ਲਾਅਰਿਆਂ ਤੋਂ ਅੱਕੇ ਨਰੇਗਾ ਮੁਲਾਜ਼ਮਾਂ ਨੇ ਸਰਕਾਰ ਦੇ ਵਾਅਦਿਆਂ ਦੀ ਸਾੜੀ ਪੰਡ ਸਰਕਾਰ ਦੇ ਲਾਰਿਆਂ ਤੋਂ ਅੱਕੇ ਨਰੇਗਾ ਮੁਲਾਜ਼ਮਾਂ ਵੱਲੋਂ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜੀ ਗਈ
Publish Date: Fri, 10 Jul 2026 08:25 PM (IST)
Updated Date: Fri, 10 Jul 2026 08:27 PM (IST)
ਪਿਛਲੇ 18 ਸਾਲਾਂ ’ਚ ਝੂਠੇ ਲਾਅਰਿਆਂ ਤੋਂ ਇਲਾਵਾ ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਦਾ ਕੱਖ ਨਹੀਂ ਕੀਤਾ : ਮੁਲਾਜ਼ਮ ਆਗੂ 15 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਕੋਠੀ ਘੇਰਨ ਦਾ ਕੀਤਾ ਐਲਾਨ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਪਣੀਆਂ ਸੇਵਾਵਾਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਿੱਚ ਮਰਜ ਕਰ ਕੇ ਪੱਕੀਆਂ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 40 ਦਿਨਾਂ ਤੋਂ ਹੜਤਾਲ ’ਤੇ ਚੱਲ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਬਲਾਕ ਕਪੂਰਥਲਾ ਵਿਚ ਇਕ ਇਕੱਠ ਕੀਤਾ ਗਿਆ। ਇੱਥੋਂ ਤਿਆਰੀ ਕਰ ਕੇ ਪੰਜਾਬ ਸਰਕਾਰ ਦੇ ਵਾਅਦਿਆਂ ਦੀ ਪੰਡ ਨਾਲ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਇੱਕ ਰੋਸ ਰੈਲੀ ਕੱਢੀ ਗਈ। ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਕ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਤੋਂ ਬਾਅਦ ਸਰਕਾਰ ਦੇ ਵਾਅਦਿਆਂ ਦੀ ਪੰਡ ਸਾੜੀ ਗਈ। ਮੁਲਾਜ਼ਮਾਂ ਦਾ ਸਾਥ ਦੇਣ ਲਈ ਵੱਡੀ ਗਿਣਤੀ ਨਰੇਗਾ ਮਜ਼ਦੂਰ ਵੀ ਪੁੱਜੇ ਹੋਏ ਸਨ। ਉਪਰੰਤ ਇਕ ਮੰਗ ਪੱਤਰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਸਾਂਝੇ ਤੌਰ ’ਤੇ ਸੌਂਪਿਆ ਗਿਆ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਰਾਮ ਦਿੱਤਾ ਨੇ ਦੱਸਿਆ ਕਿ ਅਸੀਂ 18 ਸਾਲਾਂ ਤੋਂ ਕੰਟਰੈਕਟ ਆਧਾਰਿਤ ਨੌਕਰੀ ਕਰ ਰਹੇ ਹਾਂ। ਸਮੇਂ ਦੀਆਂ ਸਰਕਾਰਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਨਰੇਗਾ ਮੁਲਾਜ਼ਮਾਂ ਨੂੰ ਵਰਤਿਆ ਜਾਂਦਾ ਰਿਹਾ ਹੈ। ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਗਿਆ ਸੀ। ਸਾਢੇ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਪੰਜਾਬ ਸਰਕਾਰ ਦਾ ਅਫ਼ਸਰਸ਼ਾਹੀ ਦੀਆਂ ਮਨਮਾਨੀਆਂ ’ਤੇ ਕੋਈ ਕੰਟਰੋਲ ਨਹੀਂ ਹੈ। ਪਿਛਲੇ 40 ਦਿਨਾਂ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨਾਲ ਤਿੰਨ ਪੈਨਲ ਮੀਟਿੰਗਾਂ ਹੋ ਚੁੱਕੀਆਂ ਹਨ। ਦੋਵਾਂ ਮੰਤਰੀਆਂ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਜਾਇਜ਼ ਠਹਿਰਾਉਣ ਤੋਂ ਬਾਅਦ ਵੀ ਅਫ਼ਸਰਸ਼ਾਹੀ ਨੇ ਮੁਲਾਜ਼ਮਾਂ ਦਾ ਕੱਖ ਨਹੀਂ ਕੀਤਾ। 7 ਜੁਲਾਈ ਨੂੰ ਹੋਈ ਉੱਚ ਪੱਧਰੀ ਮੀਟਿੰਗ ਵਿੱਚ ਅਫ਼ਸਰਸ਼ਾਹੀ ਵੱਲੋਂ 15 ਸਾਲ ਪੁਰਾਣੇ ਲਾਅਰਿਆਂ ਤੋਂ ਇਲਾਵਾ ਮੁਲਾਜ਼ਮਾਂ ਲਈ ਕੁੱਝ ਵੀ ਨਹੀਂ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਅਫਸਰਾਂ ਵੱਲੋਂ ਫਾਈਲ ਤਿਆਰ ਕਰਨ ਦੀ ਰੱਟ ਲਾਈ ਰੱਖੀ ਜਦੋਂ ਕਿ ਇਕ ਜੂਨ ਦੀ ਮੀਟਿੰਗ ਵਿੱਚ ਵੀ ਇਹੀ ਬਹਾਨਾ ਸੀ ਪਰ ਮੰਤਰੀ ਜੀ ਨੇ ਇੱਕ ਹਫਤੇ ਦਾ ਸਮਾਂ ਦਿੱਤਾ ਸੀ। ਵਿਭਾਗ ਦੇ ਉੱਚ ਅਧਿਕਾਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਨੌਕਰੀ ਤੋਂ ਕੱਢ ਕੇ ਨਵੀਂ ਭਰਤੀ ਕਰਨ ਦੀਆਂ ਧਮਕੀਆਂ ਦੇ ਰਹੇ ਹਨ। ਮੰਤਰੀ ਅਫ਼ਸਰਸ਼ਾਹੀ ਅੱਗੇ ਬੇਵੱਸ ਨਜ਼ਰ ਆਏ ਜਿਸ ਦੇ ਰੋਸ ਵਜੋਂ ਹੀ ਅੱਜ ਦਾ ਪ੍ਰੋਗਰਾਮ ਪੂਰੇ ਪੰਜਾਬ ਵਿੱਚ ਸਾਰੇ ਜ਼ਿਲ੍ਹਾ ਸਦਰ ਮੁਕਾਮਾਂ ’ਤੇ ਉਲੀਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਨਰੇਗਾ ਮੁਲਾਜ਼ਮ ਪੇਂਡੂ ਵਿਕਾਸ ਦੇ ਰੀੜ੍ਹ ਦੀ ਹੱਡੀ ਹਨ। ਮੁਲਾਜ਼ਮਾਂ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਕਾਰਜਕਾਲ ਵਿੱਚ ਵੀ ਕਰੋੜਾਂ ਰੁਪਏ ਦਾ ਉਧਾਰ ਮਟੀਰੀਅਲ ਚੁੱਕ ਕੇ ਪਿੰਡਾਂ ਦਾ ਵਿਕਾਸ ਕਰਵਾਇਆ ਗਿਆ ਹੈ । ਪਿੰਡਾਂ ਦੇ ਲੱਖਾਂ ਗਰੀਬ ਪਰਿਵਾਰਾਂ ਨੂੰ ਰੋਜ਼ੀ ਦਿੱਤੀ ਗਈ ਹੈ। ਅੱਜ ਜਦੋਂ ਮੁਲਾਜ਼ਮ ਆਪਣਾ ਰੁਜ਼ਗਾਰ ਪੱਕਾ ਕਰਨ ਦੀ ਮੰਗ ਕਰਦੇ ਹਨ ਤਾਂ ਸਰਕਾਰ ਨੂੰ ਕੋਈ ਫ਼ਿਕਰ ਨਹੀਂ ਹੈ। ਮੁੱਖ ਮੰਤਰੀ 70,000 ਨਵੀਆਂ ਨੌਕਰੀਆਂ ਦੇਣ ਅਤੇ ਠੇਕੇਦਾਰੀ ਸਿਸਟਮ ਬਿਲਕੁਲ ਖਤਮ ਕਰਨ ਦਾ ਦਾਅਵਾ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ 15 ਜੁਲਾਈ ਨੂੰ ਪੰਚਾਇਤ ਮੰਤਰੀ ਦੀ ਖੰਨਾ ਰਿਹਾਇਸ਼ ਦੇ ਘਿਰਾਓ ਦੌਰਾਨ 20 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦਾ ਇਕੱਠ ਕੀਤਾ ਜਾਵੇਗਾ। ਮੁੱਖ ਮੰਤਰੀ ਦੇ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਪਹੁੰਚ ਕੇ ਮੁੱਖ ਮੰਤਰੀ ਨੂੰ ਵੀ ਸਵਾਲ ਕੀਤੇ ਜਾਣਗੇ। ਇਸ ਮੌਕੇ ਮੰਗਲ, ਗੁਰਮੀਤ ਸਿੰਘ, ਹਰਜੀਤ ਕੌਰ, ਰਜਵੰਤ ਕੌਰ, ਗੁਰਪ੍ਰੀਤ ਸਿੰਘ, ਰਘਬੀਰ ਸਿੰਘ, ਸੁਰਜੀਤ ਨਾਹਰ, ਗੁਰਪ੍ਰੀਤ ਸਿੰਘ, ਰਵਿੰਦਰਪਾਲ ਤੋਂ ਇਲਾਵਾ ਸਮੂਹ ਏਪੀਓ, ਸਮੂਹ ਟੀਏ, ਸਮੂਹ ਸੀਏ, ਸਮੂਹ ਗ੍ਰਾਮ ਰੋਜ਼ਗਾਰ ਸਹਾਇਕ ਮਗਨਰੇਗਾ, ਸਮੂਹ ਮੇਟ ਅਤੇ ਮਗਨਰੇਗਾ ਵਰਕਰ ਜ਼ਿਲ੍ਹਾ ਕਪੂਰਥਲਾ ਹਾਜ਼ਰ ਸਨ।