ਸਰਕਾਰੀ ਦਾਅਵੇ ਬਨਾਮ ਜ਼ਮੀਨੀ ਹਕੀਕਤ : ਖੇਡਣ ਨੂੰ ਤਰਸ ਰਹੇ ਖਿਡਾਰੀ ਸਰਕਾਰਾਂ ਨਾਲ ਕਿਉਂ ਗੁੱਸੇ ਹਨ ਪੰਨੀਵਾਲਾ ਫੱਤਾ ਦੇ ਨੌਜਵਾਨ ਖਿਡਾਰੀ?
Publish Date: Fri, 10 Jul 2026 03:38 PM (IST)
Updated Date: Fri, 10 Jul 2026 03:39 PM (IST)
ਬਲਕਰਨ ਜਟਾਣਾ, ਪੰਜਾਬੀ ਜਾਗਰਣ ਮਲੋਟ : ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਲਈ ਸਰਕਾਰ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਿੰਡਾਂ ’ਚ ਖੇਡ ਮੈਦਾਨ ਬਣਾ ਕੇ ਖਿਡਾਰੀਆਂ ਨੂੰ ਹਰ ਸਹੂਲਤ ਦੇਣ ਦੀਆਂ ਗੱਲਾਂ ਹੁੰਦੀਆਂ ਹਨ, ਪਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਪੰਨੀਵਾਲਾ ਫੱਤਾ ਦੇ ਖਿਡਾਰੀ ਇਸਦੇ ਬਿਲਕੁਲ ਉਲਟ ਖੇਡਣ ਲਈ ਤਰਸ ਰਹੇ ਹਨ। ਇਸਦਾ ਮੁੱਖ ਕਾਰਨ ਪਿੰਡ ’ਚ ਖੇਡ ਮੈਦਾਨ ਦੀ ਮਾੜੀ ਹਾਲਤ ਅਤੇ ਪ੍ਰਸ਼ਾਸਨਿਕ ਬੇਰੁਖ਼ੀ ਹੈ। ਸਾਲ 2008 ’ਚ ਤਤਕਾਲੀ ਬਾਦਲ ਸਰਕਾਰ ਵੱਲੋਂ ਇੱਥੇ ਇੱਕ ਖੇਡ ਸਟੇਡੀਅਮ ਬਣਾਇਆ ਗਿਆ ਸੀ, ਜਿਸ ਦੇ ਚਾਰ-ਚੁਫੇਰੇ ਚਾਰਦੀਵਾਰੀ, ਬੈਠਣ ਲਈ ਪੌੜੀਆਂ (ਸਟੇਡੀਅਮ ਸੀਟਿੰਗ), ਖੇਡਾਂ ਦਾ ਸਾਮਾਨ ਤੇ ਜਿੰਮ ਰੱਖਣ ਲਈ ਦੋ ਕਮਰੇ ਅਤੇ ਸਟੇਜ ਲਈ ਸ਼ੈੱਡ ਦਾ ਪ੍ਰਬੰਧ ਕੀਤਾ ਗਿਆ ਸੀ। ਪਰ ਸਮੇਂ ਦੇ ਗੇੜ ਨਾਲ ਦੇਖਭਾਲ ਨਾ ਹੋਣ ਕਾਰਨ ਸਭ ਕੁਝ ਢਹਿ-ਢੇਰੀ ਹੋ ਗਿਆ। ਉਸਤੋਂ ਬਾਅਦ ਅੱਜ ਤੱਕ ਇਸ ਸਟੇਡੀਅਮ ’ਤੇ ਇੱਕ ਇੱਟ ਵੀ ਨਹੀਂ ਲੱਗੀ। ਨਸ਼ੇੜੀਆਂ ਦਾ ਅੱਡਾ ਬਣਿਆ ਸਟੇਡੀਅਮ, ਸਾਮਾਨ ਹੋਇਆ ਚੋਰੀ ਪਿਛਲੇ ਕੁਝ ਸਾਲਾਂ ਦੌਰਾਨ ਸਟੇਡੀਅਮ ਦੀ ਚਾਰਦੀਵਾਰੀ, ਪੌੜੀਆਂ, ਕਮਰੇ ਅਤੇ ਸ਼ੈੱਡ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੇ ਹਨ। ਕਮਰੇ ਡਿੱਗਣ ਕਿਨਾਰੇ ਹਨ ਅਤੇ ਇਨ੍ਹਾਂ ਦੇ ਗੇਟ, ਜੰਗਲੇ ਤੇ ਚੌਖਟਾਂ ਨਸ਼ੇੜੀ ਪੁੱਟ ਕੇ ਲੈ ਗਏ। ਇੱਥੋਂ ਤੱਕ ਕਿ ਖਿਡਾਰੀਆਂ ਦਾ ਪਿਆ ਸਾਮਾਨ, ਵਾਲੀਬਾਲ ਦੇ ਨੈੱਟ ਦੀਆਂ ਪਾਈਪਾਂ, ਸਟੇਡੀਅਮ ਦੀਆਂ ਲਾਈਟਾਂ, ਤਾਰਾਂ ਅਤੇ ਖੰਭੇ ਵੀ ਚੋਰੀ ਹੋ ਚੁੱਕੇ ਹਨ। ਖਿਡਾਰੀਆਂ ਨੇ ਕਈ ਵਾਰ ਆਪਣੇ ਪੱਧਰ ’ਤੇ ਪੈਸੇ ਇਕੱਠੇ ਕਰਕੇ ਲਾਈਟਾਂ ਦਾ ਪ੍ਰਬੰਧ ਕੀਤਾ, ਪਰ ਉਹ ਵੀ ਚੋਰੀ ਹੋ ਗਈਆਂ। ਅੱਜ-ਕੱਲ੍ਹ ਇਹ ਗਰਾਊਂਡ ਖਿਡਾਰੀਆਂ ਦੀ ਬਜਾਏ ਨਸ਼ੇੜੀਆਂ ਦਾ ਅੱਡਾ ਅਤੇ ਜੰਗਲੀ ਸਰਕੰਡੇ ਉੱਗਣ ਕਾਰਨ ਸੱਪਾਂ ਦਾ ਘਰ ਬਣਿਆ ਹੋਇਆ ਹੈ। ਮੰਤਰੀਆਂ ਅਤੇ ਪੰਚਾਇਤਾਂ ਨੇ ਨਹੀਂ ਲਈ ਸਾਰ : ਖਿਡਾਰੀ ਉੱਘੇ ਖਿਡਾਰੀ ਸੁਖਜਿੰਦਰ ਸਿੰਘ ਫਿੱਡਾ ਜਟਾਣਾ ਨੇ ਭਰੇ ਮਨ ਨਾਲ ਦੱਸਿਆ ਕਿ ਮੈਂ ਪਿਛਲੇ 15 ਸਾਲਾਂ ਤੋਂ ਕਬੱਡੀ, ਵਾਲੀਬਾਲ ਅਤੇ ਕ੍ਰਿਕਟ ਖੇਡ ਰਿਹਾ ਹਾਂ। ਮੇਰੇ ਕੋਲੋਂ ਟ੍ਰੇਨਿੰਗ ਲੈਣ ਵਾਲੇ ਕਈ ਨੌਜਵਾਨ ਅੱਜ ਚੰਗੀਆਂ ਨੌਕਰੀਆਂ ਤੇ ਵੀ ਲੱਗੇ ਹਨ, ਪਰ ਹੁਣ ਖਿਡਾਰੀ ਗਰਾਊਂਡ ਨੂੰ ਤਰਸ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਖਿਡਾਰੀ ਗਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਜੋ ਆਪਣੇ ਕੋਲੋਂ ਖ਼ਰਚਾ ਨਹੀਂ ਕਰ ਸਕਦੇ। ਇਸ ਦੌਰਾਨ ਨੌਜਵਾਨ ਖਿਡਾਰੀ ਏਕਮ ਸਿੰਘ, ਬਬਲਾ ਸਿੰਘ, ਅਮਿਤਾਜ ਸਿੰਘ, ਜਗਮੀਤ ਸਿੰਘ, ਹਰਨੂਰ ਸਿੰਘ, ਰੋਹਿਤ ਸਿੰਘ, ਰੁਪਿੰਦਰ ਸਿੰਘ ਪਿੰਡ ਪੰਨੀਵਾਲਾ ਫੱਤਾ ਨੇ ਨਵੀਂ ਪੁਰਾਣੀ ਪੰਚਾਇਤ ਅਤੇ ਸਰਕਾਰ ’ਤੇ ਸਖ਼ਤ ਰੋਸ ਜਾਹਿਰ ਕੀਤਾ। ਖਿਡਾਰੀਆਂ ਅਨੁਸਾਰ ਉਹ ਪਿਛਲੀ ਕਾਂਗਰਸ ਸਰਕਾਰ ਦੇ ਆਗੂਆਂ ਅਤੇ ਹੁਣ ਮੌਜੂਦਾ ਆਪ ਸਰਕਾਰ ਦੇ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਕਈ ਵਾਰ ਲਿਖਤੀ ਬੇਨਤੀਆਂ ਕਰ ਚੁੱਕੇ ਹਨ, ਪਰ ਕੋਈ ਸੁਣਵਾਈ ਨਹੀਂ ਹੋਈ। ਦੂਜੇ ਪਿੰਡਾਂ ’ਚ ਗਰਾਊਂਡ ਬਣ ਰਹੇ ਹਨ, ਪਰ ਉਨ੍ਹਾਂ ਦੇ ਪਿੰਡ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ। ਪੁਰਾਣੇ ਅਤੇ ਮੌਜੂਦਾ ਸਰਪੰਚਾਂ ਨੂੰ ਵੀ ਕਈ ਵਾਰ ਲਿਖ ਕੇ ਦਿੱਤਾ ਗਿਆ, ਪਰ ਸਭ ਬੇਅਸਰ ਰਿਹਾ। ਖਿਡਾਰੀਆਂ ਨੇ ਕਿਹਾ ਕਿ ਗਰਾਊਂਡ ਨਾ ਹੋਣ ਕਾਰਨ ਉਨ੍ਹਾਂ ਨੂੰ ਹਰ ਸਾਲ ਹੋਣ ਵਾਲੇ ਕਬੱਡੀ, ਵਾਲੀਬਾਲ ਅਤੇ ਕ੍ਰਿਕਟ ਟੂਰਨਾਮੈਂਟ ਪਿੰਡ ਦੀ ਦਾਣਾ ਮੰਡੀ ’ਚ ਕਰਵਾਉਣੇ ਪੈਂਦੇ ਹਨ। ਆਪ ਸਰਕਾਰ ਤੋਂ ਵੀ ਟੁੱਟੀ ਉਮੀਦ ਨੌਜਵਾਨਾਂ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਤੋਂ ਅੱਕ ਕੇ ਉਨ੍ਹਾਂ ਨੇ ਇਸ ਉਮੀਦ ਨਾਲ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦਿੱਤਾ ਸੀ ਕਿ ਨਵੀਂ ਸਰਕਾਰ ਖੇਡਾਂ ਨੂੰ ਪ੍ਰਮੋਟ ਕਰੇਗੀ, ਪਰ ਇੱਥੇ ਸਭ ਕੁਝ ਉਲਟ ਹੋਇਆ ਹੈ। ਗਰੀਬ ਖਿਡਾਰੀਆਂ ਨੇ ਨਿਰਾਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਖੇਡ ਮੈਦਾਨ ਨਾ ਹੋਣ ਕਾਰਨ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਜੇਕਰ ਸਰਕਾਰਾਂ ਨੌਜਵਾਨਾਂ ਨੂੰ ਖੇਡਾਂ ਵੱਲ ਨਹੀਂ ਲਾਉਣਗੀਆਂ, ਤਾਂ ਬੇਰੁਜ਼ਗਾਰੀ ਅਤੇ ਡਿਪਰੈਸ਼ਨ ਦੇ ਮਾਰੇ ਨੌਜਵਾਨ ਨਸ਼ਿਆਂ ਦੇ ਰਾਹ ਹੀ ਪੈਣਗੇ। ਸਟੇਡੀਅਮ ਸਬੰਧੀ ਕੈਬਨਿਟ ਮੰਤਰੀ ਨੂੰ ਭੇਜਿਆ ਪ੍ਰਪੋਜ਼ਲ : ਸਰਪੰਚ ਜਦੋਂ ਇਸ ਸਬੰਧੀ ਪਿੰਡ ਪੰਨੀਵਾਲਾ ਫੱਤਾ ਦੇ ਮੌਜੂਦਾ ਸਰਪੰਚ ਦਿਲਬਾਗ ਸਿੰਘ ਸਿੱਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਇਸ ਸਟੇਡੀਅਮ ਲਈ ਇੱਕ ਰੁਪਈਆ ਵੀ ਗ੍ਰਾਂਟ ਨਹੀਂ ਦਿੱਤੀ। ਹੁਣ ਮੌਜੂਦਾ ਪੰਚਾਇਤ ਵੱਲੋਂ ਕੈਬਨਿਟ ਮੰਤਰੀ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਨੂੰ ਸਟੇਡੀਅਮ ਦੇ ਨਵੀਨੀਕਰਨ ਲਈ ਪ੍ਰਪੋਜ਼ਲ (ਤਜਵੀਜ਼) ਬਣਾ ਕੇ ਭੇਜੀ ਜਾ ਚੁੱਕੀ ਹੈ। ਜਿਵੇਂ ਹੀ ਇਹ ਪ੍ਰਪੋਜ਼ਲ ਪਾਸ ਹੁੰਦੀ ਹੈ, ਤੁਰੰਤ ਕੰਮ ਸ਼ੁਰੂ ਕਰਵਾ ਕੇ ਖਿਡਾਰੀਆਂ ਨੂੰ ਇੱਕ ਸ਼ਾਨਦਾਰ ਖੇਡ ਸਟੇਡੀਅਮ ਤਿਆਰ ਕਰਕੇ ਦਿੱਤਾ ਜਾਵੇਗਾ।