ਦਰਜਨਾਂ ਪਿੰਡਾਂ ਲਈ ਸਰਾਪ ਸਿੱਧ ਹੋਵੇਗਾ ਦੁੱਧੜ ’ਚ ਲੱਗਣ ਵਾਲਾ ਕੰਪਰੈਸਡ ਬਾਇਓ ਪਲਾਂਟ : ਭਾਨਰੀ ਦਰਜਨਾ ਪਿੰਡਾਂ ਲਈ ਸਰਾਪ ਸਿੱਧ ਹੋਵੇਗਾ ਦੁੱਧੜ ਵਿਖੇ ਲੱਗਣ ਵਾਲਾ ਕੰਪਰੈਸਡ ਬਾਇਓ ਪਲਾਂਟ- ਭਾਨਰੀ
Publish Date: Fri, 10 Jul 2026 05:50 PM (IST)
Updated Date: Fri, 10 Jul 2026 05:51 PM (IST)
- ਇਲਾਕਾ ਵਾਸੀਆਂ, ਕਿਸਾਨ ਜਥੇਬੰਦੀਆਂ ਤੇ ਸਿਆਸੀ ਪਾਰਟੀਆਂ ਨੂੰ ਨਾਲ ਲੈ ਕੇ ਪਲਾਂਟ ਦੇ ਵਿਰੋਧ ’ਚ ਸੰਘਰਸ਼ ਵਿੱਢਣ ਦੀ ਦਿੱਤੀ ਚਿਤਾਵਨੀ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ 10 ਜੂਨ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ ਵਿੱਚ ਕੰਪਰੈਸਡ ਬਾਇਓ ਪਲਾਂਟ ਪਟਿਆਲਾ ਤੇ ਜੰਲਧਰ ਵਿੱਚ ਲਾਉਣ ਦਾ ਜੋ ਫੈਸਲਾ ਕੀਤਾ ਗਿਆ ਹੈ, ਉਹ ਹਲਕਾ ਸਮਾਣਾ ਤੇ ਦਰਜਨਾ ਪਿੰਡਾਂ ਲਈ ਸਰਾਪ ਸਿੱਧ ਹੋਵੇਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਅਕਾਲੀ ਆਗੂ ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਕਿ ਪਟਿਆਲਾ ਵਿਖੇ ਲਗਾਇਆ ਜਾਣ ਵਾਲਾ ਕੰਪਰੈਸਡ ਬਾਇਓਗੈਸ ਪਲਾਂਟ ਹਲਕਾ ਸਮਾਣਾ ਦੇ ਪਿੰਡ ਦੁੱਧੜ ਵਿੱਚ ਲਗਾਇਆ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਲਕਾ ਸਮਾਣਾ ਨੂੰ ਕੋਈ ਵੱਡਾ ਪ੍ਰੋਜੈਕਟ ਤਾਂ ਨਹੀਂ ਦੇ ਸਕੀ ਪਰ ਅੱਧੇ ਪੰਜਾਬ ਦੀ ਗੰਦਗੀ ਤੇ ਕੂੜਾ ਕਰਕਟ ਇੱਥੇ ਜਬਰੀ ਸੁੱਟਣ ਦੀ ਤਿਆਰੀ ਕੀਤੀ ਜਾ ਰਹੀ ਹੈ, ਇਸ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਇਲਾਕਾ ਵਾਸੀ ਕਿਸੇ ਵੀ ਕੀਮਤ ਵਿੱਚ ਨਹੀਂ ਲੱਗਣ ਦੇਣਗੇ। ਇਸ ਮੌਕੇ ਭਾਨਰੀ ਨੇ ਕਿਹਾ ਕਿ ਇਸ ਤੋਂ ਪਹਿਲਾਂ ਨੇੜਲੇ ਪਿੰਡਾਂ ਦੇ ਵਸਨੀਕਾਂ ਤੇ ਕਿਸਾਨ ਜਥੇਬੰਦੀਆਂ ਦੇ ਭਾਰੀ ਵਿਰੋਧ ਕਾਰਨ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰ ਵੀ ਪਿੰਡ ਦੁੱਦੜ ਵਿਖੇ ਕੰਪਰੈਸਡ ਬਾਇਓ ਗੈਸ ਪਲਾਂਟ ਨਹੀਂ ਲਗਾ ਸਕੀਆਂ। ਇਹ ਪਲਾਂਟ ਪੂਰੇ ਮਾਲਵੇ ਦੇ ਗਿੱਲੇ ਤੇ ਸੁੱਕੇ ਕੂੜੇ ਨੂੰ ਸਮੇਟਣ ਲਈ ਲਾਇਆ ਜਾ ਰਿਹਾ ਹੈ, ਪੰਜਾਬ ਸਰਕਾਰ ਪੂਰੇ ਪੰਜਾਬ ਦਾ ਗੰਦ ਆਉਣ ਵਾਲੇ ਸਮੇਂ ਵਿੱਚ ਹਲਕਾ ਸਮਾਣਾ ਵਿੱਚ ਲੈ ਕੇ ਆ ਰਹੀ ਹੈ। ਨੇੜਲੇ ਪਿੰਡਾਂ ਮੈਣ, ਭਾਨਰੀ, ਸਵਾਜਪੁਰ, ਤਰੇਂ, ਕਸਬਾ ਡਕਾਲਾ, ਕੱਲਰਭੈਣੀ, ਰਵਾਸ, ਖੇੜਾ, ਜਲਾਲ ਖੇੜਾ, ਸ਼ੇਰਮਾਜਰਾ, ਖੁਸਰੋਪੁਰ, ਰਾਮਗੜ੍ਹ ਤੇ ਦੂਧੜ ਸਮੇਤ ਇਲਾਕੇ ਦੇ ਪਿੰਡਾਂ ਦੇ ਵਸਨੀਕਾਂ ਦੀ ਜ਼ਿੰਦਗੀ ਨਰਕ ਬਣ ਜਾਵੇਗੀ, ਕਿਉਂਕਿ ਇਸ ਤੋਂ ਪਹਿਲਾਂ ਵੀ ਇਲਾਕਾ ਵਾਸੀ ਮੌਜੂਦ ਫੈਕਟਰੀਆਂ ਕਾਰਨ ਪ੍ਰਦੂਸ਼ਣ ਭਰੀ ਅਤੇ ਦੀ ਜ਼ਿੰਦਗੀ ਜੀ ਰਹੇ ਹਨ। ਗੁਰਧਿਆਨ ਸਿੰਘ ਭਾਨਰੀ ਨੇ ਦੱਸਿਆ ਜੇਕਰ ਸਰਕਾਰ ਦੀ ਪਲਾਂਟ ਨੂੰ ਜਲਦੀ ਰੱਦ ਨਹੀਂ ਕਰਦੀ ਤਾਂ ਇਸ ਪਲਾਂਟ ਖ਼ਿਲਾਫ਼ ਸੇਵਾਮੁਕਤ ਇੰਜੀਨੀਅਰ ਅਮਰਜੀਤ ਸਿੰਘ ਸੰਧੂ ਤਰੈਂ, ਚੀਫ ਇੰਜੀਨੀਅਰ ਜਸਵੀਰ ਸਿੰਘ, ਗੁਰਜੰਟ ਸਿੰਘ, ਮਨਪ੍ਰੀਤ ਸਿੰਘ ਸਾਬਕਾ ਸਰਪੰਚ ਸਵਾਜਪੁਰ, ਗੁਰਮੀਤ ਸਿੰਘ, ਕਰਮਜੀਤ ਸਿੰਘ ਮੈਣ, ਨਿਰਮਲ ਸਿੰਘ ਲ਼ੰਗੜੋਈ, ਨਾਇਬ ਸਿੰਘ ਭਾਨਰੀ ਬਲਾਕ ਪ੍ਰਧਾਨ ਕਾਂਗਰਸ, ਗੁਰਮੀਤ ਸਿੰਘ, ਮੱਖਣ ਸਿੰਘ ਨੰਬਰਦਾਰ, ਮਨੀ ਕੱਲਰਭੈਣੀ, ਹੈਪੀ ਮੈਣ, ਇਲਾਕਾ ਵਾਸੀ ਤੇ ਕਿਸਾਨ ਜਥੇਬੰਦੀਆਂ ਤੇ ਸਮਾਜ ਸੇਵੀ ਸੰਸਥਾਵਾਂ ਤੇ ਪੰਚਾਂ-ਸਰਪੰਚਾਂ ਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਸਹਿਯੋਗ ਨਾਲ ਵੱਡਾ ਸੰਘਰਸ਼ ਉਲੀਕਿਆ ਜਾਵੇਗਾ।