- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧੀ ਦਾ ਪਿੱਛਾ ਕਰਨ ਦੇ ਸ਼ੱਕ 'ਚ ਨੌਜਵਾਨ ਦਾ ਕਤਲ, ਪਿਓ-ਪੁੱਤ ਗ੍ਰਿਫ਼ਤਾਰ, ਲੜਕੀ ਫ਼ਰਾਰ

ਫੋਟੋ : 10ਪੀਟੀਐਲ : 40
* ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ : ਡੀਐੱਸਪੀ
* ਫ਼ਰਾਰ ਮਹਿਲਾ ਮੁਲਜ਼ਮ ਨੂੰ ਵੀ ਛੇਤੀ ਕਾਬੂ ਕਰ ਲੈਣ ਦਾ ਦਾਅਵਾ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਥਾਣਾ ਅਰਬਨ ਅਸਟੇਟ ਅਧੀਨ ਆਉਂਦੇ ਇਲਾਕੇ ’ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੀ ਧੀ ਦਾ ਪਿੱਛਾ ਕਰਨ ਤੋਂ ਖਫ਼ਾ ਇਕ ਪਰਿਵਾਰ ਨੇ ਬਲਜਿੰਦਰ ਸਿੰਘ (38) ਵਾਸੀ ਪਿੰਡ ਚੌਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਖ਼ੂਨੀ ਵਾਰਦਾਤ ਤੋਂ ਬਾਅਦ ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਤਿੰਨ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਜਿਨ੍ਹਾਂ ’ਚੋਂ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਰੰਜਿਸ਼ ਤਹਿਤ ਉਸ ਦੇ ਭਰਾ ਬਲਜਿੰਦਰ ਸਿੰਘ 'ਤੇ ਹਮਲਾ ਕਰ ਕੇ ਉਸ ਦਾ ਕਤਲ ਕੀਤਾ ਹੈ। ਇਸ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ਲੜਕੀ ਗੁਰਿੰਦਰ ਕੌਰ, ਉਸ ਦੇ ਭਰਾ ਪਰਮਜੀਤ ਸਿੰਘ ਤੇ ਪਿਤਾ ਗੁਨਿੰਦਰ ਸਿੰਘ ਖ਼ਿਲਾਫ਼ ਹੱਤਿਆ ਦਾ ਪਰਚਾ ਦਰਜ ਕਰ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਐੱਸਪੀ ਜਗਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਪਰਿਵਾਰ ਨੂੰ ਸ਼ੱਕ ਸੀ ਕਿ ਬਲਜਿੰਦਰ ਸਿੰਘ ਉਨ੍ਹਾਂ ਦੀ ਧੀ ਦਾ ਪਿੱਛਾ ਕਰਦਾ ਸੀ। ਪਰਿਵਾਰ ਵੱਲੋਂ ਨੌਜਵਾਨ ਨੂੰ ਪਹਿਲਾਂ ਵੀ ਕਈ ਵਾਰ ਅਜਿਹਾ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ ਅਤੇ ਸਮਝਾਇਆ ਗਿਆ ਸੀ। ਪਰ ਇਸੇ ਰੰਜਿਸ਼ ਕਾਰਨ ਪਰਿਵਾਰ ਵੱਲੋਂ ਚੌਰਾ ਰੋਡ ’ਤੇ ਚਾਕੂ ਨਾਲ ਨੌਜਵਾਨ ਦਾ ਕਤਲ ਕਰ ਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਡੀਐੱਸਪੀ ਰੰਧਾਵਾ ਨੇ ਦੱਸਿਆ ਕਿ ਇਸ ਕਤਲ ਕਾਂਡ ’ਚ ਕੁੱਲ ਤਿੰਨ ਲੋਕਾਂ ਪਰਮਜੀਤ ਸਿੰਘ, ਗੁਨਿੰਦਰ ਸਿੰਘ ਤੇ ਗੁਰਵਿੰਦਰ ਕੌਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਵੇਂ ਪਿਓ-ਪੁੱਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਤੀਜੀ ਮੁਲਜ਼ਮ ਲੜਕੀ ਫਿਲਹਾਲ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤੇ ਫ਼ਰਾਰ ਦੱਸੀ ਜਾ ਰਹੀ ਹੈ। ਪੁਲਿਸ ਵੱਲੋਂ ਲੜਕੀ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ 'ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਹਾਲੇ ਜਾਰੀ ਹੈ। ਕਾਨੂੰਨੀ ਤੇ ਤਕਨੀਕੀ ਪੱਖਾਂ ਨੂੰ ਧਿਆਨ ’ਚ ਰੱਖਦਿਆਂ ਬਣਦੀ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ ਤੇ ਜਲਦੀ ਫ਼ਰਾਰ ਮਹਿਲਾ ਮੁਲਜ਼ਮ ਨੂੰ ਵੀ ਕਾਬੂ ਕਰ ਲਿਆ ਜਾਵੇਗਾ।