ਹੀਰੋ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ, ਸ਼ੁਰੂਆਤੀ ਲੀਗ ਮੈਚ 'ਚ ਮਲੇਸ਼ੀਆ ਨੇ ਚੀਨ ਨੂੰ 5-4 ਨਾਲ ਹਰਾਇਆ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਹਾਕੀ ਚੈਂਪੀਅਨਸ਼ਿਪ ਟਰਾਫੀ ਦਾ ਆਗਾਜ਼ ਹੋ ਚੁੱਕਾ ਹੈ ਖਿਡਾਰੀਆਂ ਦੇ ਨਾਲ ਨਾਲ ਦਰਸ਼ਕਾਂ ਵਿੱਚ ਵੀ ਬਹੁਤ ਉਤਸ਼ਾਹ ਹੈ।
Publish Date: Tue, 27 Oct 2026 01:35 PM (IST)
Updated Date: Tue, 27 Oct 2026 04:09 PM (IST)
ਤੇਜਿੰਦਰ ਕੌਰ, ਪੰਜਾਬੀ ਜਾਗਰਣ , ਜਲੰਧਰ - ਚੀਨ ਦੀ ਟੀਮ ਮਲੇਸ਼ੀਆ ਤੋਂ ਏਸ਼ੀਅਨ ਖੇਡਾਂ ਵਿੱਚ ਮਿਲੀ ਹਾਰ ਦਾ ਬਦਲਾ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਵਿੱਚ ਵੀ ਨਹੀਂ ਲੈ ਸਕੀ। ਮਲੇਸ਼ੀਆ ਨੇ ਚੀਨ ਨੂੰ 5-4 ਗੋਲਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਸਤੰਬਰ ਵਿੱਚ ਜਾਪਾਨ ਵਿੱਚ ਹੋਈਆਂ ਏਸ਼ੀਅਨ ਖੇਡਾਂ ਦੌਰਾਨ ਮਲੇਸ਼ੀਆ ਨੇ ਚੀਨ ਨੂੰ 5-0 ਗੋਲਾਂ ਦੇ ਫ਼ਰਕ ਨਾਲ ਹਰਾਇਆ ਸੀ। ਉਸ ਹਾਰ ਦਾ ਬਦਲਾ ਲੈਣ ਲਈ ਚੀਨ ਦੀ ਟੀਮ ਮੈਦਾਨ ਵਿੱਚ ਉਤਰੀ ਸੀ, ਪਰ ਮਲੇਸ਼ੀਆ ਦੇ ਸ਼ਾਨਦਾਰ ਪ੍ਰਦਰਸ਼ਨ ਅੱਗੇ ਉਸ ਨੂੰ ਮੁੜ ਹਾਰ ਦਾ ਸਾਹਮਣਾ ਕਰਨਾ ਪਿਆ।
ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫ਼ੀ ਦੇ ਲੀਗ ਮੈਚ ਦੇ ਪਹਿਲੇ ਮੁਕਾਬਲੇ ਵਿੱਚ ਮਲੇਸ਼ੀਆ ਨੇ ਚੀਨ ਨੂੰ ਮਾਤ ਦਿੱਤੀ। ਮੈਚ ਦੌਰਾਨ ਦੋਵਾਂ ਟੀਮਾਂ ਨੇ ਤੇਜ਼ ਹਾਕੀ ਦਾ ਪ੍ਰਦਰਸ਼ਨ ਕੀਤਾ। ਆਖ਼ਰੀ ਕੁਆਰਟਰ ਤੱਕ ਮੁਕਾਬਲਾ ਰੋਮਾਂਚਕ ਬਣਿਆ ਰਿਹਾ।
ਪਹਿਲੇ ਕੁਆਰਟਰ ’ਚ ਦੋਵਾਂ ਟੀਮਾਂ ਨੇ ਕੀਤੇ ਗੋਲ ਪਹਿਲੇ ਕੁਆਰਟਰ ਵਿੱਚ ਮਲੇਸ਼ੀਆ ਦੇ ਖਿਡਾਰੀ ਅਜ਼ਰਾਈ ਅਬੂ ਕਮਲ ਨੇ ਚੌਥੇ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਟੀਮ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਤੋਂ ਬਾਅਦ ਚੀਨ ਦੇ ਖਿਡਾਰੀ ਵਾਂਗ ਯਾਕੀ ਨੇ 11ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਸਕੋਰ 1-1 ਕਰ ਦਿੱਤਾ।
ਚੀਨ ਦੇ ਖਿਡਾਰੀ ਨੀ ਮੋਡਾ ਨੇ 12ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਆਪਣੀ ਟੀਮ ਨੂੰ 2-1 ਨਾਲ ਅੱਗੇ ਕਰ ਦਿੱਤਾ। ਹਾਲਾਂਕਿ, ਮਲੇਸ਼ੀਆ ਦੇ ਅਜ਼ਰਾਈ ਅਬੂ ਕਮਲ ਨੇ 14ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਇਸੇ ਮਿੰਟ ਵਿੱਚ ਮਲੇਸ਼ੀਆ ਦੇ ਖਿਡਾਰੀ ਅਨੁਆਰ ਅਖਿਮੁੱਲਾ ਨੇ ਮੈਦਾਨੀ ਗੋਲ ਕਰਕੇ ਟੀਮ ਨੂੰ 3-2 ਦੀ ਬੜ੍ਹਤ ਦਿਵਾ ਦਿੱਤੀ।
ਤੀਜੇ ਕੁਆਰਟਰ ’ਚ ਮਲੇਸ਼ੀਆ ਨੇ ਬਣਾਈ ਬੜ੍ਹਤ
ਚੀਨ ਦੇ ਖਿਡਾਰੀ ਚੇਨ ਬੇਨਹਾਈ ਨੇ 27ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 3-3 ਕਰ ਦਿੱਤਾ। ਤੀਜੇ ਕੁਆਰਟਰ ਵਿੱਚ ਮਲੇਸ਼ੀਆ ਦੀ ਟੀਮ ਚੀਨ ’ਤੇ ਭਾਰੂ ਰਹੀ।
ਮਲੇਸ਼ੀਆ ਦੇ ਖਿਡਾਰੀ ਸਾਰੀ ਫੈਜ਼ਲ ਨੇ 34ਵੇਂ ਮਿੰਟ ਵਿੱਚ ਪੈਨਲਟੀ ਸਟ੍ਰੋਕ ਨੂੰ ਗੋਲ ਵਿੱਚ ਬਦਲ ਕੇ ਟੀਮ ਨੂੰ 4-3 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਅਜ਼ੀਮੁੱਦੀਨ ਕਮਰੁੱਦੀਨ ਨੇ 35ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਮਲੇਸ਼ੀਆ ਦੀ ਬੜ੍ਹਤ 5-3 ਕਰ ਦਿੱਤੀ।
ਆਖ਼ਰੀ ਕੁਆਰਟਰ ਤੱਕ ਰਿਹਾ ਰੋਮਾਂਚ ਮੈਚ ਦੇ 44ਵੇਂ ਮਿੰਟ ਵਿੱਚ ਚੀਨ ਦੇ ਚੇਨ ਬੇਨਹਾਈ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 5-4 ਕਰ ਦਿੱਤਾ। ਇਸ ਤੋਂ ਬਾਅਦ ਚੀਨ ਨੇ ਬਰਾਬਰੀ ਕਰਨ ਦੀ ਕੋਸ਼ਿਸ਼ ਕੀਤੀ, ਪਰ ਮਲੇਸ਼ੀਆ ਨੇ ਆਪਣੀ ਬੜ੍ਹਤ ਕਾਇਮ ਰੱਖੀ ਅਤੇ ਆਖ਼ਰਕਾਰ 5-4 ਨਾਲ ਜਿੱਤ ਦਰਜ ਕੀਤੀ।