ਸਰਹੱਦੀ ਖੇਤਰ ’ਚੋਂ ਫਿਰ ਮਿਲਿਆ ਡਰੋਨ: ਗੰਨੇ ਦੇ ਖੇਤਾਂ ’ਚੋਂ ਬਰਾਮਦਗੀ ਤੋਂ ਬਾਅਦ ਪੁਲਿਸ ਜਾਂਚ ’ਚ ਜੁਟੀ, ਇਲਾਕੇ ’ਚ ਸਰਚ ਆਪ੍ਰੇਸ਼ਨ ਜਾਰੀ
ਪਾਕਿਸਤਾਨ ਲਗਾਤਾਰ ਆਪਣੀ ਨਕਾਮ ਹਰਕਤ ਤੋਂ ਬਾਜ ਨਹੀਂ ਆ ਰਿਹਾ ਅਤੇ ਸਰਹੱਦੀ ਖੇਤਰ ਦੇ ਇਲਾਕਿਆਂ ਅੰਦਰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਮੱਗਰੀ ਨੂੰ ਸੁੱਟਣ ਲਈ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਸਰਹੱਦਾਂ ’ਤੇ ਤਾਇਨਤ ਸਾਡੀਆ ਫੋਰਸਾਂ ਦੇ ਜਵਾਨਾਂ ਵੱਲੋ ਹਮੇਸ਼ਾ ਇਨ੍ਹਾਂ ਦੀਆਂ ਹਰਕਤਾਂ ਨੂੰ ਨਾਕਾਮ ਕਰਨ ’ਚ ਸਫਲ ਰਹਿੰਦੀਆਂ ਹਨ।
Publish Date: Sat, 11 Jul 2026 03:52 PM (IST)
Updated Date: Sat, 11 Jul 2026 03:58 PM (IST)
ਰਵਿੰਦਰ ਠਾਕੁਰ, ਪੰਜਾਬੀ ਜਾਗਰਣ, ਬਹਿਰਾਮਪੁਰ। ਪਾਕਿਸਤਾਨ ਲਗਾਤਾਰ ਆਪਣੀ ਨਕਾਮ ਹਰਕਤ ਤੋਂ ਬਾਜ ਨਹੀਂ ਆ ਰਿਹਾ ਅਤੇ ਸਰਹੱਦੀ ਖੇਤਰ ਦੇ ਇਲਾਕਿਆਂ ਅੰਦਰ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦੀ ਸਮੱਗਰੀ ਨੂੰ ਸੁੱਟਣ ਲਈ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਸਰਹੱਦਾਂ ’ਤੇ ਤਾਇਨਤ ਸਾਡੀਆ ਫੋਰਸਾਂ ਦੇ ਜਵਾਨਾਂ ਵੱਲੋ ਹਮੇਸ਼ਾ ਇਨ੍ਹਾਂ ਦੀਆਂ ਹਰਕਤਾਂ ਨੂੰ ਨਾਕਾਮ ਕਰਨ ’ਚ ਸਫਲ ਰਹਿੰਦੀਆਂ ਹਨ।
ਇੱਕ ਵਾਰ ਮੁੜ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੇ ਪੁਲਿਸ ਸਟੇਸ਼ਨ ਬਹਿਰਾਮਪੁਰ ਅਧੀਨ ਆਉਂਦੇ ਪਿੰਡ ਜੱਗੋਚੱਕ ਟਾਂਡਾ ਦੇ ਟੀ-ਪੁਆਇੰਟ ਨੇੜੇ ਗੰਨੇ ਦੇ ਖੇਤਾਂ ’ਚੋਂ ਇੱਕ ਸ਼ੱਕੀ ਡਰੋਨ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਡਰੋਨ ਦੇਖ ਕੇ ਸਥਾਨਕ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਦੀਨਾਨਗਰ ਰਜਿੰਦਰ ਮਿਨਹਾਸ ਨੇ ਦੱਸਿਆ ਕਿ ਮੌਕੇ ’ਤੇ ਪਹੁੰਚੇ ਕੇ ਡਰੋਨ ਨੂੰ ਆਪਣੇ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਉੱਚ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਅਤੇ ਆਲੇ-ਦੁਆਲੇ ਦੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਡਰੋਨ ਕਿਸ ਮਕਸਦ ਨਾਲ ਇਸ ਖੇਤਰ ’ਚ ਆਇਆ ਸੀ ਅਤੇ ਕੀ ਇਸ ਨਾਲ ਕੋਈ ਸ਼ੱਕੀ ਸਮੱਗਰੀ ਵੀ ਸੁੱਟੀ ਗਈ ਹੈ।
ਸਰਹੱਦੀ ਇਲਾਕਾ ਹੋਣ ਕਾਰਨ ਸੁਰੱਖਿਆ ਏਜੰਸੀਆਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀਆਂ ਹਨ। ਪੁਲਿਸ ਵੱਲੋਂ ਡਰੋਨ ਦੀ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।
ਫਿਲਹਾਲ ਪੁਲਿਸ ਨੇ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ ਦੀ ਅਪੀਲ ਕੀਤੀ ਹੈ। ਉਧਰ ਪੁਲਿਸ ਵੱਲੋਂ ਥਾਣਾ ਬਹਿਰਾਮਪੁਰ ’ਚ ਅਣਪਛਾਤਿਆ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਡਰੋਨ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ।