ਪੰਜਾਬ ਦੇ ਸੂਰਬੀਰਾਂ ਦੀ ਸ਼ਾਨਦਾਰ ਘਰ ਵਾਪਸੀ! ਵੀਨੂ ਮਾਂਕੜ ਟਰਾਫ਼ੀ' ਜਿੱਤ ਕੇ ਰਚਿਆ ਇਤਿਹਾਸ, ਮੁਹਾਲੀ ਏਅਰਪੋਰਟ 'ਚ ਹੋਇਆ ਜ਼ੋਰਦਾਰ ਸਵਾਗਤ ਪੰਜਾਬ ਕ੍ਰਿਕਟ ਦੇ ਇਤਿਹਾਸ ਵਿਚ ਇਕ ਨਵਾਂ ਸੁਨਹਿਰੀ ਅਧਿਆਏ ਜੋੜਦਿਆਂ, 'ਵੀਨੂ ਮਾਂਕੜ ਟਰਾਫ਼ੀ' 'ਤੇ ਸ਼ਾਨਦਾਰ ਕਬਜ਼ਾ ਕਰਨ ਤੋਂ ਬਾਅਦ ਪੰਜਾਬ ਦੀ ਅੰਡਰ-19 ਕ੍ਰਿਕਟ ਟੀਮ ਜਦੋਂ ਆਪਣੇ ਘਰ ਵਾਪਸ ਪਰਤੀ ਤਾਂ ਮਾਹੌਲ ਜਸ਼ਨ ਅਤੇ ਗੌਰਵ ਨਾਲ ਭਰ ਗਿਆ। ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ 'ਤੇ ਪਹੁੰਚਣ 'ਤੇ ਪੰਜਾਬ ਦੀ ਇਸ ਜੇਤੂ ਟੀਮ ਦਾ ਬਹੁਤ ਹੀ ਗਰਮਜੋਸ਼ੀ ਅਤੇ ਸ਼ਾਨਦਾਰ ਤਰੀਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ।
Publish Date: Wed, 28 Oct 2026 04:44 PM (IST)
Updated Date: Wed, 28 Oct 2026 04:47 PM (IST)
ਦਰਸ਼ਨ ਸਿੰਘ ਸੋਢੀ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਕ੍ਰਿਕਟ ਦੇ ਇਤਿਹਾਸ ਵਿਚ ਇਕ ਨਵਾਂ ਸੁਨਹਿਰੀ ਅਧਿਆਏ ਜੋੜਦਿਆਂ, 'ਵੀਨੂ ਮਾਂਕੜ ਟਰਾਫ਼ੀ' 'ਤੇ ਸ਼ਾਨਦਾਰ ਕਬਜ਼ਾ ਕਰਨ ਤੋਂ ਬਾਅਦ ਪੰਜਾਬ ਦੀ ਅੰਡਰ-19 ਕ੍ਰਿਕਟ ਟੀਮ ਜਦੋਂ ਆਪਣੇ ਘਰ ਵਾਪਸ ਪਰਤੀ ਤਾਂ ਮਾਹੌਲ ਜਸ਼ਨ ਅਤੇ ਗੌਰਵ ਨਾਲ ਭਰ ਗਿਆ। ਸ਼ਹੀਦ ਭਗਤ ਸਿੰਘ ਕੌਮਾਂਤਰੀ ਏਅਰਪੋਰਟ ਮੁਹਾਲੀ 'ਤੇ ਪਹੁੰਚਣ 'ਤੇ ਪੰਜਾਬ ਦੀ ਇਸ ਜੇਤੂ ਟੀਮ ਦਾ ਬਹੁਤ ਹੀ ਗਰਮਜੋਸ਼ੀ ਅਤੇ ਸ਼ਾਨਦਾਰ ਤਰੀਕੇ ਨਾਲ ਭਰਵਾਂ ਸਵਾਗਤ ਕੀਤਾ ਗਿਆ।
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦੇ ਆਨਰੇਰੀ ਸਕੱਤਰ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੀਤ ਹੇਅਰ ਨੇ ਖ਼ੁਦ ਹਵਾਈ ਅੱਡੇ 'ਤੇ ਮੌਜੂਦ ਰਹਿ ਕੇ ਪੰਜਾਬ ਦੇ ਇਨ੍ਹਾਂ ਹੋਣਹਾਰ ਖਿਡਾਰੀਆਂ ਦਾ ਸ਼ਾਨਦਾਰ ਇਸ਼ਤਕਬਾਲ ਕੀਤਾ। ਉਨ੍ਹਾਂ ਨੇ ਸਾਰੇ ਖਿਡਾਰੀਆਂ ਅਤੇ ਕੋਚਿੰਗ ਸਟਾਫ਼ ਨੂੰ ਫੁੱਲਾਂ ਦੇ ਹਾਰ ਪਹਿਨਾ ਕੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈਆਂ ਦਿੱਤੀਆਂ।
ਪੰਜਾਬ ਕ੍ਰਿਕਟ ਲਈ ਵੱਡਾ ਮਾਣ ਵੀਨੂ ਮਾਂਕੜ ਟਰਾਫ਼ੀ ਵਿਚ ਪੰਜਾਬ ਦੀ ਇਸ ਜਿੱਤ ਨੇ ਵਿਸ਼ਵ ਭਰ ਵਿਚ ਪੰਜਾਬੀ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ। ਪੂਰੇ ਟੂਰਨਾਮੈਂਟ ਦੌਰਾਨ ਇਸ ਟੀਮ ਨੇ ਸ਼ਾਨਦਾਰ ਖੇਡ, ਅਨੁਸ਼ਾਸਨ ਅਤੇ ਜਜ਼ਬੇ ਦਾ ਪ੍ਰਦਰਸ਼ਨ ਕੀਤਾ। ਇਸ ਜਿੱਤ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ’ਚ ਉੱਭਰਦੀ ਕ੍ਰਿਕਟ ਪ੍ਰਤਿਭਾ ਦਾ ਭਵਿੱਖ ਬਹੁਤ ਹੀ ਉੱਜ਼ਵਲ ਹੈ।
"ਇਹ ਹਰ ਪੰਜਾਬੀ ਲਈ ਮਾਣ ਵਾਲਾ ਪਲ": ਮੀਤ ਹੇਅਰ ਮੁਹਾਲੀ ਕੌਮਾਂਤਰੀ ਹਵਾਈ ਅੱਡੇ 'ਤੇ ਖਿਡਾਰੀਆਂ ਦਾ ਹੌਸਲਾ ਵਧਾਉਂਦਿਆਂ ਪੀਸੀਏ ਦੇ ਆਨਰੇਰੀ ਸਕੱਤਰ ਮੀਤ ਹੇਅਰ ਨੇ ਕਿਹਾ, "ਇਹ ਸਾਡੇ ਸਾਰਿਆਂ ਅਤੇ ਪੂਰੇ ਪੰਜਾਬ ਕ੍ਰਿਕਟ ਲਈ ਇੱਕ ਬਹੁਤ ਹੀ ਮਾਣ ਵਾਲਾ ਪਲ ਹੈ। ਸਾਡੇ ਨੌਜਵਾਨ ਖਿਡਾਰੀਆਂ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਇਹ ਦਿਖਾ ਦਿੱਤਾ ਹੈ ਕਿ ਉਹ ਦੇਸ਼ ਦੇ ਸਰਵੋਤਮ ਮੰਚ 'ਤੇ ਜਿੱਤ ਦਰਜ ਕਰਨ ਦੇ ਸਮਰੱਥ ਹਨ। ਸਾਨੂੰ ਆਪਣੇ ਇਨ੍ਹਾਂ ਚੈਂਪੀਅਨਜ਼ 'ਤੇ ਪੂਰਾ ਮਾਣ ਹੈ।"
ਟੀਮ ਦੇ ਖਿਡਾਰੀਆਂ ਦੇ ਚਿਹਰਿਆਂ 'ਤੇ ਜਿੱਤ ਦੀ ਖੁਸ਼ੀ ਅਤੇ ਆਪਣੇ ਘਰ ਪਰਤਣ ਦਾ ਉਤਸ਼ਾਹ ਸਾਫ਼ ਝਲਕ ਰਿਹਾ ਸੀ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਪੂਰੇ ਪੰਜਾਬ ਵਿਚ ਖੇਡ ਪ੍ਰੇਮੀਆਂ ਅਤੇ ਖਿਡਾਰੀਆਂ ਦੇ ਪਰਿਵਾਰਾਂ ’ਚ ਖੁਸ਼ੀ ਦੀ ਲਹਿਰ ਹੈ। ਦੱਸ ਦਈਏ ਪੀਸੀਏ ਦੀ ਅੰਡਰ-19 ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਨੂੰ ਮਾਂਕੜ ਟਰਾਫ਼ੀ ਆਪਣੇ ਨਾਮ ਕਰਕੇ ਪੰਜਾਬ ਨੇ ਇਹ ਵੱਕਾਰੀ ਖ਼ਿਤਾਬ 13 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਜਿੱਤ ਕੇ ਸੂਬੇ ਦਾ ਨਾਂ ਰੋਸ਼ਨ ਕੀਤਾ ਹੈ।