ਵਰਿਆਣਾ ਜਾਣ ਵਾਲੀ ਟੁੱਟੀ ਸੜਕ ਬਣਾਉਣ ਨੂੰ ਲੈ ਕੇ ਕੌਂਸਲਰ ਦੀ ਅਗਵਾਈ ’ਚ ਲੋਕਾਂ ਨੇ ਦਿੱਤਾ ਧਰਨਾ ਵਰਿਆਣਾ ਜਾਣ ਵਾਲੀ ਟੁੱਟੀ ਸੜਕ ਬਨਾਉਣ ਨੂੰ ਲੈ ਕੇ ਕੋਂਸਲਰ ਦੀ ਅਗਵਾਈ ’ਚ ਲੋਕਾਂ ਨੇ ਧਰਨਾ ਦਿੱਤਾ
Publish Date: Wed, 28 Oct 2026 07:32 PM (IST)
Updated Date: Wed, 28 Oct 2026 07:34 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ ਜਲੰਧਰ : ਬੁੱਧਵਾਰ ਨੂੰ ਵਾਰਡ ਨੰਬਰ 60 ਦੇ ਕੌਂਸਲਰ ਗੁਰਜੀਤ ਸਿੰਘ ਘੁੰਮਣ ਦੀ ਅਗਵਾਈ ’ਚ ਲੋਕਾਂ ਨੇ ਗੌਤਮ ਨਗਰ ਤੋਂ ਵਰਿਆਣਾ ਡੰਪ ’ਤੇ ਜਾਣ ਵਾਲੀ ਸੜਕ ’ਤੇ ਧਰਨਾ ਦਿੱਤਾ ਅਤੇ ਨਗਰ ਨਿਗਮ ਵਿਰੁੱਧ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਸੜਕ ਤੋਂ ਨਗਰ ਨਿਗਮ ਦੀਆਂ ਵੱਡੀਆਂ ਕੂੜੇ ਨਾਲ ਭਰੀਆਂ ਗੱਡੀਆਂ ਵਰਿਆਣਾ ਡੰਪ ’ਤੇ ਜਾਂਦੀਆਂ ਹਨ, ਜਿਸ ਕਾਰਨ ਉਕਤ ਸੜਕ ਟੁੱਟੀ ਚੁੱਕੀ ਹੈ ਅਤੇ ਇਸ ਨੂੰ ਬਣਾਉਣ ਲਈ ਅਨੇਕਾਂ ਵਾਰ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਤੇ ਮੰਗ ਪੱਤਰ ਵੀ ਦਿੱਤਾ ਗਿਆ, ਪਰ ਜਦੋਂ ਕੋਈ ਸੁਣਵਾਈ ਨਾ ਹੋਈ ਤਾਂ ਉਨ੍ਹਾਂ ਨੂੰ ਮਜਬੂਰ ਹੋ ਕੇ ਗੌਤਮ ਨਗਰ ਤੋਂ ਵਰਿਆਣਾ ਜਾਣ ਵਾਲੀ ਟੁੱਟੀ ਸੜਕ ’ਤੇ ਧਰਨਾ ਦੇਣਾ ਪਿਆ ਤੇ ਲੋਕਾਂ ਨੇ ਉੱਥੇ ਵਿਖਾਵਾ ਵੀ ਕੀਤਾ। ਉਨ੍ਹਾਂ ਕਿਹਾ ਕਿ ਸੜਕ ਟੁੱਟੀ ਹੋਣ ਕਾਰਨ ਉੱਥੇ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਹੁੰਦਾ ਰਹਿੰਦਾ ਹੈ ਪਰ ਨਗਰ ਨਿਗਮ ਪ੍ਰਸ਼ਾਸਨ ਉਨ੍ਹਾਂ ਦੀ ਉਚਿਤ ਮੰਗ ਨੂੰ ਨਜ਼ਰਅੰਦਾਜ਼ ਕਰ ਰਿਹਾ ਹੈ, ਜਿਸ ਕਾਰਨ ਉਸ ਨੂੰ ਜਗਾਉਣ ਲਈ ਬੁੱਧਵਾਰ ਨੂੰ ਉਕਤ ਸੜਕ ’ਤੇ ਧਰਨਾ ਦਿੱਤਾ ਗਿਆ ਤੇ ਵਿਖਾਵਾ ਕੀਤਾ ਗਿਆ। ਉਨ੍ਹਾਂ ਚਿਤਾਵਨੀ ਦਿੱਤੀ ਹੈ ਕਿ ਜੇ ਸੜਕ ਛੇਤੀ ਨਾ ਬਣਾਈ ਗਈ ਤਾਂ ਫਿਰ ਨਗਰ ਨਿਗਮ ਵਿਖੇ ਧਰਨਾ ਤੇ ਵਿਖਾਵਾ ਕਰਨ ਲਈ ਉਹ ਮਜਬੂਰ ਹੋਣਗੇ। ਇਹ ਵਰਨਣਯੋਗ ਹੈ ਕਿ ਵਰਿਆਣਾ ਡੰਪ ਵੱਲ ਜਾਣ ਵਾਲੀ ਸੜਕ ਪਿਛਲੇ ਕਾਫੀ ਸਮੇਂ ਤੋਂ ਇਸ ਲਈ ਟੁੱਟੀ ਰਹਿੰਦੀ ਹੈ ਕਿਉਂ ਕਿ ਡੰਪ ਦੇ ਕੂੜੇ ਦਾ ਪਾਣੀ ਰਿਸਦਾ ਰਹਿਣ ਕਾਰਨ ਸੜਕ ਗਿੱਲੀ ਰਹਿੰਦੀ ਹੈ, ਜਿਸ ਕਾਰਨ ਉਹ ਟੁੱਟ ਜਾਂਦੀ ਹੈ। ਇਹ ਸੜਕ ਨੂੰ ਬਨਾਉਣ ਲਈ ਲਗਪਗ 90 ਲੱਖ ਦਾ ਐਸਟੀਮੇਟ ਵੀ ਪਾਸ ਹੋਇਆ ਸੀ, ਪਰ ਕਿਉਂ ਨਹੀਂ ਬਣੀ ਇਸ ਬਾਰੇ ਨਿਗਮ ਪ੍ਰਸ਼ਾਸਨ ਹੀ ਦਸ ਸਕਦਾ ਹੈ। ਸੀਵਰੇਜ ਜਾਮ ਕਾਰਨ ਹੋਇਆ ਵਿਖਾਵਾ : ਇਸ ਦੌਰਾਨ ਬਸਤੀ ਪੀਰਦਾਦ=ਲੈਦਰ ਕੰਪਲੈਕਸ ਰੋਡ ਤੇ ਸੀਵਰੇਜ ਜਾਮ ਕਾਰਨ ਮੌਜੂਦਾ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਧਰਨਾ ਦਿੱਤਾ ਅਤੇ ਵਿਖਾਵਾ ਕਰ ਕੇ ਨਗਰ ਨਿਗਮ ਵਿਰੁੱਧ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਨੇ ਦੋਸ਼ ਲਾਇਆ ਕਿ ਉਕਤ ਰੋਡ ’ਤੇ ਅਕਸਰ ਸੀਵਰੇਜ ਬੰਦ ਰਹਿਣ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਕੇ ਰਹਿ ਗਿਆ ਹੈ। ਬਾਜ਼ਾਰ ’ਚ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਦੁਕਾਨਾਂ ਤੇ ਗਾਹਕ ਨਹੀਂ ਆ ਰਿਹਾ ਹੈ। ਇਲਾਕੇ ਦੀਆਂ ਅਬਾਦੀਆਂ ਅਨੂਪ ਨਗਰ, ਰਾਜਨ ਨਗਰ, ਨਿਊ ਰਾਜਨ ਨਗਰ ਆਦਿ ਜਾਣ ਲਈ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਦਾਰਾਂ ਅਨੁਸਾਰ ਤਿਉਹਾਰਾਂ ਦਾ ਸੀਜਨ ਹੈ ਤੇ ਗੰਦਾ ਪਾਣੀ ਸੜਕਾਂ ਤੇ ਹੋਣ ਕਾਰਨ ਗਾਹਕ ਦੁਕਾਨਾਂ ’ਤੇ ਨਹੀਂ ਆ ਰਹੇ ਹਨ, ਜਿਸ ਕਾਰਨ ਉਨ੍ਹਾਂ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਦੁਕਾਨਦਾਰਾਂ ਦੀ ਮੰਗ ਹੈ ਕਿ ਨਿਗਮ ਪ੍ਰਸ਼ਾਸਨ ਛੇਤੀ ਸੀਵਰੇਜ ਦੀ ਸਮੱਸਿਆ ਦਾ ਹੱਲ ਕਰੇ ਤਾਂ ਜੋ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਨਾ ਹੋਣ। ਸ਼ਹਿਰ ’ਚ ਪਾਣੀ ਦੀ ਸਮੱਸਿਆ : ਸ਼ਹਿਰ ਦੇ ਕਈ ਇਲਾਕਿਆਂ ’ਚ ਟਿਊਬਵੈੱਲ ਖ਼ਰਾਬ ਹੋਣ ਕਾਰਨ ਪੀਣ ਦੇ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ ਅਤੇ ਜਿਹੜੇ ਇਲਾਕੇ ਪ੍ਰਭਾਵਿਤ ਹਨ, ਉਨ੍ਹਾਂ ’ਚ ਸੈਂਟਰਲ ਟਾਊਨ, ਰਾਜਿੰਦਰ ਨਗਰ, ਕ੍ਰਿਸ਼ਨਾ ਨਗਰ, ਮਾਸਟਰ ਤਾਰਾ ਸਿੰਘ ਨਗਰ, ਅਰਜਨ ਨਗਰ, ਨਿਊ ਇੰਦਰਾ ਕਾਲੋਨੀ ਆਦਿ ਸ਼ਾਮਲ ਹਨ। ਟਿਊਬਵੈੱਲਾਂ ’ਤੇ ਘਟੀਆ ਮੋਟਰਾਂ ਲੱਗਣ ਕਾਰਨ ਹੀ ਟਿਊਬਵੈੱਲ ਖ਼ਰਾਬ ਹੋ ਰਹੇ ਹਨ ਅਤੇ ਜਿਹੜੀਆਂ ਖ਼ਰਾਬ ਮੋਟਰਾਂ ਮੁਰੰਮਤ ਲਈ ਜਾਂਦੀਆਂ ਹਨ, ਉਨ੍ਹਾਂ ਦਾ ਮਟੀਰੀਅਲ ਵੀ ਘਟੀਆ ਲਗਾਏ ਜਾਣ ਕਾਰਨ ਮੋਟਰਾਂ ਛੇਤੀ ਖ਼ਰਾਬ ਹੋ ਰਹੀਆਂ ਹਨ, ਜਿਸ ਕਾਰਨ ਸ਼ਹਿਰ ਦੇ ਅਨੇਕਾਂ ਇਲਾਕਿਆਂ ’ਚ ਪਾਣੀ ਦੀ ਸਮੱਸਿਆ ਪੈਦਾ ਹੋ ਗਈ ਹੈ। ਇਹ ਵੀ ਦੱਸਿਆ ਜਾਂਦਾ ਹੈ ਕਿ ਬੀਐੱਮਸੀ ਚੌਕ ਨੇੜੇ ਨੈਚੂਰਲ ਗੈਸ ਪੀਐੱਨਜੀ ਪਾਈਪ ਲਾਉਣ ਪਾਉਣ ਦੌਰਾਨ ਸੀਵਰੇਜ ਦੇ ਪਾਣੀ ਨੂੰ ਨੁਕਸਾਨ ਪੁੱਜਾ ਹੈ, ਜਿਸ ਕਾਰਨ ਮਾਸਟਰ ਤਾਰਾ ਸਿੰਘ ਨਗਰ ਦੇ ਦੋ ਟਿਊਬਵੈੱਲਾਂ ਨੂੰ ਬੰਦ ਕਰ ਦਿੱਤਾ ਗਿਆ ਅਤੇ ਉੱਥੇ ਪਾਣੀ ਦੀ ਕਿੱਲਤ ਪੈਦਾ ਹੋ ਗਈ ਸੀ ਅਤੇ ਪਾਈਪ ਦੀ ਮੁਰੰਮਤ ਤੋਂ ਬਾਅਦ ਪੀਣ ਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰ ਦਿੱਤਾ ਗਿਆ।