ਵਪਾਰ ਸਮਝੌਤੇ ਖ਼ਿਲਾਫ਼ 22 ਜੁਲਾਈ ਨੂੰ ਪੰਜਾਬ ਭਰ 'ਚ ਹੋਣਗੇ ਪ੍ਰਦਰਸ਼ਨ ਵਪਾਰ ਸਮਝੌਤੇ ਖ਼ਿਲਾਫ਼ 22 ਜੁਲਾਈ ਨੂੰ ਪੰਜਾਬ ਭਰ 'ਚ ਹੋਣਗੇ ਪ੍ਰਦਰਸ਼ਨ, ਗੁਰਦਾਸਪੁਰ 'ਚ ਮੀਟਿੰਗ ਕਰਕੇ ਬਣਾਈ ਰਣਨੀਤੀ
Publish Date: Fri, 10 Jul 2026 04:14 PM (IST)
Updated Date: Fri, 10 Jul 2026 04:15 PM (IST)
ਸਰਬਜੀਤ ਚਾਹਲ, ਪੰਜਾਬੀ ਜਾਗਰਣ ਗੁਰਦਾਸਪੁਰ : ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ ਅਤੇ ਅਮਰੀਕਾ ਵਿਚਾਲੇ ਹੋਣ ਜਾ ਰਹੇ ਵਪਾਰ ਸਮਝੌਤੇ ਦੇ ਵਿਰੋਧ ’ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 22 ਜੁਲਾਈ ਨੂੰ ਪੰਜਾਬ ਭਰ ’ਚ ਭਾਜਪਾ ਐੱਮਐੱਲਏ, ਐੱਮਪੀ ਅਤੇ ਜ਼ਿਲ੍ਹਾ ਤੇ ਸੂਬਾਈ ਪ੍ਰਧਾਨਾਂ ਦੇ ਘਰਾਂ ਤੇ ਦਫ਼ਤਰਾਂ ਮੂਹਰੇ ਦਿੱਤੇ ਜਾਣ ਵਾਲੇ ਧਰਨਿਆਂ ਦੀ ਤਿਆਰੀ ਲਈ ਗੁਰਦਾਸਪੁਰ ਦੇ ਸ਼ਹੀਦ ਕਾਮਰੇਡ ਅਮਰੀਕ ਸਿੰਘ ਪਨਿਆੜ ਯਾਦਗਾਰ ਹਾਲ ’ਚ ਵਿਸਥਾਰਤ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਆਰਐੱਸਐੱਸ ਦੇ ਫਿਰਕੂ-ਫਾਸ਼ੀਵਾਦੀ ਏਜੰਡੇ ਨੂੰ ਅੱਗੇ ਵਧਾਉਣ ਲਈ ਸੰਵਿਧਾਨਕ ਅਦਾਰਿਆਂ ਦੇ ਮੁਖੀਆਂ ਵਜੋਂ ਆਰਐੱਸਐੱਸ ਵਿਚਾਰਧਾਰਾ ਵਾਲੇ ਲੋਕਾਂ ਨੂੰ ਨਿਯੁਕਤ ਕਰ ਰਹੀ ਹੈ, ਤਾਂ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਅਤੇ ਦੇਸੀ-ਵਿਦੇਸ਼ੀ ਵੱਡੀਆਂ ਕੰਪਨੀਆਂ ਦੇ ਹਿੱਤਾਂ ਦੀ ਪੂਰਤੀ ਲਈ ਕਿਸਾਨ ਤੇ ਮਜ਼ਦੂਰ ਵਿਰੋਧੀ ਕਾਨੂੰਨ ਪਾਸ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅੱਗੇ ਗੋਡੇ ਟੇਕ ਦਿੱਤੇ ਹਨ। ਹੁਣ ਟਰੰਪ ਹੀ ਫ਼ੈਸਲਾ ਕਰਦੇ ਹਨ ਕਿ ਭਾਰਤ ਨੂੰ ਈਰਾਨ ਤੇ ਰੂਸ ਤੋਂ ਤੇਲ ਖਰੀਦਣਾ ਹੈ ਜਾਂ ਨਹੀਂ ਤੇ ਕਿੰਨੀ ਦੇਰ ਖਰੀਦਣਾ ਹੈ। ਟਰੰਪ ਨੇ ਮੋਦੀ ਸਰਕਾਰ ਦੀ ਬਾਂਹ ਮਰੋੜ ਕੇ ਭਾਰਤ ਨੂੰ ਅਮਰੀਕਾ ਦੇ ਹਿੱਤਾਂ ਦੀ ਪੂਰਤੀ ਲਈ ਕਰ-ਮੁਕਤ ਵਪਾਰ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਜਤਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਜੇ ਇਹ ਸਮਝੌਤਾ ਸਿਰੇ ਚੜ੍ਹਿਆ ਤਾਂ ਅਮਰੀਕਾ ਦਾ ਅਨਾਜ, ਤੇਲ, ਮੱਕੀ, ਦੁੱਧ ਤੇ ਦੁੱਧ ਉਤਪਾਦ, ਪੋਲਟਰੀ, ਫਲ, ਡ੍ਰਾਈ ਫਰੂਟ, ਪਸ਼ੂਆਂ ਲਈ ਖ਼ਲ ਤੇ ਫੀਡ ਭਾਰਤ ’ਚ ਬਿਨਾਂ ਟੈਕਸ ਦੇ ਆਉਣਗੇ, ਜਦਕਿ ਭਾਰਤ ਵੱਲੋਂ ਅਮਰੀਕਾ ਭੇਜੀਆਂ ਵਸਤਾਂ ’ਤੇ ਅਮਰੀਕਾ 18 ਫੀਸਦੀ ਤੱਕ ਟੈਕਸ ਲਵੇਗਾ, ਜੋ ਪਹਿਲਾਂ ਸਿਰਫ਼ 3 ਤੋਂ 3.5 ਫੀਸਦੀ ਸੀ। ਉਨ੍ਹਾਂ ਕਿਹਾ ਕਿ ਟਰੰਪ ਭਾਰਤੀ ਕਿਸਾਨਾਂ ਦੇ ਖੇਤੀ ਖੇਤਰ ਨੂੰ ਬਰਬਾਦ ਕਰਨ ਲਈ ਸਸਤੀਆਂ ਵਸਤਾਂ ਦਾ ਹੜ੍ਹ ਲਿਆ ਦੇਣਗੇ, ਜਿਸ ਨਾਲ ਭਾਰਤੀ ਕਿਸਾਨਾਂ ਦੀਆਂ ਫ਼ਸਲਾਂ ਰੁੱਲ ਜਾਣਗੀਆਂ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਸਤਿਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਕਿਸਾਨ-ਮਜ਼ਦੂਰ ਵਿਰੋਧੀ ਇਸ ਕਰ-ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਤੇ ਸੰਗਠਿਤ ਕਰਕੇ ਜ਼ੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ 22 ਜੁਲਾਈ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਨੂੰ ਪੂਰੀ ਤਨਦੇਹੀ ਨਾਲ ਲਾਗੂ ਕਰਦਿਆਂ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਇਸ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਕਰਵਾਉਣ ਦਾ ਭਰੋਸਾ ਦਿੱਤਾ। ਮੀਟਿੰਗ ’ਚ ਜ਼ਿਲ੍ਹਾ ਸਕੱਤਰ ਅਨੋਖ ਸਿੰਘ ਘੋੜੇਵਾਹ, ਮਨਜੀਤ ਸਿੰਘ ਖੁਸ਼ਹਾਲਪੁਰ, ਅਜੀਤ ਸਿੰਘ ਮੱਲੀਆਂ, ਚੰਨਣ ਸਿੰਘ ਦੋਰਾਂਗਲਾ, ਸਰੂਪ ਸਿੰਘ ਸੰਘੌਰ, ਪਲਵਿੰਦਰ ਸਿੰਘ ਕਿਲਾ ਨੱਥੂ ਸਿੰਘ, ਦਲਜੀਤ ਸਿੰਘ ਤਲਵੰਡੀ, ਅਵਤਾਰ ਸਿੰਘ ਬਰੀਲਾ, ਮਾਸਟਰ ਤਰਸੇਮ ਸਿੰਘ ਸੁਲਤਾਨੀ ਤੇ ਅਮਰੀਕ ਸਿੰਘ ਸਲਾਚ ਸਮੇਤ ਹੋਰ ਕਿਸਾਨ ਆਗੂ ਵੀ ਸ਼ਾਮਲ ਹੋਏ।