ਘਨੌਰ ’ਚ ਪਹਿਲੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ ਘਨੌਰ 'ਚ ਪਹਿਲੀ ਬਰਸਾਤ ਨੇ ਖੋਲ੍ਹੀ ਪ੍ਰਸ਼ਾਸਨ ਦੀ ਪੋਲ
Publish Date: Fri, 10 Jul 2026 06:16 PM (IST)
Updated Date: Fri, 10 Jul 2026 06:18 PM (IST)
- ਪਟਵਾਰਖਾਨੇ ਵਾਲੀ ਸੜਕ ਨੇ ਧਾਰਿਆ ਨਦੀ ਦਾ ਰੂਪ, ਨਗਰ ਪੰਚਾਇਤ ਤੇ ਸੀਵਰੇਜ ਵਿਭਾਗ ਨੇ ਇਕ-ਦੂਜੇ ’ਤੇ ਸੁੱਟੀ ਜ਼ਿੰਮੇਵਾਰੀ ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ ਘਨੌਰ : ਘਨੌਰ ਵਿੱਚ ਹੋਈ ਪਹਿਲੀ ਚੰਗੀ ਬਰਸਾਤ ਨੇ ਹੀ ਨਗਰ ਦੀ ਨਿਕਾਸੀ ਪ੍ਰਣਾਲੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਪਟਵਾਰਖਾਨੇ ਵਾਲੀ ਸੜਕ ’ਤੇ ਬਰਸਾਤੀ ਪਾਣੀ ਇਸ ਕਦਰ ਇਕੱਠਾ ਹੋ ਗਿਆ ਕਿ ਸੜਕ ਨੇ ਨਦੀ ਦਾ ਰੂਪ ਧਾਰ ਲਿਆ। ਕਈ ਘੰਟਿਆਂ ਤੱਕ ਪਾਣੀ ਖੜ੍ਹਾ ਰਹਿਣ ਕਾਰਨ ਰਾਹਗੀਰਾਂ, ਦੁਕਾਨਦਾਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਦੋਪਹੀਆ ਵਾਹਨ ਚਾਲਕ ਪਾਣੀ ਵਿੱਚੋਂ ਲੰਘਦੇ ਹੋਏ ਹਾਦਸਿਆਂ ਦੇ ਡਰ ਹੇਠ ਸਫ਼ਰ ਕਰਦੇ ਨਜ਼ਰ ਆਏ, ਜਦਕਿ ਆਸ-ਪਾਸ ਦੇ ਵਪਾਰੀਆਂ ਨੇ ਵੀ ਨਿਕਾਸੀ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕੀਤੇ। ਸਭ ਤੋਂ ਚਿੰਤਾਜਨਕ ਗੱਲ ਇਹ ਰਹੀ ਕਿ ਇਸ ਸਮੱਸਿਆ ਦੇ ਹੱਲ ਲਈ ਜ਼ਿੰਮੇਵਾਰ ਵਿਭਾਗ ਇੱਕ-ਦੂਜੇ ਉੱਤੇ ਜ਼ਿੰਮੇਵਾਰੀ ਸੁੱਟਦੇ ਨਜ਼ਰ ਆਏ। ਜਦੋਂ ਇਸ ਸਬੰਧੀ ਨਗਰ ਪੰਚਾਇਤ ਘਨੌਰ ਦੀ ਪ੍ਰਧਾਨ ਮਨਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਲਈ ਸੀਵਰੇਜ ਵਿਭਾਗ ਦੇ ਐੱਸਡੀਓ ਨਾਲ ਸੰਪਰਕ ਕੀਤਾ ਜਾਵੇ। ਉੱਧਰ ਸੀਵਰੇਜ ਵਿਭਾਗ ਦੇ ਐੱਸਡੀਓ ਸੁਖਜੀਤ ਸਿੰਘ ਨੇ ਕਿਹਾ ਕਿ ਵਿਭਾਗ ਦਾ ਕੰਮ ਸੀਵਰੇਜ ਦਾ ਪਾਣੀ ਬਾਹਰ ਕੱਢਣਾ ਹੈ ਅਤੇ ਇਸ ਲਈ ਮੋਟਰ ਲਗਾਤਾਰ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸੜਕ ’ਤੇ ਖੜ੍ਹਾ ਪਾਣੀ ਸੀਵਰੇਜ ਦਾ ਨਹੀਂ, ਸਗੋਂ ਬਰਸਾਤੀ ਪਾਣੀ ਹੈ, ਜੋ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਨਾ ਹੋਣ ਕਾਰਨ ਨਿਕਾਸ ਨਾ ਮਿਲਣ ਕਰ ਕੇ ਇਕੱਠਾ ਹੋਇਆ ਹੈ। ਦੋਵਾਂ ਵਿਭਾਗਾਂ ਦੇ ਬਿਆਨਾਂ ਤੋਂ ਸਪੱਸ਼ਟ ਹੈ ਕਿ ਸਮੱਸਿਆ ਦੇ ਹੱਲ ਦੀ ਬਜਾਏ ਜ਼ਿੰਮੇਵਾਰੀ ਇੱਕ-ਦੂਜੇ ’ਤੇ ਪਾਈ ਜਾ ਰਹੀ ਹੈ, ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਹੀ ਹਾਲਾਤ ਬਣਦੇ ਹਨ, ਪਰ ਨਾ ਤਾਂ ਨਾਲਿਆਂ ਦੀ ਸਮੇਂ ਸਿਰ ਸਫ਼ਾਈ ਹੁੰਦੀ ਹੈ ਅਤੇ ਨਾ ਹੀ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੋਈ ਪੱਕਾ ਪ੍ਰਬੰਧ ਕੀਤਾ ਜਾਂਦਾ ਹੈ। ਸ਼ਹਿਰ ਵਾਸੀਆਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਬੰਧਿਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਪਟਵਾਰਖਾਨੇ ਵਾਲੀ ਸੜਕ ਸਮੇਤ ਹੋਰ ਜਲਭਰਾਅ ਵਾਲੇ ਇਲਾਕਿਆਂ ਵਿੱਚ ਤੁਰੰਤ ਪਾਣੀ ਦੀ ਨਿਕਾਸੀ ਕਰਵਾਈ ਜਾਵੇ ਅਤੇ ਭਵਿੱਖ ਵਿੱਚ ਅਜਿਹੀ ਸਥਿਤੀ ਤੋਂ ਬਚਣ ਲਈ ਨਾਲਿਆਂ ਦੀ ਨਿਯਮਿਤ ਸਫ਼ਾਈ ਅਤੇ ਨਿਕਾਸੀ ਪ੍ਰਣਾਲੀ ਨੂੰ ਮਜ਼ਬੂਤ ਬਣਾਇਆ ਜਾਵੇ, ਤਾਂ ਜੋ ਹਰ ਬਰਸਾਤ ਮਗਰੋਂ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।