ਮੇਰਾ ਘਰ ਮੇਰੇ ਨਾਮ ਤਹਿਤ ਲੋਕਾਂ ਨੂੰ ਮਿਲੇ ਮਾਲਕੀ ਸਰਟੀਫਿਕੇਟ ਮੇਰਾ ਘਰ ਮੇਰੇ ਨਾਮ ਤਹਿਤ ਲੋਕਾਂ ਨੂੰ ਮਿਲੇ ਮਾਲਕੀ ਸਰਟੀਫਿਕੇਟ
Publish Date: Thu, 29 Oct 2026 05:26 PM (IST)
Updated Date: Thu, 29 Oct 2026 05:28 PM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪੰਜਾਬ ਸਰਕਾਰ ਦੀ ਲੋਕ-ਹਿਤੈਸ਼ੀ ਯੋਜਨਾ“ਮੇਰਾ ਘਰ ਮੇਰੇ ਨਾਮ ਤਹਿਤ ਲਾਲ ਲਕੀਰ ਅਧੀਨ ਆਉਂਦੇ ਘਰਾਂ ਨੂੰ ਮਾਲਕੀ ਹੱਕ ਦੇਣ ਦੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਹਲਕਾ ਇੰਚਾਰਜ ਜਸਪ੍ਰੀਤ ਸਿੰਘ ਰੋਬੀ ਕੰਗ ਵੱਲੋਂ ਵੱਖ-ਵੱਖ ਪਿੰਡਾਂ ਵਿੱਚ ਪਹੁੰਚ ਕੇ ਕੁੱਲ 1151 ਘਰਾਂ ਦੇ ਰਜਿਸਟਰੀ ਸਰਟੀਫਿਕੇਟ ਵੰਡੇ ਗਏ। ਇਸ ਮੌਕੇ ਸਲੇਮਪੁਰ ਦੇ 214, ਕਾਜ਼ਮਪੁਰ ਦੇ 174, ਮੀਰਪੁਰ ਜੱਟਾਂ ਦੇ 467 ਅਤੇ ਉਟਾਲਾਂ ਦੇ 296 ਘਰਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਨਾਲ ਸਬੰਧਤ ਮਾਲਕੀ ਸਰਟੀਫਿਕੇਟ ਸੌਂਪੇ ਗਏ। ਆਪਣੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਮਾਲਕੀ ਹੱਕ ਦੇ ਦਸਤਾਵੇਜ਼ ਹੱਥਾਂ ਵਿੱਚ ਆਉਣ ਤੇ ਪਿੰਡ ਵਾਸੀਆਂ ਵਿੱਚ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਦੇਖਣ ਨੂੰ ਮਿਲਿਆ। ਇਸ ਮੌਕੇ ਜਸਪ੍ਰੀਤ ਸਿੰਘ ਰੋਬੀ ਕੰਗ ਨੇ ਕਿਹਾ ਕਿ ਕਿਸੇ ਵੀ ਪਰਿਵਾਰ ਲਈ ਆਪਣਾ ਘਰ ਸਿਰਫ਼ ਇਮਾਰਤ ਨਹੀਂ, ਸਗੋਂ ਉਸਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਪੂੰਜੀ ਅਤੇ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ। ਮੇਰਾ ਘਰ ਮੇਰੇ ਨਾਮ“ ਯੋਜਨਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦਾ ਮਾਲਕੀ ਹੱਕ ਮਿਲਣਾ ਇੱਕ ਇਤਿਹਾਸਕ ਅਤੇ ਲੋਕ-ਪੱਖੀ ਕਦਮ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਦਾ ਲਾਭ ਜ਼ਮੀਨੀ ਪੱਧਰ ਤੇ ਪਹੁੰਚਾਉਣਾ ਹੈ।।ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ-ਭਲਾਈ ਯੋਜਨਾਵਾਂ ਦਾ ਲਾਭ ਹਰ ਯੋਗ ਪਰਿਵਾਰ ਤੱਕ ਪਹੁੰਚਾਉਣ ਲਈ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਇਸ ਮੌਕੇ ਸਰਪੰਚ ਮਨਜੀਤ ਅਟਵਾਲ, ਸਰਪੰਚ ਵਰਿੰਦਰ ਸ਼ਾਪੁਰ, ਸੰਗਠਨ ਇੰਚਾਰਜ ਕਮਲਜੀਤ ਲਾਲ, ਜ਼ਿਲ੍ਹਾ ਯੂਥ ਪ੍ਰਧਾਨ ਲੱਕੀ ਲੱਧੜ, ਜੱਸਾ ਸਰਪੰਚ ਸਜਾਵਲਪੁਰ ਅਤੇ ਹਲਕਾ ਮੀਡੀਆ ਇੰਚਾਰਜ ਵਿਸ਼ਾਲ ਖੋਸਲਾ ਸਮੇਤ ਪਿੰਡਾਂ ਦੇ ਸਰਪੰਚ, ਪੰਚ, ਪਤਵੰਤੇ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।