- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਭਾਗ ਲੈਣਗੇ 14 ਜੂਡੋ ਖਿਡਾਰੀ, ਤਿੰਨਾਂ ਦਿੱਗਜਾਂ 'ਤੇ ਉਮੀਦਾਂ

ਆਕਾਸ਼, ਪੰਜਾਬੀ ਜਾਗਰਣ
ਗੁਰਦਾਸਪੁਰ : 24 ਜੁਲਾਈ ਤੋਂ 2 ਅਗਸਤ ਤੱਕ ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿੱਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ (ਕਾਮਨਵੈਲਥ ਗੇਮਜ਼) ਲਈ ਭਾਰਤੀ ਜੂਡੋ ਟੀਮ ਦੀ ਚੋਣ ਹੋ ਗਈ ਹੈ। ਇਸ ਵਾਰ ਭਾਰਤ ਵੱਲੋਂ ਜੂਡੋ ਵਿੱਚ ਪੂਰੀ 14 ਮੈਂਬਰੀ ਟੀਮ ਹਿੱਸਾ ਲਵੇਗੀ। ਇਨ੍ਹਾਂ 14 ਕੁਆਲੀਫਾਈ ਖਿਡਾਰੀਆਂ ਵਿੱਚ ਤਿੰਨ ਅਜਿਹੇ ਨਾਮ ਹਨ, ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਪ੍ਰਾਪਤੀਆਂ ਨਾਲ ਸਭ ਦਾ ਧਿਆਨ ਖਿੱਚਿਆ ਹੈ। ਇਨ੍ਹਾਂ ਵਿੱਚ ਦਿੱਲੀ ਦੀ ਤੂਨੇਕਾ ਮਾਨ, ਦਿੱਲੀ ਦੇ ਹਰਸ਼ ਅਤੇ ਗੁਰਦਾਸਪੁਰ ਦੇ ਕਰਨਜੀਤ ਸਿੰਘ ਮਾਨ ਸ਼ਾਮਲ ਹਨ। ਤੂਨੇਕਾ ਮਾਨ 78 ਕਿਲੋਗ੍ਰਾਮ ਭਾਰ ਵਰਗ ਵਿੱਚ ਆਪਣਾ ਜੌਹਰ ਦਿਖਾਏਗੀ, ਜਦਕਿ ਹਰਸ਼ 60 ਕਿਲੋਗ੍ਰਾਮ ਭਾਰ ਵਰਗ ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗਾ। ਦੋਵੇਂ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਇੰਨੀਂ ਦਿਨੀਂ ਆਪਣੀ ਪ੍ਰੈਕਟਿਸ ਲਈ ਗੁਰਦਾਸਪੁਰ ਪਹੁੰਚੇ ਹਨ, ਜਿੱਥੇ ਉਹ ਕਰਨਜੀਤ ਸਿੰਘ ਮਾਨ ਨਾਲ ਅਭਿਆਸ ਕਰ ਰਹੇ ਹਨ। ਕਰਨਜੀਤ ਸਿੰਘ ਮਾਨ ਗੁਰਦਾਸਪੁਰ ਦੇ ਮੂਲ ਨਿਵਾਸੀ ਹਨ ਅਤੇ ਵਰਤਮਾਨ ਵਿੱਚ ਪੰਜਾਬ ਪੁਲਿਸ ਵਿੱਚ ਏਐੱਸਆਈ (ਸਹਾਇਕ ਸਬ ਇੰਸਪੈਕਟਰ) ਦੇ ਅਹੁਦੇ ’ਤੇ ਤਾਇਨਾਤ ਹਨ।
ਤੂਨੇਕਾ ਮਾਨ ਦਾ ਕਰੀਅਰ ਸ਼ਾਨਦਾਰ ਰਿਹਾ ਹੈ। ਉਹ ਸੱਤ ਵਾਰ ਰਾਸ਼ਟਰੀ ਚੈਂਪੀਅਨ ਰਹਿ ਚੁੱਕੀ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਕਈ ਤਮਗੇ ਜਿੱਤ ਚੁੱਕੀ ਹੈ। ਉੱਥੇ ਹੀ ਹਰਸ਼ ਨੇ ਅਜੇ ਤੱਕ ਤਿੰਨ ਰਾਸ਼ਟਰੀ ਮੁਕਾਬਲਿਆਂ ਵਿੱਚ ਸੋਨ ਤਮਗਾ ਹਾਸਲ ਕੀਤਾ ਹੈ। ਕਰਨਜੀਤ ਸਿੰਘ ਮਾਨ ਵੀ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਆਪਣੀ ਛਾਪ ਛੱਡ ਚੁੱਕੇ ਹਨ। ਉਨ੍ਹਾਂ ਦੀ ਗੁਰਦਾਸਪੁਰ ਨਾਲ ਜੁੜੀ ਪਛਾਣ ਅਤੇ ਪੁਲਿਸ ਵਿਭਾਗ ਵਿੱਚ ਸੇਵਾ ਨੇ ਸਥਾਨਕ ਪੱਧਰ ’ਤੇ ਉਨ੍ਹਾਂ ਨੂੰ ਇੱਕ ਰੋਲ ਮਾਡਲ ਬਣਾ ਦਿੱਤਾ ਹੈ। ਸ਼ਹੀਦ ਭਗਤ ਸਿੰਘ ਜੂਡੋ ਕਲੱਬ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਇਨ੍ਹਾਂ ਤਿੰਨਾਂ ਖਿਡਾਰੀਆਂ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਉਨ੍ਹਾਂ ਨੂੰ ਇਨ੍ਹਾਂ ਖਿਡਾਰੀਆਂ ਤੋਂ ਬਹੁਤ ਉਮੀਦਾਂ ਹਨ। ਤੂਨੇਕਾ, ਹਰਸ਼ ਅਤੇ ਕਰਨਜੀਤ ਤਿੰਨੋਂ ਹੀ ਲਗਾਤਾਰ ਮਿਹਨਤ ਕਰ ਰਹੇ ਹਨ। ਇਸ ਵਾਰ ਭਾਰਤੀ ਟੀਮ ਵਿੱਚ ਸੰਤੁਲਨ ਹੈ ਅਤੇ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਸਾਡੇ ਜੂਡੋ ਖਿਡਾਰੀ ਗਲਾਸਗੋ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦੇਸ਼ ਦਾ ਨਾਂ ਰੌਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਰਾਸ਼ਟਰਮੰਡਲ ਖੇਡਾਂ ਲਈ ਭਾਰਤੀ ਜੂਡੋ ਖਿਡਾਰੀਆਂ ਦੀ ਕੁਆਲੀਫਿਕੇਸ਼ਨ ਪ੍ਰਕਿਰਿਆ ਕਾਫ਼ੀ ਸਖ਼ਤ ਰਹੀ ਹੈ। 14 ਖਿਡਾਰੀਆਂ ਦੀ ਚੋਣ ਉਨ੍ਹਾਂ ਦੇ ਹਾਲੀਆ ਪ੍ਰਦਰਸ਼ਨ, ਰੈਂਕਿੰਗ ਅਤੇ ਰਾਸ਼ਟਰੀ ਪੱਧਰ ’ਤੇ ਲਗਾਤਾਰ ਵਧੀਆ ਨਤੀਜਿਆਂ ਦੇ ਆਧਾਰ ’ਤੇ ਕੀਤੀ ਗਈ ਹੈ।