ਪਟਿਆਲਾ ’ਚ ਦਿਨ-ਦਿਹਾੜੇ ਗੁੰਡਾਗਰਦੀ: ਕਾਰ ਸਵਾਰ ਹਮਲਾਵਰਾਂ ਨੇ ਜਿਮ ਟ੍ਰੇਨਰ ’ਤੇ ਕੀਤੀ ਅੰਨ੍ਹੇਵਾਹ ਫਾਇਰਿੰਗ, ਵਾਲ-ਵਾਲ ਬਚੀ ਜਾਨ
ਪਟਿਆਲਾ ਦੇ ਰਾਜਪੁਰਾ ਰੋਡ ’ਤੇ ਸਥਿਤ ਐੱਸ.ਐੱਸ.ਟੀ. ਨਗਰ ਇਲਾਕੇ ’ਚ ਸ਼ਨੀਵਾਰ ਬਾਅਦ ਦੁਪਹਿਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁਝ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਨੇ ਇੱਕ ਮਾਰੂਤੀ ਕਾਰ ਦਾ ਪਿੱਛਾ ਕਰਦਿਆਂ ਉਸ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ ਕਰੀਬ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ’ਚੋਂ ਦੋ ਗੋਲੀਆਂ ਸਿੱਧੀਆਂ ਕਾਰ ਦੀ ਡਿੱਗੀ ’ਤੇ ਜਾ ਲੱਗੀਆਂ।
Publish Date: Sat, 11 Jul 2026 03:46 PM (IST)
Updated Date: Sat, 11 Jul 2026 03:49 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ। ਪਟਿਆਲਾ ਦੇ ਰਾਜਪੁਰਾ ਰੋਡ ’ਤੇ ਸਥਿਤ ਐੱਸ.ਐੱਸ.ਟੀ. ਨਗਰ ਇਲਾਕੇ ’ਚ ਸ਼ਨੀਵਾਰ ਬਾਅਦ ਦੁਪਹਿਰ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਕੁਝ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਨੇ ਇੱਕ ਮਾਰੂਤੀ ਕਾਰ ਦਾ ਪਿੱਛਾ ਕਰਦਿਆਂ ਉਸ ’ਤੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਵੱਲੋਂ ਕਰੀਬ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ ਗਏ, ਜਿਨ੍ਹਾਂ ’ਚੋਂ ਦੋ ਗੋਲੀਆਂ ਸਿੱਧੀਆਂ ਕਾਰ ਦੀ ਡਿੱਗੀ ’ਤੇ ਜਾ ਲੱਗੀਆਂ।
ਰਾਹਤ ਦੀ ਗੱਲ ਇਹ ਰਹੀ ਹੈ ਕਿ ਇਸ ਖ਼ਤਰਨਾਕ ਹਮਲੇ ਦੌਰਾਨ ਕਾਰ ਚਲਾ ਰਿਹਾ ਨੌਜਵਾਨ ਪੂਰੀ ਤਰ੍ਹਾਂ ਸੁਰੱਖਿਅਤ ਰਿਹਾ ਅਤੇ ਉਸ ਦੀ ਜਾਨ ਵਾਲ-ਵਾਲ ਬਚ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋਣ ’ਚ ਕਾਮਯਾਬ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਫਾਇਰਿੰਗ ਦਾ ਸ਼ਿਕਾਰ ਹੋਇਆ ਨੌਜਵਾਨ ਪੇਸ਼ੇ ਤੋਂ ਇੱਕ ਜਿਮ ਟ੍ਰੇਨਰ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ’ਚ ਆਇਆ। ਲਾਹੌਰੀ ਗੇਟ ਥਾਣੇ ਦੇ ਇੰਚਾਰਜ ਸੌਰਵ ਸਭਰਵਾਲ ਪੁਲਿਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਪੁਲਿਸ ਵੱਲੋਂ ਮੌਕੇ ਤੋਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ ਅਤੇ ਆਸ-ਪਾਸ ਦੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਲਾਹੌਰੀ ਗੇਟ ਥਾਣੇ ਦੀ ਪੁਲਿਸ ਵੱਲੋਂ ਪੀੜਤ ਜਿਮ ਟ੍ਰੇਨਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਤਾਂ ਜੋ ਹਮਲੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।
ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾ ਸਕੇ। ਦਿਨ-ਦਿਹਾੜੇ ਹੋਈ ਇਸ ਗੋਲੀਬਾਰੀ ਕਾਰਨ ਸਥਾਨਕ ਲੋਕਾਂ ’ਚ ਭਾਰੀ ਸਹਿਮ ਦਾ ਮਾਹੌਲ ਹੈ।