ਏਪੀਜੇ ਕਾਲਜ ਦੇ ਕਰਵਾ ਦੀਵਾਲੀ ਮੇਲੇ ’ਚ ਵਿਦਿਆਰਥੀਆਂ ਦੀ ਕਲਾਤਮਕ ਰੁਚੀ ਦੀ ਝਲਕ ਏ ਪੀ ਜੇ ਕਾਲਜ ਆਫ਼ ਫਾਈਨ ਆਰਟਸ ਦੇ ਕਰਵਾ ਦੀਵਾਲੀ ਮੇਲੇ ਵਿੱਚ ਵਿਦਿਆਰਥੀਆਂ ਦੀ ਕਲਾਤਮਕ ਰੁਚੀ ਅਤੇ ਸਿਰਜਣਾਤਮਕਤਾ ਦੀ ਝਲਕ
Publish Date: Wed, 28 Oct 2026 07:14 PM (IST)
Updated Date: Wed, 28 Oct 2026 07:16 PM (IST)
ਤੇਜਿਦੰਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਜਲੰਧਰ ਵਿਖੇ ਡਿਜ਼ਾਈਨ ਵਿਭਾਗ, ਫਾਈਨ ਆਰਟਸ ਵਿਭਾਗ ਅਤੇ ਫੈਸ਼ਨ ਮੇਕਓਵਰ ਵਿਭਾਗ ਦੇ ਸਾਂਝੇ ਉੱਦਮ ਨਾਲ ਕਰਵਾ ਦੀਵਾਲੀ ਮੇਲੇ ਦਾ ਸ਼ਾਨਦਾਰ ਕਰਵਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਜਲੰਧਰ ਦੇ ਗੰਗਾ ਆਰਥੋ ਕੇਅਰ ਹਸਪਤਾਲ ਦੀ ਡਾਇਰੈਕਟਰ ਸੁਗੰਧਾ ਅਤੇ ਐੱਨਐੱਚਐੱਸ ਹਸਪਤਾਲ ਦੀ ਮੈਡੀਕਲ ਡਾਇਰੈਕਟਰ ਅਤੇ ਫਰਟੀਲਿਟੀ ਸਲਿਊਸ਼ਨਜ਼ ਦੀ ਮਾਹਿਰ ਡਾ. ਵਿਭਾ ਚਿਤਕਾਰਾ ਨੇ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਏਪੀਜੇ ਐਜੂਕੇਸ਼ਨ ਦੀ ਡਾਇਰੈਕਟਰ ਡਾ. ਸੁਚਰਿਤਾ ਸ਼ਰਮਾ ਅਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਆਪਣੇ-ਆਪਣੇ ਖੇਤਰ ਵਿੱਚ ਸਿਰਜਣਾਤਮਕਤਾ ਅਤੇ ਵਿਲੱਖਣ ਪ੍ਰਤਿਭਾ ਦੇ ਬਲ ’ਤੇ ਉੱਚੀਆਂ ਬੁਲੰਦੀਆਂ ਹਾਸਲ ਕਰਨ ਵਾਲੀਆਂ ਸ਼ਖ਼ਸੀਅਤਾਂ ਸਾਡੇ ਵਿਚਕਾਰ ਮੌਜੂਦ ਹਨ। ਉਨ੍ਹਾਂ ਦੀਆਂ ਪ੍ਰਾਪਤੀਆਂ ਨਿਸ਼ਚਿਤ ਤੌਰ ’ਤੇ ਕਾਲਜ ਦੇ ਵਿਦਿਆਰਥੀਆਂ ਦੇ ਹੌਸਲੇ ਬੁਲੰਦ ਕਰਨ ਅਤੇ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕਰਨਗੀਆਂ। ਡਾ. ਢੀਂਗਰਾ ਨੇ ਕਿਹਾ ਕਿ ਦੀਵਾਲੀ ਮੇਲਾ ਵਿਦਿਆਰਥੀਆਂ ਦੀ ਕਲਾ ਪ੍ਰਤੀ ਰੁਚੀ, ਸਿਰਜਣਾਤਮਕਤਾ, ਮਾਰਕੀਟਿੰਗ ਦੇ ਹੁਨਰ ਅਤੇ ਵਿਹਾਰਕ ਕੌਸ਼ਲ ਨੂੰ ਪ੍ਰਦਰਸ਼ਿਤ ਕਰਨ ਦਾ ਸਭ ਤੋਂ ਉੱਤਮ ਮੰਚ ਹੈ। ਡਾ. ਸੁਚਰਿਤਾ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਦੀਵਾਲੀ ਮੇਲੇ ਦਾ ਆਯੋਜਨ ਬੇਹੱਦ ਸ਼ਲਾਘਾਯੋਗ ਹੈ, ਕਿਉਂਕਿ ਇਸ ਰਾਹੀਂ ਵਿਦਿਆਰਥੀਆਂ ਨੇ ਆਪਣੀ ਕਲਪਨਾਸ਼ੀਲਤਾ ਅਤੇ ਸਿਰਜਣਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੀਵਾਲੀ ਮੇਲੇ ਵਿੱਚ ਵਿਦਿਆਰਥੀਆਂ ਵੱਲੋਂ ਡਿਜ਼ਾਈਨਰ ਫਰਨੀਚਰ, ਵੁੱਡ ਕ੍ਰਾਫਟ, ਸਜਾਵਟੀ ਵਸਤਾਂ, ਫੋਟੋ ਬੂਥ, ਪੇਂਟਿੰਗਾਂ, ਫੋਟੋ ਫਰੇਮ, ਨੇਲ ਆਰਟ, ਨਕਲੀ ਗਹਿਣੇ, ਕੁਸ਼ਨ ਕਵਰ, ਬਲਾਕ ਪ੍ਰਿੰਟਿੰਗ ਨਾਲ ਤਿਆਰ ਕੀਤੇ ਕੁੜਤੇ ਅਤੇ ਦੁਪੱਟੇ, ਮੋਮ ਨਾਲ ਬਣੀਆਂ ਲੱਡੂ ਆਕਾਰ ਦੀਆਂ ਮੋਮਬੱਤੀਆਂ ਅਤੇ ਖਾਣ-ਪੀਣ ਦੀਆਂ ਵੱਖ-ਵੱਖ ਵਸਤਾਂ ਦੇ ਸਟਾਲ ਲਗਾਏ ਗਏ। ਫੈਸ਼ਨ ਮੇਕਓਵਰ ਵਿਭਾਗ ਦੇ ਵਿਦਿਆਰਥੀਆਂ ਨੇ ਕਰਵਾ ਚੌਥ ਦੇ ਸ਼ੁਭ ਮੌਕੇ ’ਤੇ ਸਭ ਦੇ ਹੱਥਾਂ ’ਤੇ ਸੁੰਦਰ ਮਹਿੰਦੀ ਲਗਾ ਕੇ ਮੇਲੇ ਦੀ ਰੌਣਕ ਵਿੱਚ ਹੋਰ ਵਾਧਾ ਕੀਤਾ। ਕਾਲਜ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਇਸ ਮੇਲੇ ਦਾ ਭਰਪੂਰ ਆਨੰਦ ਮਾਣਿਆ। ਡਾ. ਨੀਰਜਾ ਢੀਂਗਰਾ ਨੇ ਮੇਲੇ ਦੇ ਸਫ਼ਲ ਆਯੋਜਨ ਲਈ ਡਿਜ਼ਾਈਨ ਵਿਭਾਗ ਦੀ ਮੁਖੀ ਰਜਨੀ ਗੁਪਤਾ, ਰਜਨੀ ਕੁਮਾਰ, ਡਾ. ਗਗਨ ਗੰਭੀਰ ਅਤੇ ਮੀਨਲ ਸੰਧੂ ਦੀਆਂ ਕੋਸ਼ਿਸ਼ਾਂ ਦੀ ਭਰਪੂਰ ਸ਼ਲਾਘਾ ਕੀਤੀ।