ਲੋਕਤੰਤਰ ਦੇ ਬਚਾਅ ਲਈ ਕਾਂਗਰਸ ਬਣਾਏਗੀ ਬੂਥ ਰਕਸ਼ਕ : ਗਿਲਜੀਆਂ ਲੋਕਤੰਤਰ ਦੇ ਬਚਾਅ ਲਈ ਕਾਂਗਰਸ ਬੂਥ ਲੈਵਲ ਤੇ ਬਣਾਏਗੀ ਬੂਥ ਰਕਸ਼ਕ : ਗਿਲਜੀਆਂ
Publish Date: Wed, 28 Oct 2026 05:08 PM (IST)
Updated Date: Wed, 28 Oct 2026 05:10 PM (IST)
ਦੀਪਕ ਅਗਨੀਹੋਤਰੀ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਹੁਸ਼ਿਆਰਪੁਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਗਿਲਜੀਆਂ ਨੇ ਅੱਜ ਕੇਂਦਰ ਦੀ ਮੋਦੀ ਸਰਕਾਰ ਅਤੇ ਚੋਣ ਕਮਿਸ਼ਨ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇਸ਼ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ ਅਤੇ ਚੋਣ ਕਮਿਸ਼ਨ ਸਰਕਾਰ ਦੇ ਇਸ਼ਾਰੇ ’ਤੇ ਲੋਕਾਂ ਦੇ ਵੋਟ ਦੇ ਅਧਿਕਾਰਾਂ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਲੋਕਤੰਤਰ ਦੀ ਰੱਖਿਆ ਲਈ ਕਾਂਗਰਸ ਬੂਥ ਲੈਵਲ ਰਕਸ਼ਕ ਬਣਾਏਗੀ। ਗਿਲਜੀਆਂ ਨੇ ਕਿਹਾ ਕਿ ਐਸਆਈਆਰ ਦੀ ਪ੍ਰਕਿਰਿਆ ਦੇ ਨਾਂ ’ਤੇ 13 ਕਰੋੜ ਲੋਕਾਂ ਦੇ ਨਾਂ ਵੋਟਰ ਸੂਚੀਆਂ ਵਿੱਚੋਂ ਕੱਟੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕਾਂ ਨੂੰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝੇ ਹੋਣ ਦਾ ਖ਼ਤਰਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਚੋਣ ਕਮਿਸ਼ਨ ਕੇਂਦਰ ਸਰਕਾਰ ਦੀ ਸਰਪ੍ਰਸਤੀ ਹੇਠ ਕੰਮ ਕਰ ਰਿਹਾ ਹੈ ਅਤੇ ਲੋਕਾਂ ਦੇ ਲੋਕਤੰਤਰੀ ਅਧਿਕਾਰਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਲਏ ਜਾਣ ਵਾਲੇ ਫ਼ੈਸਲਿਆਂ ਵਿੱਚ ਸਹਿਮਤੀ ਜਾਂ ਬਹੁਮਤ ਦੀ ਪ੍ਰਕਿਰਿਆ ਦਾ ਪਾਲਣ ਕਰਨਾ ਜ਼ਰੂਰੀ ਹੈ, ਪਰ ਉਨ੍ਹਾਂ ਦੇ ਦੋਸ਼ਾਂ ਅਨੁਸਾਰ ਪਿਛਲੇ ਦਸ ਮਹੀਨਿਆਂ ਦੌਰਾਨ ਕਮਿਸ਼ਨ ਨੇ ਮਨਮਰਜ਼ੀ ਨਾਲ 14 ਫ਼ੈਸਲੇ ਲਏ ਹਨ, ਜੋ ਕਾਨੂੰਨੀ ਤੌਰ ’ਤੇ ਸਵਾਲਾਂ ਦੇ ਘੇਰੇ ਵਿੱਚ ਹਨ। ਗਿਲਜੀਆਂ ਨੇ ਫਾਰਮ ਨੰਬਰ 6 ਵਿੱਚ ਕਥਿਤ ਬੇਨਿਯਮੀਆਂ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਇਸ ਫਾਰਮ ਵਿੱਚ ਬਿਨਾਂ ਲੋੜੀਂਦੀ ਮਨਜ਼ੂਰੀ ਦੇ ਬਦਲਾਅ ਨਹੀਂ ਕੀਤੇ ਜਾ ਸਕਦੇ, ਪਰ ਚੋਣ ਕਮਿਸ਼ਨ ਨੇ ਕਥਿਤ ਤੌਰ ’ਤੇ ਬਦਲਾਅ ਕਰਨ ਤੋਂ ਪਹਿਲਾਂ ਲੋੜੀਂਦੀ ਮਨਜ਼ੂਰੀ ਲੈਣੀ ਵੀ ਉਚਿਤ ਨਹੀਂ ਸਮਝੀ। ਧਾਰਾ 16 ਦੀ ਕਥਿਤ ਦੁਰਵਰਤੋਂ ’ਤੇ ਵੀ ਚੁੱਕੇ ਸਵਾਲ ਉਨ੍ਹਾਂ ਕਿਹਾ ਕਿ ਧਾਰਾ 16 ਤਹਿਤ ਅਧਿਕਾਰੀਆਂ ਨੂੰ ਅਜਿਹੀ ਸੁਰੱਖਿਆ ਦਿੱਤੇ ਜਾਣ ’ਤੇ ਸਵਾਲ ਉੱਠਦੇ ਹਨ, ਜਿਸ ਨਾਲ ਡਿਊਟੀ ਦੌਰਾਨ ਕੀਤੇ ਕੰਮਾਂ ਲਈ ਉਨ੍ਹਾਂ ਵਿਰੁੱਧ ਸੇਵਾਮੁਕਤੀ ਤੋਂ ਬਾਅਦ ਵੀ ਕਾਨੂੰਨੀ ਕਾਰਵਾਈ ਕਰਨ ਵਿੱਚ ਰੁਕਾਵਟ ਪੈ ਸਕਦੀ ਹੈ। ਉਨ੍ਹਾਂ ਮੰਗ ਕੀਤੀ ਕਿ ਚੋਣ ਪ੍ਰਕਿਰਿਆ ਦੀ ਪਾਰਦਰਸ਼ਤਾ ਯਕੀਨੀ ਬਣਾਈ ਜਾਵੇ ਇਸ ਮੌਕੇ ਐਡਵੋਕੇਟ ਰੋਹਿਤ ਜੋਸ਼ੀ, ਸੁਰਿੰਦਰ ਸਿੰਘ ਸਿੱਧੂ, ਰਣਜੀਤ ਕੁਮਾਰ, ਰਜਨੀਸ਼ ਟੰਡਨ, ਹੰਸਰਾਜ ਸਤਿਆਲ, ਐਡਵੋਕੇਟ ਲੇਹਲ, ਭੁਪਿੰਦਰ ਸਿੰਘ ਦਿਹਾਣਾ ਮੌਜੂਦ ਸਨ।