ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026-27 ਦਾ ਕੀਤਾ ਪ੍ਰਬੰਧ ਵਿਕਸਿਤ ਭਾਰਤ ਯੂਥ ਪਾਰਲੀਮੈਂਟ 2026-27 ਦਾ ਕੀਤਾ ਆਯੋਜਨ
Publish Date: Thu, 29 Oct 2026 05:32 PM (IST)
Updated Date: Thu, 29 Oct 2026 05:34 PM (IST)
ਦੇਸ਼ ਦੇ 786 ਜ਼ਿਲ੍ਹਿਆਂ ’ਚ ਕਰਵਾਏ ਜਾਣਗੇ ਮੁਕਾਬਲੇ, ‘ਇਕ ਦੇਸ਼, ਇਕ ਚੋਣ ਹੋਵੇਗਾ ਵਿਸ਼ਾ ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ : ਯੁਵਾ ਮਾਮਲੇ ਅਤੇ ਖੇਡ ਮੰਤਰਾਲਾ ਭਾਰਤ ਸਰਕਾਰ ਦੇ ਅਧੀਨ ਮਾਈ ਭਾਰਤ ਵੱਲੋਂ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਦਾ ਆਯੋਜਨ ਕੀਤਾ। ਜ਼ਿਲ੍ਹਾ ਯੂਥ ਅਫ਼ਸਰ ਅਸ਼ੀਸ਼ ਪਾਲ ਨੇ ਦੱਸਿਆ ਕਿ ਇਹ ਪ੍ਰਮੁੱਖ ਰਾਸ਼ਟਰੀ ਪੱਧਰ ਦੀ ਪਹਿਲ ਹੈ, ਜਿਸ ਦਾ ਉਦੇਸ਼ ਨੌਜਵਾਨਾਂ ਵਿਚ ਲੀਡਰਸ਼ਿਪ ਦੇ ਗੁਣਾਂ, ਲੋਕਤੰਤਰੀ ਭਾਗੀਦਾਰੀ ਅਤੇ ਨਾਗਰਿਕ ਜ਼ਿੰਮੇਵਾਰੀ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ। ਜ਼ਿਲ੍ਹਾ ਯੂਥ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਦਾ ਆਯੋਜਨ 2 ਨਵੰਬਰ 2026 ਨੂੰ ਐੱਸਡੀਐੱਸ ਸਰਕਾਰੀ ਕਾਲਜ ਜਾਡਲਾ ਵਿਖੇ ਕੀਤਾ ਜਾਵੇਗਾ। ਜ਼ਿਲ੍ਹਾ ਪੱਧਰੀ ਮੁਕਾਬਲੇ ਦਾ ਵਿਸ਼ਾ ‘ਇੱਕ ਦੇਸ਼, ਇੱਕ ਚੋਣ’ ਹੋਵੇਗਾ। ਜ਼ਿਲ੍ਹੇ ਦੇ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨ, ਜਿਨ੍ਹਾਂ ਦੀ ਉਮਰ 17 ਅਗਸਤ 2026 ਨੂੰ ਨਿਰਧਾਰਤ ਉਮਰ ਸੀਮਾ ਅਨੁਸਾਰ ਹੋਵੇ, ਇਸ ਮੁਕਾਬਲੇ ਵਿਚ ਭਾਗ ਲੈ ਸਕਦੇ ਹਨ। ਭਾਗੀਦਾਰਾਂ ਨੂੰ ਰਾਸ਼ਟਰੀ ਮਹੱਤਵ ਦੇ ਵਿਸ਼ੇ ਉੱਤੇ ਆਪਣੇ ਵਿਚਾਰ ਪੇਸ਼ ਕਰਨ ਲਈ ਤਿੰਨ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਨੌਜਵਾਨ ਆਪਣੇ ਵਿਚਾਰ ਅੰਗਰੇਜ਼ੀ, ਹਿੰਦੀ ਜਾਂ ਪੰਜਾਬੀ ਭਾਸ਼ਾ ਵਿਚ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਮੁਕਾਬਲੇ ਵਿਚ ਭਾਗ ਲੈਣ ਵਾਲੇ ਨੌਜਵਾਨਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਜਿਊਰੀ ਵੱਲੋਂ ਵਿਸ਼ੇ ਨਾਲ ਸਬੰਧਤ ਸਮੱਗਰੀ, ਵਿਚਾਰਾਂ ਦੀ ਸਪਸ਼ਟਤਾ ਅਤੇ ਬਣਤਰ, ਬੋਲਣ ਦੇ ਢੰਗ ਅਤੇ ਸਰੀਰਕ ਹਾਵ-ਭਾਵ, ਨਵੀਨਤਾ ਅਤੇ ਸਿਰਜਣਾਤਮਕਤਾ, ਭਾਸ਼ਾ ਅਤੇ ਪ੍ਰਵਾਹ ਅਤੇ ਨਿਰਧਾਰਤ ਸਮੇਂ ਦੀ ਪਾਲਣਾ ਦੇ ਆਧਾਰ ਤੇ ਕੀਤਾ ਜਾਵੇਗਾ। ਭਾਗ ਲੈਣ ਵਾਲੇ ਨੌਜਵਾਨਾਂ ਲਈ ਜਨਮ ਮਿਤੀ ਦੇ ਸਬੂਤ ਵਜੋਂ ਦਸਵੀਂ ਜਮਾਤ ਦਾ ਸਰਟੀਫਿਕੇਟ ਅਤੇ ਪਛਾਣ ਦੇ ਸਬੂਤ ਵਜੋਂ ਆਧਾਰ ਕਾਰਡ ਲਿਆਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਮਾਈ ਭਾਰਤ ਪੋਰਟਲ ਰਾਹੀਂ ਕੀਤੀ ਜਾਵੇਗੀ। ਜ਼ਿਲ੍ਹਾ ਪੱਧਰ ‘ਤੇ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੇ ਭਾਗੀਦਾਰ ਅਗਲੇ ਪੜਾਅ, ਅਰਥਾਤ ਰਾਜ ਪੱਧਰੀ ਮੁਕਾਬਲੇ ਲਈ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਵਿਕਸਿਤ ਭਾਰਤ ਯੂਥ ਪਾਰਲੀਮੈਂਟ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਦੇਸ਼ ਦੇ 786 ਜ਼ਿਲ੍ਹਿਆਂ ਵਿੱਚ ਕਰਵਾਏ ਜਾਣਗੇ। ਇਸ ਤੋਂ ਬਾਅਦ ਰਾਜ ਪੱਧਰੀ ਮੁਕਾਬਲੇ ਅਤੇ ਰਾਸ਼ਟਰੀ ਪੱਧਰ ਦਾ ਮੁਕਾਬਲਾ ਕਰਵਾਇਆ ਜਾਵੇਗਾ। ਰਾਸ਼ਟਰੀ ਪੱਧਰ ਦਾ ਮੁਕਾਬਲਾ ਆਰਜ਼ੀ ਤੌਰ ‘ਤੇ 9 ਅਤੇ 10 ਜਨਵਰੀ 2027 ਨੂੰ ਨਵੀਂ ਦਿੱਲੀ ਵਿਖੇ ਸੰਵਿਧਾਨ ਸਦਨ ਦੇ ਕੇਂਦਰੀ ਹਾਲ ਵਿੱਚ ਕਰਵਾਇਆ ਜਾਣਾ ਨਿਰਧਾਰਤ ਹੈ। ਵਿਕਸਿਤ ਭਾਰਤ ਯੂਥ ਪਾਰਲੀਮੈਂਟ ਨੌਜਵਾਨਾਂ ਨੂੰ ਰਾਸ਼ਟਰੀ ਤਰਜੀਹਾਂ ਬਾਰੇ ਵਿਚਾਰ-ਵਟਾਂਦਰਾ ਕਰਨ, ਨਵੇਂ ਅਤੇ ਸਿਰਜਣਾਤਮਕ ਵਿਚਾਰ ਸਾਂਝੇ ਕਰਨ, ਨੀਤੀ ਨਿਰਮਾਤਾਵਾਂ ਨਾਲ ਸੰਵਾਦ ਕਰਨ ਅਤੇ ਵਿਕਸਿਤ ਭਾਰਤ 2047 ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਯੋਗਦਾਨ ਪਾਉਣ ਲਈ ਇੱਕ ਰਾਸ਼ਟਰੀ ਮੰਚ ਪ੍ਰਦਾਨ ਕਰਦੀ ਹੈ। ਇਸ ਪਹਿਲ ਰਾਹੀਂ ਮਹਿਲਾਵਾਂ ਅਤੇ ਸਮਾਜ ਦੇ ਹਾਸ਼ੀਏ ‘ਤੇ ਰਹਿੰਦੇ ਵਰਗਾਂ ਦੀ ਭਾਗੀਦਾਰੀ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਯੂਥ ਪਾਰਲੀਮੈਂਟ ਦੇ ਪਿਛਲੇ ਐਡੀਸ਼ਨਾਂ ਦੇ ਰਾਸ਼ਟਰੀ ਪੱਧਰ ਦੇ ਫਾਈਨਲਿਸਟ ਅਗਲੇ ਐਡੀਸ਼ਨਾਂ ਵਿੱਚ ਭਾਗ ਲੈਣ ਦੇ ਯੋਗ ਨਹੀਂ ਹੋਣਗੇ। ਉੁਨ੍ਹਾਂ ਦੱਸਿਆ ਕਿ ਮਾਈ ਭਾਰਤ ਵੱਲੋਂ ਜ਼ਿਲ੍ਹੇ ਦੇ ਸਾਰੇ ਯੋਗ ਨੌਜਵਾਨਾਂ ਨੂੰ ਇਸ ਪਹਿਲ ਵਿਚ ਵੱਧ-ਚੜ੍ਹ ਕੇ ਭਾਗ ਲੈਣ, ਰਾਸ਼ਟਰੀ ਮਹੱਤਵ ਦੇ ਮੁੱਦਿਆਂ ਤੇ ਆਪਣੇ ਵਿਚਾਰ ਪੇਸ਼ ਕਰਨ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਦੇਸ਼ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਜਿਸਟ੍ਰੇਸ਼ਨ ਅਤੇ ਹੋਰ ਜਾਣਕਾਰੀ ਲਈ ਯੋਗ ਨੌਜਵਾਨ ਮਾਈ ਭਾਰਤ ਪੋਰਟਲ ਤੇ ਜਾਣਕਾਰੀ ਲੈ ਸਕਦੇ ਹਨ।