- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਨਗਣਨਾ-2027 ਸਬੰਧੀ ਬਰਲਟਨ ਪਾਰਕ ਵਿਖੇ ਲਗਾਇਆ ਜਾਗਰੂਕਤਾ ਸਟਾਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਨਗਣਨਾ-2027 ਦੇ ਦੂਜੇ ਪੜਾਅ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ਹਿਰ ਦੇ ਬਰਲਟਨ ਪਾਰਕ ਵਿਖੇ ਵਿਸ਼ੇਸ਼ ਜਾਗਰੂਕਤਾ ਸਟਾਲ ਲਗਾਇਆ ਗਿਆ। ਇਸ ਸਟਾਲ ਰਾਹੀਂ ਆਮ ਲੋਕਾਂ ਨੂੰ ਜਨਗਣਨਾ ਦੀ ਮਹੱਤਤਾ, ਇਸ ਦੇ ਮੁੱਖ ਉਦੇਸ਼ਾਂ ਅਤੇ ਇਸ ਪ੍ਰਕਿਰਿਆ ਵਿੱਚ ਨਾਗਰਿਕਾਂ ਦੀ ਭੂਮਿਕਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸਟਾਲ ’ਤੇ ਪਹੁੰਚਣ ਵਾਲੇ ਲੋਕਾਂ ਨੂੰ ਦੱਸਿਆ ਗਿਆ ਕਿ ਜਨਗਣਨਾ ਦੇ ਦੂਜੇ ਪੜਾਅ ਤਹਿਤ ਸਵੈ-ਗਣਨਾ ਦੀ ਪ੍ਰਕਿਰਿਆ 16 ਨਵੰਬਰ ਤੋਂ 30 ਨਵੰਬਰ 2026 ਤੱਕ ਚੱਲੇਗੀ, ਜਦਕਿ ਆਬਾਦੀ ਦੀ ਗਣਨਾ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਕੀਤੀ ਜਾਵੇਗੀ। ਇਸ ਦੌਰਾਨ ਲੋਕਾਂ ਨੂੰ ਜਨਗਣਨਾ ਨਾਲ ਜੁੜੀਆਂ ਅਹਿਮ ਤਰੀਕਾਂ ਅਤੇ ਪ੍ਰਕਿਰਿਆ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ, ਤਾਂ ਜੋ ਉਹ ਸਮੇਂ ਸਿਰ ਇਸ ਵਿੱਚ ਹਿੱਸਾ ਲੈ ਸਕਣ। ਇਸ ਮੌਕੇ ਲੋਕਾਂ ਨੂੰ ਦੱਸਿਆ ਗਿਆ ਕਿ ਜਨਗਣਨਾ ਦੇਸ਼ ਦੇ ਸਮਾਜਿਕ ਤੇ ਆਰਥਿਕ ਵਿਕਾਸ ਦੀ ਯੋਜਨਾਬੰਦੀ ਲਈ ਇੱਕ ਅਹਿਮ ਆਧਾਰ ਹੈ। ਜਨਗਣਨਾ ਰਾਹੀਂ ਪ੍ਰਾਪਤ ਹੋਣ ਵਾਲੇ ਅੰਕੜੇ ਵੱਖ-ਵੱਖ ਸਰਕਾਰੀ ਯੋਜਨਾਵਾਂ ਤਿਆਰ ਕਰਨ, ਲੋਕਾਂ ਦੀਆਂ ਲੋੜਾਂ ਨੂੰ ਸਮਝਣ ਅਤੇ ਵਿਕਾਸ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਵਿੱਚ ਸਹਾਇਕ ਹੁੰਦੇ ਹਨ। ਆਮ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਜਨਗਣਨਾ ਸਬੰਧੀ ਜਾਣਕਾਰੀ ਨੂੰ ਧਿਆਨ ਨਾਲ ਸਮਝਣ, ਨਿਰਧਾਰਤ ਸਮੇਂ ਅਨੁਸਾਰ ਆਪਣੀ ਭਾਗੀਦਾਰੀ ਯਕੀਨੀ ਬਣਾਉਣ ਅਤੇ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਸਫ਼ਲ ਬਣਾਉਣ ਲਈ ਪੂਰਾ ਸਹਿਯੋਗ ਦੇਣ।