ਪੀਏਯੂ ਵੱਲੋਂ ਗਾਜਰ ਬੂਟੀ ਦੀ ਰੋਕਥਾਮ ਲਈ ਕੀਤਾ ਜਾਗਰੂਕਤਾ ਉਪਰਾਲਾ ਪੀਏਯੂ ਦੇ ਖੇਤਰੀ ਖੋਜ ਕੇਂਦਰ ਵੱਲੋਂ ਗਾਜਰ ਬੂਟੀ ਦੀ ਰੋਕਥਾਮ ਲਈ ਕੀਤਾ ਜਾਗਰੂਕਤਾ ਉਪਰਾਲਾ
Publish Date: Thu, 29 Oct 2026 04:58 PM (IST)
Updated Date: Thu, 29 Oct 2026 05:01 PM (IST)
ਬੂਟੀ ਦੇ ਸੰਪਰਕ ’ਚ ਆਉਣ ਨਾਲ ਐਲਰਜੀ ਤੇ ਸਾਹ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ ਕਾਠਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵੱਲੋਂ ਪੇਂਡੂ ਖੇਤੀਬਾੜੀ ਕਾਰਜ ਅਨੁਭਵ ਪ੍ਰੋਗਰਾਮ ਤਹਿਤ ਪਿੰਡ ਥੋਪੀਆ ਨੂੰ ਗਾਜਰ ਬੂਟੀ ਤੋਂ ਮੁਕਤ ਬਣਾਉਣ ਦੇ ਉਦੇਸ਼ ਨਾਲ ਜਾਗਰੂਕਤਾ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦਾ ਮੁੱਖ ਮੰਤਵ ਪਿੰਡ ਵਾਸੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਨੂੰਗਾਜਰ ਬੂਟੀ ਦੀ ਪਛਾਣ, ਇਸ ਦੇ ਫੈਲਾਅ, ਮਾੜੇ ਪ੍ਰਭਾਵਾਂ ਅਤੇ ਇਸ ਦੀ ਰੋਕਥਾਮ ਸਬੰਧੀ ਜਾਣਕਾਰੀ ਦੇਣਾ ਸੀ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਤੋਂ ਡਾ. ਰਮਨਦੀਪ ਕੌਰ ਸਾਇੰਸਦਾਨ (ਫਸਲ ਵਿਗਿਆਨ) ਨੇ ਦੱਸਿਆ ਕਿ ਗਾਜਰ ਬੂਟੀ ਇੱਕ ਹਾਨੀਕਾਰਕ ਵਿਦੇਸ਼ੀ ਨਦੀਨ ਹੈ, ਜੋ ਮੂਲ ਰੂਪ ਵਿਚ ਮੈਕਸੀਕੋ ਅਤੇ ਮੱਧ ਤੇ ਦੱਖਣੀ ਅਮਰੀਕਾ ਦੇ ਖੇਤਰਾਂ ਨਾਲ ਸਬੰਧਿਤ ਹੈ। ਇਹ ਨਦੀਨ ਭਾਰਤ ਵਿਚ 1950 ਦੇ ਦਹਾਕੇ ਦੌਰਾਨ ਵਿਦੇਸ਼ਾਂ ਤੋਂ ਆਏ ਅਨਾਜ, ਖ਼ਾਸ ਕਰਕੇ ਕਣਕ ਦੇ ਦਾਣਿਆਂ ਨਾਲ ਅਣਜਾਣੇ ਵਿਚ ਪਹੁੰਚਿਆ ਮੰਨਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਤੇਜ਼ੀ ਨਾਲ ਫੈਲ ਕੇ ਖੇਤਾਂ, ਸੜਕਾਂ ਦੇ ਕਿਨਾਰਿਆਂ, ਅਤੇ ਖਾਲੀ ਪਈਆਂ ਥਾਵਾਂ ਉੱਤੇ ਉੱਗਣ ਲੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਗਾਜਰ ਬੂਟੀ ਨਾ ਸਿਰਫ਼ ਖੇਤੀਬਾੜੀ ਲਈ ਇੱਕ ਗੰਭੀਰ ਸਮੱਸਿਆ ਹੈ, ਸਗੋਂ ਇਹ ਮਨੁੱਖੀ ਸਿਹਤ, ਪਸ਼ੂਆਂ ਅਤੇ ਵਾਤਾਵਰਣ ਲਈ ਵੀ ਨੁਕਸਾਨਦਾਇਕ ਹੈ। ਇਸ ਦੇ ਸੰਪਰਕ ਵਿਚ ਆਉਣ ਨਾਲ ਕਈ ਲੋਕਾਂ ਨੂੰ ਚਮੜੀ ਦੀ ਐਲਰਜੀ, ਅਤੇ ਸਾਹ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਦੇ ਫੁੱਲਾਂ ਦੇ ਪਰਾਗ ਅਤੇ ਹੋਰ ਬਰੀਕ ਕਣ ਐਲਰਜੀ ਦੇ ਲੱਛਣਾਂ ਨੂੰ ਵਧਾ ਸਕਦੇ ਹਨ। ਇਸ ਨਦੀਨ ਦੇ ਤੇਜ਼ੀ ਨਾਲ ਫੈਲਣ ਕਾਰਨ ਖੇਤਾਂ ਵਿੱਚ ਫ਼ਸਲਾਂ ਨਾਲ ਮੁਕਾਬਲਾ ਵਧਦਾ ਹੈ। ਜਿਸ ਨਾਲ ਫ਼ਸਲਾਂ ਦੇ ਵਾਧੇ ਅਤੇ ਉਤਪਾਦਕਤਾ ਉੱਤੇ ਮਾੜਾ ਅਸਰ ਪੈ ਸਕਦਾ ਹੈ। ਇਸ ਤੋਂ ਇਲਾਵਾ, ਇਹ ਸਥਾਨਕ ਬਨਸਪਤੀ ਦੀ ਵਿਭਿੰਨਤਾ ਨੂੰ ਵੀ ਪ੍ਰਭਾਵਿਤ ਕਰਦਾ ਹੈ। ਡਾ. ਰਮਨਦੀਪ ਨੇ ਗਾਜਰ ਬੂਟੀ ਦੀ ਰੋਕਥਾਮ ਲਈ ਸਮੇਂ ਸਿਰ ਸਾਂਝੇ ਯਤਨ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ, ਖੇਤਾਂ ਦੀਆਂ ਵੱਟਾਂ, ਸੜਕਾਂ ਦੇ ਕਿਨਾਰਿਆਂ ਅਤੇ ਖਾਲੀ ਥਾਵਾਂ ਉੱਤੇ ਉੱਗੇ ਇਸ ਨਦੀਨ ਦੀ ਪਛਾਣ ਕਰਕੇ ਇਸ ਨੂੰ ਫੁੱਲ ਅਤੇ ਬੀਜ ਬਣਨ ਤੋਂ ਪਹਿਲਾਂ ਹੀ ਸੁਰੱਖਿਅਤ ਢੰਗ ਨਾਲ ਹਟਾਉਣ। ਗਾਜਰ ਬੂਟੀ ਨੂੰ ਹਟਾਉਂਦੇ ਸਮੇਂ ਦਸਤਾਨਿਆਂ, ਪੂਰੀਆਂ ਬਾਹਾਂ ਵਾਲੇ ਕੱਪੜਿਆਂ ਅਤੇ ਹੋਰ ਢੁੱਕਵੇਂ ਸੁਰੱਖਿਆ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਤਾਂ ਜੋ ਚਮੜੀ ਦੇ ਸਿੱਧੇ ਸੰਪਰਕ ਤੋਂ ਬਚਿਆ ਜਾ ਸਕੇ। ਇਸ ਨੂੰ ਹਟਾਉਣ ਤੋਂ ਬਾਅਦ ਸਹੀ ਢੰਗ ਨਾਲ ਨਿਪਟਾਰਾ ਕਰਨਾ ਵੀ ਜ਼ਰੂਰੀ ਹੈ, ਤਾਂ ਜੋ ਇਸ ਦੇ ਬੀਜ ਹੋਰ ਥਾਵਾਂ ਤੱਕ ਨਾ ਫੈਲਣ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੀ ਸਫਲਤਾ ਲਈ ਸਿਰਫ਼ ਇੱਕ ਦਿਨ ਦੀ ਸਫ਼ਾਈ ਕਾਫ਼ੀ ਨਹੀਂ ਹੈ, ਸਗੋਂ ਲਗਾਤਾਰ ਨਿਗਰਾਨੀ, ਸਮੂਹਿਕ ਭਾਗੀਦਾਰੀ ਅਤੇ ਸਮੇਂ-ਸਮੇਂ ਸਿਰ ਰੋਕਥਾਮ ਦੇ ਉਪਰਾਲੇ ਲਾਜ਼ਮੀ ਹਨ। ਪਿੰਡ ਵਾਸੀਆਂ, ਕਿਸਾਨਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪਿੰਡ ਥੋਪੀਆ ਨੂੰ ਗਾਜਰ ਘਾਹ ਮੁਕਤ ਬਣਾਉਣ ਦਾ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਜਾਗਰੂਕਤਾ ਮੁਹਿੰਮ ਰਾਹੀਂ ਲੋਕਾਂ ਨੂੰ ਕੁਦਰਤੀ ਸਰੋਤਾਂ ਦੀ ਸੰਭਾਲ, ਸਿਹਤਮੰਦ ਵਾਤਾਵਰਣ ਅਤੇ ਟਿਕਾਊ ਖੇਤੀਬਾੜੀ ਲਈ ਨਦੀਨਾਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ। ਇਹ ਉਪਰਾਲਾ ਪਿੰਡ ਨੂੰ ਸਾਫ਼-ਸੁਥਰਾ, ਸਿਹਤਮੰਦ ਅਤੇ ਗਾਜਰ ਬੂਟੀ ਤੋਂ ਮੁਕਤ ਬਣਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ।