- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਮੋਗਾ ਦੇ ਸਫਾਈ ਕਰਮਚਾਰੀ

ਸ਼ਹਿਰ 'ਚ ਸਫਾਈ ਸੇਵਕਾਂ ਦੀ ਹੜਤਾਲ, ਲੱਗੇ ਕੂੜੇ ਦੇ ਢੇਰ
ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਨਗਰ ਨਿਗਮ ਮੋਗਾ ਦੇ ਸਫਾਈ ਕਰਮਚਾਰੀ ਪਿਛਲੇ ਤਿੰਨ ਦਿਨਾਂ ਤੋਂ ਆਪਣੀਆਂ ਮੰਗਾਂ ਸਬੰਧੀ ਹੜਤਾਲ ਦੌਰਾਨ ਧਰਨੇ ਤੇ ਬੈਠੇ ਹਨ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਾਰ ਵਾਰ ਮੀਟਿੰਗਾਂ ਕਰਕੇ ਮੁਕਰ ਰਹੀ ਹੈ। ਉਧਰ ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਢੇਰਾਂ ਨੇ ਸ਼ਹਿਰ ਦੀ ਦਿੱਖ ਨੂੰ ਬਿਗਾੜਨਾ ਸ਼ੁਰੂ ਕਰ ਦਿੱਤਾ ਹੈ। ਜਿਸ ਤਰ੍ਹਾਂ ਸਫਾਈ ਸੇਵਕਾਂ ਵੱਲੋਂ ਮੁਕੰਮਲ ਕੰਮ ਬੰਦ ਕਰਕੇ ਨਗਰ ਨਿਗਮ ਮੋਗਾ ਦੇ ਦਫ਼ਤਰ ਅੱਗੇ ਧਰਨੇ ਦੌਰਾਨ ਨਾਅਰੇਬਾਜ਼ੀ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਜਦੋਂ ਸਰਕਾਰ ਤੱਕ ਸਾਡੀਆਂ ਮੰਗਾਂ ਨਹੀਂ ਮੰਨਦੀ ਸਾਡੇ ਵੱਲੋਂ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਜੇਕਰ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਜਾਰੀ ਰੱਖੀ ਤਾਂ ਆਉਂਦੇ ਦਿਨਾਂ ਵਿਚ ਸ਼ਹਿਰ ਵਿਚ ਗੰਭੀਰ ਸੰਕਟ ਖੜ੍ਹਾ ਹੋ ਸਕਦਾ ਹੈ। ਸਫਾਈ ਸੇਵਕਾਂ ਦੀ ਹੜਤਾਲ ਕਾਰਨ ਸ਼ਹਿਰ ਵਿਚ ਕੂੜੇ ਦੇ ਲੱਗੇ ਵੱਡੇ ਵੱਡੇ ਢੇਰ ਹੁਣ ਸ਼ਹਿਰ ਵਾਸੀਆਂ ਅਤੇ ਆਮ ਲੋਕਾਂ ਲਈ ਕਿਸੇ ਮੁਸੀਬਤ ਤੋਂ ਘੱਟ ਨਹੀਂ ਹਨ। ਗਰਮੀ ਦੀ ਹੁੰਮਸ ਨਾਲ ਕੂੜੇ ਦੇ ਢੇਰਾਂ ਵਿਚੋਂ ਬਦਬੂ ਆਉਣੀ ਸ਼ੁਰੂ ਹੋ ਗਈ ਹੈ। ਇਸ ਨਾਲ ਜਿਥੇ ਆਮ ਰਾਹਗੀਰ ਅਤੇ ਲੋਕ ਪ੍ਰੇਸ਼ਾਨ ਹਨ ਉਥੇ ਸ਼ਹਿਰ ਵਾਸੀ ਅਤੇ ਦੁਕਾਨਦਾਰਾਂ ਨੂੰ ਵੀ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਅਤੇ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਵੱਲ ਪੰਜਾਬ ਸਰਕਾਰ ਅਤੇ ਸਥਾਨਕ ਨਗਰ ਨਿਗਮ ਨੂੰ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਅਤੇ ਸ਼ਹਿਰ ਵਾਸੀਆਂ ਨੂੰ ਕੂੜੇ ਦੇ ਢੇਰਾਂ ਕਾਰਨ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਸ਼ਹਿਰ ਵਿਚ ਲੱਗੇ ਹੋਏ ਕੂੜੇ ਦੇ ਢੇਰਾਂ ਵਿਚੋਂ ਆ ਰਹੀ ਗੰਦੀ ਬਦਬੂ ਕਾਰਨ ਅਗਿਆਤ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਜੇਕਰ ਸਫ਼ਾਈ ਕਰਮਚਾਰੀਆਂ ਨੇ ਹੜਤਾਲ ਵਾਪਸ ਨਾ ਲਈ ਤਾਂ ਇਨ੍ਹਾਂ ਕੂੜੇ ਦੇ ਢੇਰਾਂ ਵਿਚੋਂ ਆ ਰਹੀ ਗੰਦੀ ਬਦਬੂ ਕਾਰਨ ਅਗਿਆਤ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਹੈ। ਇਸ ਲਈ ਜ਼ਿਲ੍ਹਾ ਮੋਗਾ ਦੇ ਸਿਵਲ ਸਰਜਨ ਅਤੇ ਸਿਹਤ ਵਿਭਾਗ ਨੂੰ ਸੁਚੇਤ ਹੋਣ ਦੀ ਲੋੜ ਹੈ। ਸ਼ਹਿਰ ਵਾਸੀਆਂ ਨੇ ਕਿਹਾ ਕਿ ਮੌਨਸੂਨ ਦਾ ਸੀਜਨ ਹੈ ਜੇਕਰ ਆਉਂਦੇ ਦਿਨਾਂ ਵਿਚ ਥੋੜ੍ਹੀ ਬਾਰਿਸ਼ ਵੀ ਹੁੰਦੀ ਹੈ ਤਾਂ ਸ਼ਹਿਰ ਵਿਚ ਅਗਿਆਤ ਬਿਮਾਰੀਆਂ ਫੈਲ ਸਕਦੀਆਂ ਹਨ ਅਤੇ ਸ਼ਹਿਰ ਦੇ ਲੋਕ ਗੰਭੀਰ ਸੰਕਟ 'ਚ ਪੈ ਸਕਦੇ ਹਨ।
ਸਫਾਈ ਕਾਮਿਆਂ ਵੱਲੋਂ ਸਰਕਾਰ ਨੂੰ ਚਿਤਾਵਨੀ
ਯੂਨੀਅਨ ਆਗੂਆਂ ਨੇ ਕਿਹਾ ਕਿ 24 ਜੂਨ ਨੂੰ ਪੰਜਾਬ ਪੱਧਰ 'ਤੇ ਰੋਸ ਰੈਲੀ ਕਰਕੇ ਸਰਕਾਰ ਨੂੰ ਆਖ਼ਰੀ ਚੇਤਾਵਨੀ ਦਿੱਤੀ ਗਈ ਸੀ। ਰੈਲੀ ਦੌਰਾਨ ਇਹ ਫ਼ੈਸਲਾ ਲਿਆ ਗਿਆ ਸੀ ਕਿ ਜੇਕਰ 2 ਜੁਲਾਈ ਨੂੰ ਪੰਜਾਬ ਸਰਕਾਰ ਨਾਲ ਹੋਣ ਵਾਲੀ ਮੀਟਿੰਗ ਵਿਚ ਮੁਲਾਜ਼ਮਾਂ ਦੇ ਹੱਕ ਵਿਚ ਕੋਈ ਫ਼ੈਸਲਾ ਨਾ ਹੋਇਆ ਤਾਂ 8 ਜੁਲਾਈ ਤੋਂ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਦੀ ਕੰਮ-ਛੱਡ ਹੜਤਾਲ ਸ਼ੁਰੂ ਕਰ ਦਿੱਤੀ ਹੈ। ਵਿਰੋਧ ਵਜੋਂ ਸਫਾਈ ਸੇਵਕ ਯੂਨੀਅਨ ਪੰਜਾਬ ਅਤੇ ਐਕਸ਼ਨ ਕਮੇਟੀ ਪੰਜਾਬ ਦੇ ਸਾਂਝੇ ਸੱਦੇ ’ਤੇ 8 ਜੁਲਾਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਯੂਨੀਅਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨਹੀਂ ਮੰਨੀਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।