- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਭਾਰਤ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੋਗਾ ਜ਼ਿਲ੍ਹੇ ਵਿਚ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ.) 2026 ਦਾ ਕੰਮ ਪੂਰਨ ਪਾਰਦਸ਼ਤਾ ਤੇ ਤੇਜੀ ਨਾਲ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਮੋਗਾ ਵਿਚ ਕੁੱਲ 7 ਲੱਖ 58 ਹਜ਼ਾਰ 410 ਵੋਟਰ ਹਨ , ਜਿਨ੍ਹਾਂ ਨੂੰ ਬੀਐੱਲਓਜ ਦੁਆਰਾ ਘਰ ਘਰ ਜਾ ਕੇ ਫਾਰਮ ਵੰਡਣ ਦਾ ਕੰਮ 100 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ। ਵੋਟਰਾਂ ਦੇ ਫਾਰਮਾਂ ਦੀ ਡਿਜੀਟਾਈਜੇਸ਼ਨ ਤੇ ਕੁਲੈਕਸ਼ਨ ਜੰਗੀ ਪੱਧਰ ਤੇ ਚੱਲ ਰਹੀ ਹੈ। ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਵਿਸ਼ੇਸ਼ ਗਹਿਰੀ ਸੁਧਾਈ 2026 ਮੁਹਿੰਮ ਤਹਿਤ ਸ਼ਾਨਦਾਰ ਕਾਰਗੁਜ਼ਾਰੀ ਕਰਨ ਵਾਲੇ ਬੂਥ ਲੈਵਲ ਅਫਸਰਾਂ ਨੂੰ ਡਿਪਟੀ ਕਮਿਸ਼ਨਰ- ਕਮ ਜ਼ਿਲ੍ਹਾ ਚੋਣ ਅਫਸਰ ਮੋਗਾ ਸਾਗਰ ਸੇਤੀਆ ਵੱਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕੀਤੇ ਗਏ ਬੂਥ ਲੈਵਲ ਅਫਸਰਾਂ ਵਿਚ ਵਿਧਾਨ ਸਭਾ ਚੋਣ ਹਲਕਾ 072- ਬਾਘਾਪੁਰਾਣਾ ਦੇ ਵੀਰਕਰਨ ਸਿੰਘ ਬੂਥ ਨੰਬਰ 137 ਅਤੇ ਵਿਧਾਨ ਸਭਾ ਚੋਣ ਹਲਕਾ 074 ਧਰਮਕੋਟ ਦੇ ਭੁਪਿੰਦਰ ਸਿੰਘ ਬੂਥ ਨੰਬਰ 33, ਗੁਰਜੀਤ ਸਿੰਘ ਬੂਥ ਨੰਬਰ 81, ਸ਼ਰਨਜੀਤ ਸਿੰਘ ਬੂਥ ਨੰਬਰ 106 ਅਤੇ ਜਗਸੀਰ ਸਿੰਘ ਬੂਥ ਨੰਬਰ 130 ਸ਼ਾਮਿਲ ਹਨ। ਜ਼ਿਲ੍ਹਾ ਚੋਣ ਅਫ਼ਸਰ ਸਾਗਰ ਸੇਤੀਆ ਨੇ ਦੱਸਿਆ ਕਿ ਇਨ੍ਹਾਂ ਬੂਥ ਲੈਵਲ ਅਫਸਰਾਂ ਨੇ ਆਪਣੇ ਆਪਣੇ ਪੋਲਿੰਗ ਬੂਥਾਂ ਤੇ ਘਰ ਘਰ ਜਾ ਕੇ ਇਨਿਊਰੇਸ਼ਨ ਫਾਰਮਾਂ ਦੀ ਵੰਡ ਤਸਦੀਕ ਕਰਨ ਉਪਰੰਤ ਭਰੇ ਹੋਏ ਫਾਰਮਾਂ ਦੀ ਸਮੇਂ ਸਿਰ ਪ੍ਰਾਪਤੀ ਅਤੇ ਇਕੱਤਰ ਕੀਤੇ ਗਏ ਡਾਟੇ ਨੂੰ ਨਿਰਧਾਰਿਤ ਡਿਜੀਟਲ ਪੋਰਟਲ ਤੇ ਡਿਜੀਟਾਈਜ ਕਰਨ ਦਾ ਕੰਮ ਬਹੁਤ ਹੀ ਲਗਨ ਮਿਹਨਤ ਅਤੇ ਜਿੰਮੇਵਾਰੀ ਨਾਲ ਪੂਰਾ ਕੀਤਾ। ਆਪਣੀ ਸ਼ਾਨਦਾਰ ਕਾਰਗੁਜਾਰੀ ਸਦਕਾ ਉਨ੍ਹਾਂ ਨੇ ਆਪਣੇ ਆਪਣੇ ਵਰਗ ਵਿਚ ਜਿਲ੍ਹੇ ਦੇ ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਬੀਐੱਲਓਜ ਵਿਚ ਸਥਾਨ ਹਾਸਲ ਕੀਤਾ। ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਦੀ ਸਫਲਤਾ ਵਿਚ ਬੂਥ ਲੈਵਲ ਅਫਸਰਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਸਮਰਪਿਤ ਬੀਐੱਲਓਜ ਬਦੌਲਤ ਵੋਟਰ ਸੂਚੀਆਂ ਨੂੰ ਹੋਰ ਸ਼ੁੱਧ ਸਹੀ ਅਤੇ ਭਰੋਸੇਯੋਗ ਬਣਾਉਣ ਦੇ ਉਦੇਸ਼ ਨੂੰ ਸਫਲਤਾ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿਚ 80 ਚੋਣ ਸੁਪਰਵਾਈਜਰ, 04 ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ, 804 ਬੀਐੱਲਓਜ, 08 ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰਾਂ ਤੋਂ ਇਲਾਵਾ ਹਲਕਾ ਵਾਰ 5-5 ਵਾਧੂ ਸਹਾਇਕ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਵੀ ਨਿਯੁਕਤ ਕੀਤੇ ਗਏ ਹਨ। ਉਨਨ੍ਹਾਂ ਸਨਮਾਨਿਤ ਕੀਤੇ ਗਏ ਬੀਐੱਲਓਜ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿਚ ਵੀ ਇਸੇ ਨਿਸ਼ਟਾ ਅਤੇ ਸਮਰਪਣ ਭਾਵਨਾ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਣਗੇ ਅਤੇ ਹੋਰਨਾਂ ਲਈ ਵੀ ਪ੍ਰੇਰਨਾ ਸਰੋਤ ਬਣਨਗੇ। ਜ਼ਿਕਰਯੋਗ ਹੈ ਕਿ ਘਰ-ਘਰ ਫਾਰਮ ਵੰਡਣ ਦੀ ਇਹ ਮੁਹਿੰਮ 24 ਜੁਲਾਈ ਤੱਕ ਚੱਲੇਗੀ। ਪੋਲਿੰਗ ਸਟੇਸ਼ਨਾਂ ਦੀ ਰੇਸ਼ਨਲਾਜੀਏਸ਼ਨ 24 ਜੁਲਾਈ ਤੱਕ ਕੀਤੀ ਜਾਵੇਗੀ। ਵੋਟਰ ਸੂਚੀ ਦਾ ਖਰੜਾ 3 ਅਗਸਤ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਵੋਟਰ ਸੂਚੀਆਂ ਸਬੰਧੀ ਇਤਰਾਜ਼ ਅਤੇ ਦਾਅਵੇ 03 ਅਗਸਤ ਤੋਂ 02 ਸਤੰਬਰ ਤੱਕ ਲਏ ਜਾਣਗੇ। ਇਤਰਾਜ਼ ਅਤੇ ਦਾਅਵਿਆਂ ਦਾ ਨਿਪਟਾਰਾ 03 ਅਗਸਤ ਤੋਂ 28 ਸਤੰਬਰ ਤੱਕ ਕੀਤਾ ਜਾਵੇਗਾ। ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾ 01 ਅਕਤੂਬਰ ਨੂੰ ਕੀਤੀ ਜਾਵੇਗੀ।