- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ਼ਤਿਹਾਰ ’ਚ ਦਾਅਵਾ ਕੀਤਾ ਗਿਆ ਸੀ ਕਿ ਸਿਰਫ਼ 200 ਰੁਪਏ ਵਿੱਚ ਆਟੇ ਦੀ ਬੋਰੀ ਤੇ ਹੋਰ ਰਾਸ਼ਨ ਬਾਜ਼ਾਰ ਨਾਲੋਂ ਕਾਫ਼ੀ ਘੱਟ ਕੀਮਤ 'ਤੇ ਦਿੱਤਾ ਜਾ ਰਿਹਾ ਹੈ। ਆਫ਼ਰ ਦੇਖ ਕੇ ਔਰਤ ਨੇ ਇਸ਼ਤਿਹਾਰ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕੀਤਾ ਅਤੇ ਕੁਝ ਲੋੜੀਂਦੀ ਜਾਣਕਾਰੀ ਭਰ ਦਿੱਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਹਿੰਗਾਈ ਦੇ ਇਸ ਦੌਰ ਵਿੱਚ ਸਸਤੇ ਰਾਸ਼ਨ ਦਾ ਲਾਲਚ ਇਕ ਔਰਤ ਨੂੰ ਮਹਿੰਗਾ ਪੈ ਗਿਆ। ਜਲੰਧਰ ਦੇ ਮਕਸੂਦਾਂ ਇਲਾਕੇ ਦੀ ਇੱਕ ਮਹਿਲਾ ਇੰਟਰਨੈੱਟ 'ਤੇ ਸਸਤੇ ਰਾਸ਼ਨ ਦਾ ਇਸ਼ਤਿਹਾਰ ਦੇਖ ਕੇ ਸਾਈਬਰ ਠੱਗੀ ਦਾ ਸ਼ਿਕਾਰ ਹੋ ਗਈ। ਇਸ਼ਤਿਹਾਰ ’ਚ ਦਾਅਵਾ ਕੀਤਾ ਗਿਆ ਸੀ ਕਿ ਸਿਰਫ਼ 200 ਰੁਪਏ ਵਿੱਚ ਆਟੇ ਦੀ ਬੋਰੀ ਤੇ ਹੋਰ ਰਾਸ਼ਨ ਬਾਜ਼ਾਰ ਨਾਲੋਂ ਕਾਫ਼ੀ ਘੱਟ ਕੀਮਤ 'ਤੇ ਦਿੱਤਾ ਜਾ ਰਿਹਾ ਹੈ। ਆਫ਼ਰ ਦੇਖ ਕੇ ਔਰਤ ਨੇ ਇਸ਼ਤਿਹਾਰ ਵਿੱਚ ਦਿੱਤੇ ਲਿੰਕ 'ਤੇ ਕਲਿੱਕ ਕੀਤਾ ਅਤੇ ਕੁਝ ਲੋੜੀਂਦੀ ਜਾਣਕਾਰੀ ਭਰ ਦਿੱਤੀ। ਕੁਝ ਹੀ ਮਿੰਟਾਂ ਵਿੱਚ ਉਸ ਦੇ ਬੈਂਕ ਖਾਤੇ ਵਿੱਚੋਂ 75 ਹਜ਼ਾਰ ਰੁਪਏ ਕੱਟ ਗਏ। ਮੋਬਾਈਲ 'ਤੇ ਰਕਮ ਕੱਟਣ ਦਾ ਸੁਨੇਹਾ ਆਉਂਦੇ ਹੀ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਬੈਂਕ ਨਾਲ ਸੰਪਰਕ ਕੀਤਾ ਅਤੇ ਸਾਈਬਰ ਕ੍ਰਾਈਮ ਪੋਰਟਲ ਦੇ ਨਾਲ-ਨਾਲ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ’ਚ ਇਹ ਮੰਨਿਆ ਜਾ ਰਿਹਾ ਹੈ ਕਿ ਇਹ ਠੱਗੀ ਕਿਸੇ ਫਰਜ਼ੀ ਵੈੱਬਸਾਈਟ ਜਾਂ ਫਿਸ਼ਿੰਗ ਲਿੰਕ ਰਾਹੀਂ ਕੀਤੀ ਗਈ ਹੈ। ਕਿਵੇਂ ਕੰਮ ਕਰਦਾ ਹੈ ਸਾਈਬਰ ਠੱਗੀ ਦਾ ਜਾਲ ਸਾਈਬਰ ਠੱਗ ਸੋਸ਼ਲ ਮੀਡੀਆ, ਵ੍ਹਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਗੂਗਲ ਇਸ਼ਤਿਹਾਰਾਂ ਰਾਹੀਂ ਅਜਿਹੇ ਆਫ਼ਰ ਦਿਖਾਉਂਦੇ ਹਨ ਜੋ ਆਮ ਲੋਕਾਂ ਨੂੰ ਬਹੁਤ ਆਕਰਸ਼ਕ ਲੱਗਦੇ ਹਨ। ਇਨ੍ਹਾਂ ਵਿੱਚ 200 ਜਾਂ 300 ਰੁਪਏ ਵਿੱਚ ਰਾਸ਼ਨ ਕਿੱਟ, ਮੁਫ਼ਤ ਗੈਸ ਸਿਲੰਡਰ, ਸਰਕਾਰੀ ਸਬਸਿਡੀ, ਪ੍ਰਧਾਨ ਮੰਤਰੀ ਯੋਜਨਾ ਜਾਂ ਬੀਪੀਐੱਲ ਕਾਰਡ ਦੇ ਨਾਂ 'ਤੇ ਸਸਤਾ ਸਮਾਨ ਦੇਣ ਦਾ ਲਾਲਚ ਦਿੱਤਾ ਜਾਂਦਾ ਹੈ। ਜਿਵੇਂ ਹੀ ਕੋਈ ਵਿਅਕਤੀ ਲਿੰਕ 'ਤੇ ਕਲਿੱਕ ਕਰਦਾ ਹੈ, ਉਸ ਨੂੰ ਇੱਕ ਫਰਜ਼ੀ ਵੈੱਬਸਾਈਟ 'ਤੇ ਭੇਜ ਦਿੱਤਾ ਜਾਂਦਾ ਹੈ। ਉੱਥੇ ਮੋਬਾਈਲ ਨੰਬਰ, ਬੈਂਕ ਖਾਤੇ ਦੀ ਜਾਣਕਾਰੀ, ਡੈਬਿਟ ਕਾਰਡ, ਓਟੀਪੀ ਜਾਂ ਯੂਪੀਆਈ ਨਾਲ ਸਬੰਧਤ ਜਾਣਕਾਰੀ ਮੰਗੀ ਜਾਂਦੀ ਹੈ। ਕਈ ਵਾਰ ਲਿੰਕ 'ਤੇ ਕਲਿੱਕ ਕਰਦੇ ਹੀ ਮੋਬਾਈਲ ਵਿੱਚ ਮਾਲਵੇਅਰ ਇੰਸਟਾਲ ਹੋ ਜਾਂਦਾ ਹੈ, ਜਿਸ ਨਾਲ ਠੱਗ ਫੋਨ ਦੀ ਜਾਣਕਾਰੀ ਤੱਕ ਪਹੁੰਚ ਬਣਾ ਲੈਂਦੇ ਹਨ। ਪਹਿਲਾਂ ਵੀ ਹੋ ਚੁੱਕੇ ਹਨ ਅਜਿਹੇ ਮਾਮਲੇ... ਸਾਈਬਰ ਥਾਣੇ ’ਚ ਦਰਜ ਇੱਕ ਮਾਮਲੇ ਵਿੱਚ ਜਲੰਧਰ ਦੇ ਸੂਰਾਨੱਸੀ ਨੇੜੇ ਰਹਿੰਦੇ ਇੱਕ ਰਾਸ਼ਨ ਵਪਾਰੀ ਦੀ ਪਤਨੀ ਨੇ ਸਸਤੇ ਰਾਸ਼ਨ ਦਾ ਇਸ਼ਤਿਹਾਰ ਦੇਖ ਕੇ ਇੰਟਰਨੈੱਟ 'ਤੇ ਦਿੱਤੇ ਲਿੰਕ 'ਤੇ ਕਲਿੱਕ ਕੀਤਾ ਸੀ। ਉਸ ਮਾਮਲੇ ਵਿੱਚ ਵੀ ਉਸ ਦੇ ਖਾਤੇ ਵਿੱਚੋਂ 22 ਹਜ਼ਾਰ ਰੁਪਏ ਕੱਟੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸੇ ਤਰ੍ਹਾਂ ਫਿਲੌਰ ਦੀ ਇੱਕ ਸਕੂਲ ਅਧਿਆਪਕਾ ਨੇ ਸਸਤੇ ਕਾਸਮੈਟਿਕ ਸਮਾਨ ਦਾ ਇਸ਼ਤਿਹਾਰ ਦੇਖ ਕੇ ਇੰਟਰਨੈੱਟ 'ਤੇ ਆਏ ਲਿੰਕ 'ਤੇ ਕਲਿੱਕ ਕੀਤਾ, ਜਿਸ ਤੋਂ ਬਾਅਦ ਉਸ ਦੇ ਖਾਤੇ ਵਿੱਚੋਂ ਵੀ ਹਜ਼ਾਰਾਂ ਰੁਪਏ ਕੱਟ ਲਏ ਗਏ। ਇਸ ਮਾਮਲੇ ਦੀ ਵੀ ਸਾਈਬਰ ਸੈੱਲ ਵਿੱਚ ਸ਼ਿਕਾਇਤ ਕੀਤੀ ਗਈ ਸੀ। ਅਜਿਹੇ ਕਈ ਮਾਮਲੇ ਸਾਈਬਰ ਥਾਣੇ ਵਿੱਚ ਦਰਜ ਹਨ, ਜਿਨ੍ਹਾਂ ਦੀ ਪੁਲਿਸ ਜਾਂਚ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਮਾਮਲੇ ਵਿੱਚ ਕੋਈ ਦੋਸ਼ੀ ਗ੍ਰਿਫ਼ਤਾਰ ਨਹੀਂ ਹੋਇਆ। ਸਾਈਬਰ ਮੁਲਜ਼ਮ ਹੁਣ ਤਕਨਾਲੋਜੀ ਦੇ ਨਾਲ-ਨਾਲ ਲੋਕਾਂ ਦੀਆਂ ਭਾਵਨਾਵਾਂ ਅਤੇ ਲੋੜਾਂ ਦਾ ਵੀ ਫਾਇਦਾ ਉਠਾ ਰਹੇ ਹਨ। ਭਾਵੇਂ ਗੱਲ ਸਸਤੇ ਰਾਸ਼ਨ ਦੀ ਹੋਵੇ, ਨੌਕਰੀ, ਲੋਨ, ਵਿਆਹ, ਨਿਵੇਸ਼ ਜਾਂ ਕਿਸੇ ਸਰਕਾਰੀ ਯੋਜਨਾ ਦੀ -ਜੇਕਰ ਕੋਈ ਆਫ਼ਰ ਅਸਧਾਰਨ ਤੌਰ 'ਤੇ ਆਕਰਸ਼ਕ ਲੱਗੇ ਤਾਂ ਪਹਿਲਾਂ ਉਸ ਦੀ ਪੂਰੀ ਜਾਂਚ ਕਰੋ। ਯਾਦ ਰੱਖੋ, ਕੁਝ ਮਿੰਟਾਂ ਦੀ ਸਾਵਧਾਨੀ ਤੁਹਾਡੀ ਸਾਲਾਂ ਦੀ ਕਮਾਈ ਨੂੰ ਸੁਰੱਖਿਅਤ ਰੱਖ ਸਕਦੀ ਹੈ। – ਪਰਵਿੰਦਰ ਸਿੰਘ, ਸਾਈਬਰ ਮਾਹਿਰ