਸੇਵਾ ਭਾਵਨਾ ਨੂੰ ਵੀ ਮਜ਼ਬੂਤ ਕਰਦੀ ਹੈ। ਉਨ੍ਹਾਂ ਕਿਹਾ ਕਿ ਜ਼ੀਰਾ ਸ਼ਹਿਰ ਦੀ ਧਾਰਮਿਕ ਅਤੇ ਸਮਾਜਿਕ ਚੇਤਨਾ ਹਮੇਸ਼ਾ ਹੀ ਅਜਿਹੀਆਂ ਪਵਿੱਤਰ ਯਾਤਰਾਵਾਂ ਅਤੇ ਸੇਵਾ ਕਾਰਜਾਂ ਵਿਚ ਅੱਗੇ ਰਹੀ ਹੈ, ਜੋ ਪੂਰੇ ਇਲਾਕੇ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਸਮੂਹ ਸ਼ਰਧਾਲੂਆਂ ਦੀ ਸੁਰੱਖਿਅਤ, ਸਫਲ ਅਤੇ ਮੰਗਲਮਈ ਯਾਤਰਾ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ।ਇਸ ਮੌਕੇ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਵੀ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦੇ ਕੇ ਵਿਦਾ ਕੀਤਾ। ਇਸ ਮੌਕੇ ਮਨਪ੍ਰੀਤ ਸਿੰਘ,ਅਮਨਦੀਪ ਸਿੰਘ ਛਾਬੜਾ ਹਲਕਾ ਪ੍ਰਧਾਨ ਵਪਾਰ ਵਿੰਗ ਸ਼੍ਰੋਮਣੀ ਅਕਾਲੀ ਦਲ, ਹਰੀਸ਼ ਤਾਂਗਰਾ, 13-13-13 ਲੰਗਰ ਕਮੇਟੀ ਦੇ ਪ੍ਰਧਾਨ ਸੰਜੀਵ ਨਾਰੰਗ, ਲਾਭ ਚੰਦ ਮਾਣਕਟਾਲਾ, ਜੀਰਾ ਵਿਕਾਸ ਪਰਿਸ਼ਦ ਦੇ ਸਰਪ੍ਰਸਤ ਸੁਖਦੇਵ ਬਿੱਟੂ ਵਿੱਜ, ਪ੍ਰਧਾਨ ਚਰਨਪ੍ਰੀਤ ਸਿੰਘ ਸੋਨੂੰ, ਜਨਰਲ ਸਕੱਤਰ ਜਗਦੇਵ ਸ਼ਰਮਾ,ਅਨਿਲ ਬਜਾਜ, ਗੁਰਬਖਸ਼ ਸਿੰਘ ਵਿੱਜ, ਮੀਨਾਕਸ਼ੀ ਗੁਪਤਾ, ਸਾਲੂ ਮਿੱਤਲ, ਰਮਾ ਸ਼ਰਮਾ ਸਮੇਤ ਹਰ ਹਰ ਮਹਾਦੇਵ ਯਾਤਰਾ ਸੰਮਤੀ ਦੇ ਸੇਵਾਦਾਰ ਮਹੰਤ ਰਾਮ ਕ੍ਰਿਸ਼ਨ, ਰਾਮੇਸ਼ ਕੁਮਾਰ ਲੱਖਾ, ਸਤਵਿੰਦਰ ਕੈਲਾਸ਼ ਗੋਪੀ, ਸਚਿਨ ਅਰੋੜਾ, ਰਜਿੰਦਰ ਕੁਮਾਰ ਨੰਨੀ, ਅਨੁਰਾਗ ਨਰੂਲਾ, ਨੀਰਜ ਕੁਮਾਰ, ਪੰਕਜ ਸ਼ਰਮਾ, ਚੀਨੂ ਅਰੋੜਾ, ਰਾਹੁਲ ਅਰੋੜਾ ਅਤੇ ਅਮਿਤ ਸ਼ਰਮਾ ਹਾਜ਼ਰ ਸਨ। ਇਸ ਤੋਂ ਇਲਾਵਾ ਹਰ ਹਰ ਗੰਗੇ ਸੰਮਤੀ ਜ਼ੀਰਾ ਦੇ ਮੈਂਬਰ ਪੰਕਜ ਸ਼ਰਮਾ, ਅਮਿਤ ਸ਼ਰਮਾ, ਰਾਹੁਲ ਅਮਨ, ਗੌਰਵ ਗੁਪਤਾ, ਵਿਪਨ ਅਤੇ ਨਵੀਨ ਮਿੱਤਲ ਸਮੇਤ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ ਨੇ ਸ਼ਮੂਲੀਅਤ ਕੀਤੀ।