ਕਿਸਾਨਾਂ ਨੇ ਪੀੜ੍ਤ ਪਰਿਵਾਰ ਨੂੰ ਮੁਆਵਜ਼ੇ ਦੀ ਕੀਤੀ ਮੰਗ ਕਿਸਾਨਾਂ ਲਾਇਆ ਥਾਣਾ ਸਦਰ ਅੱਗੇ ਰੋਸ ਧਰਨਾ, ਨਾਅਰੇਬਾਜੀ ਕੀਤੀ
Publish Date: Wed, 28 Oct 2026 05:48 PM (IST)
Updated Date: Wed, 28 Oct 2026 05:49 PM (IST)
ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਮਾਨਸਾ ਵਿਖੇ ਲੰਘੇ ਦਿਨ ਭੰਮੇ ਕਲਾਂ ਦੇ ਨੌਜ਼ਵਾਨ ਦੀ ਮ੍ਰਿਤਕ ਦੇਹ ਖੋਹਣ ਅਤੇ ਲੋਕਾਂ ਉਪਰ ਪੁਲਿਸ ਜਬਰ ਢਾਹੁਣ ਦੀ ਕਾਰਵਾਈ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਬਲਾਕ ਇਕਾਈ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਥਾਣਾ ਸਦਰ ਬਾਲੀਆਂ ਅੱਗੇ ਰੋਸ ਧਰਨਾ ਲਾ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਯੂਨੀਅਨ ਦੇ ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਜਨਰਲ ਸਕੱਤਰ ਜਗਤਾਰ ਸਿੰਘ ਲੱਡੀ ਅਤੇ ਚਮਕੌਰ ਸਿੰਘ ਲੱਡੀ ਨੇ ਕਿਹਾ ਕਿ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਪਿੰਡ ਭੰਮੇ ਕਲਾਂ ’ਚ ਨੌਜਵਾਨ ਦਲਜੀਤ ਸਿੰਘ ਦੀ ਚਿੱਟੇ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ। ਇਨਸਾਫ਼ ਲਈ ਮ੍ਰਿਤਕ ਦੇਹ ਨੂੰ ਮਾਨਸਾ ਮੋਰਚੇ ਵਿਚ ਲਿਜਾ ਰਹੇ ਪਰਿਵਾਰ ਅਤੇ ਇਨਸਾਫਪਸੰਦ ਲੋਕਾਂ ਨੂੰ ਘੇਰ ਕੇ ਪੁਲਿਸ ਵਲੋਂ ਅੰਨ੍ਹੇਵਾਹ ਜਬਰ ਕੀਤਾ ਗਿਆ, ਪੀੜ੍ਹਤ ਪਰਿਵਾਰ ਕੇ ਮੈਂਬਰਾਂ ਅਤੇ ਕਈ ਹੋਰ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁਲੀਸ ਨੌਜ਼ਵਾਨ ਦੀ ਮ੍ਰਿਤਕ ਦੇਹ ਖੋਹ ਕੇ ਲੈ ਗਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਪੁਲੀਸ ਤਸ਼ੱਦਦ ਦੀਆਂ ਸਭ ਹੱਦਾਂ ਬੰਨ੍ਹੇ ਪਾਰ ਕਰ ਰਹੀ ਹੈ ਜਿਸ ਕਾਰਨ ਲੋਕਾਂ ਵਿਚ ਰੋਸ ਫੈਲ ਗਿਆ ਹੈ। ਆਗੂਆਂ ਨੇ ਉਨ੍ਹਾਂ ਮੰਗ ਕੀਤੀ ਕਿ ਭੰਮੇ ਕਲਾਂ ਦੇ ਨੌਜ਼ਵਾਨ ਦਲਜੀਤ ਸਿੰਘ ਦੀ ਮੌਤ ਲਈ ਜਿੰਮੇਵਾਰ ਨਸ਼ਾ ਤਸਕਰਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਉਸਦੀ ਜਾਇਦਾਦ ਜ਼ਬਤ ਕੀਤੀ ਜਾਵੇ, ਮ੍ਰਿਤਕ ਦੇਹ ਜਬਰੀ ਖੋਹਣ ਵਾਲੇ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇ, ਮ੍ਰਿਤਕ ਦੇਹ ਪਰਿਵਾਰ ਨੂੰ ਵਾਪਸ ਸੌਂਪੀ ਜਾਵੇ, ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੂਆਵਜ਼ਾ ਦਿੱਤਾ ਜਾਵੇ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀਆਂ ਮੰਗਾਂ ਤੁਰੰਤ ਮੰਨੀਆਂ ਜਾਣ।