ਚੰਡੀਗੜ੍ਹ ਵਿਆਹ 'ਚ ਗਿਆ ਸੀ ਪਰਿਵਾਰ, ਪਿੱਛੋਂ ਚੋਰਾਂ ਨੇ ਸਰਕਾਰੀ ਅਧਿਆਪਕਾ ਦੇ ਘਰੋਂ ਲੁੱਟੇ ਲੱਖਾਂ ਦੇ ਗਹਿਣੇ ਤੇ ਨਕਦੀ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇੱਕ ਤਾਜ਼ਾ ਮਾਮਲੇ ਵਿੱਚ ਦੋ ਸ਼ਾਤਰ ਚੋਰਾਂ ਨੇ ਆਪਣੇ ਸੋਫਟਵੇਅਰ ਇੰਜੀਨੀਅਰ ਪੁੱਤਰ ਨਾਲ ਵਿਆਹ ਸਮਾਰੋ ਵਿੱਚ ਸ਼ਾਮਿਲ ਹੋਣ ਗਈ ਸਰਕਾਰੀ ਅਧਿਆਪਕਾ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਬਦਮਾਸ਼ ਗੇਟ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਰਸੋਈ ਦੀ ਗਰਿਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਦੁਗਰੀ ਫੇਸ 2ਦੇ ਅਰਬਨ ਸਟੇਟ ਇਲਾਕੇ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
Publish Date: Wed, 28 Oct 2026 11:27 AM (IST)
Updated Date: Wed, 28 Oct 2026 11:30 AM (IST)
ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ - ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਇੱਕ ਤਾਜ਼ਾ ਮਾਮਲੇ ਵਿੱਚ ਦੋ ਸ਼ਾਤਰ ਚੋਰਾਂ ਨੇ ਆਪਣੇ ਸੋਫਟਵੇਅਰ ਇੰਜੀਨੀਅਰ ਪੁੱਤਰ ਨਾਲ ਵਿਆਹ ਸਮਾਰੋ ਵਿੱਚ ਸ਼ਾਮਿਲ ਹੋਣ ਗਈ ਸਰਕਾਰੀ ਅਧਿਆਪਕਾ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਲੱਖਾਂ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕਰ ਲਈ। ਬਦਮਾਸ਼ ਗੇਟ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਰਸੋਈ ਦੀ ਗਰਿਲ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ। ਦੁਗਰੀ ਫੇਸ 2ਦੇ ਅਰਬਨ ਸਟੇਟ ਇਲਾਕੇ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਚੋਰੀ ਦੀ ਇਸ ਘਟਨਾ ਵਿੱਚ ਸੋਨੇ ਦਾ ਸੈੱਟ, ਸੋਨੇ ਦੀ ਚੇਨ ਸਮੇਤ ਹੋਰ ਗਹਿਣੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਗਾਇਬ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਦੁੱਗਰੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਦੁਗਲੀ ਦੀ ਵਾਸੀ ਸੀਮਾ ਮਿੱਤਲ ਨੇ ਦੱਸਿਆ ਕਿ ਉਹ 24 ਅਕਤੂਬਰ ਨੂੰ ਆਪਣੇ ਪੁੱਤਰ ਨਾਲ ਘਰੋਂ ਬਾਹਰ ਗਈ ਸੀ। ਉਸ ਦਾ ਪੁੱਤਰ ਹੈਦਰਾਬਾਦ ਵਿੱਚ ਸਾਫਟਵੇਅਰ ਇੰਜੀਨੀਅਰ ਹੈ ਅਤੇ ਇਨ੍ਹੀਂ ਦਿਨੀਂ ਘਰ ਆਇਆ ਹੋਇਆ ਸੀ। ਦੋਵੇਂ ਚੰਡੀਗੜ੍ਹ ਵਿੱਚ ਇੱਕ ਰਿਸ਼ਤੇਦਾਰ ਦੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਗਏ ਸਨ। ਹੁਣ ਜਦੋਂ ਮਾਂ-ਪੁੱਤ ਘਰ ਵਾਪਸ ਪਰਤੇ ਅਤੇ ਅੰਦਰ ਜਾ ਕੇ ਦੇਖਿਆ ਤਾਂ ਘਰ ਦਾ ਸਾਮਾਨ ਖਿੱਲਰਿਆ ਪਿਆ ਸੀ। ਕਮਰੇ ਦੀਆਂ ਅਲਮਾਰੀਆਂ ਵਿੱਚ ਪਿਆ ਸਾਮਾਨ ਵੀ ਬਿਖਰਿਆ ਹੋਇਆ ਸੀ। ਘਰ ਦੀ ਹਾਲਤ ਦੇਖ ਕੇ ਉਹਨਾਂ ਨੂੰ ਸਮਝਦਿਆਂ ਦੇਰ ਨਾਲ ਲੱਗੀ ਕਿ ਚੋਰ ਵਾਰਦਾਤ ਨੂੰ ਅੰਜਾਮ ਦੇ ਗਏ ਹਨ।
ਰਸੋਈ ਦੀ ਗਰਿੱਲ ਤੋੜ ਕੇ ਅੰਦਰ ਵੜੇ ਚੋਰ, ਗਹਿਣੇ ਤੇ ਨਕਦੀ ਲੈ ਕੇ ਫ਼ਰਾਰ ਸ਼ਿਕਾਇਤਕਰਤਾ ਵੱਲੋਂ ਆਪਣੇ ਪੱਧਰ ’ਤੇ ਜਾਂਚ ਕਰਨ ’ਤੇ ਪਤਾ ਲੱਗਾ ਕਿ ਚੋਰ ਰਸੋਈ ਦੀ ਗਰਿੱਲ ਤੋੜ ਕੇ ਘਰ ਦੇ ਅੰਦਰ ਦਾਖ਼ਲ ਹੋਏ ਸਨ। ਜਾਂਚ ਦੌਰਾਨ ਸਾਹਮਣੇ ਆਇਆ ਕਿ ਘਰ ਵਿੱਚੋਂ ਇੱਕ ਸੋਨੇ ਦਾ ਸੈੱਟ, ਸੋਨੇ ਦੀ ਚੇਨ ਸਮੇਤ ਲਾਕੇਟ, ਸੋਨੇ ਦਾ ਬ੍ਰੈਸਲੈੱਟ, ਕਰੀਬ 10 ਤੋਂ 15 ਚਾਂਦੀ ਦੇ ਸਿੱਕੇ ਅਤੇ 60 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ।
ਪਰਿਵਾਰ ਵਲੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ। ਫੁਟੇਜ ਵਿੱਚ ਰਾਤ ਕਰੀਬ 3 ਵਜੇ ਦੋ ਵਿਅਕਤੀ ਘਰ ਦੇ ਗੇਟ ਨੂੰ ਟੱਪ ਕੇ ਅੰਦਰ ਦਾਖ਼ਲ ਹੁੰਦੇ ਦਿਖਾਈ ਦਿੱਤੇ। ਮੁਲਜ਼ਮਾਂ ਨੇ ਘਰ ਅੰਦਰ ਪਹੁੰਚਣ ਤੋਂ ਬਾਅਦ ਰਸੋਈ ਦੀ ਗਰਿੱਲ ਤੋੜੀ ਅਤੇ ਫਿਰ ਅੰਦਰ ਜਾ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ।
ਪੁਲਿਸ ਵੱਲੋਂ ਮਾਮਲਾ ਦਰਜ, ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਭਾਲ
ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਧਾਰਾ 305 ਅਤੇ 331(4), 3(5) ਬੀਐੱਨਐੱਸ ਤਹਿਤ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਅਮਲੋਕ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਜਲਦ ਹੀ ਮਾਮਲੇ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।