ਗੁਰਸ਼ਰਨ ਕੌਰ ਰੰਧਾਵਾ ਨੂੰ ਮਿਲਿਆ ਏਆਈਸੀ ਦਾ ਬੈਸਟ ਪ੍ਰਫਾਰਮਰ ਐਵਾਰਡ ਗੁਰਸ਼ਰਨ ਕੌਰ ਰੰਧਾਵਾ ਨੂੰ ਮਿਲਿਆ ਏਆਈਸੀ ਦਾ ਬੈੈਸਟ ਪ੍ਰਫਾਰਮਰ ਐਵਾਰਡ
Publish Date: Fri, 10 Jul 2026 04:49 PM (IST)
Updated Date: Fri, 10 Jul 2026 04:51 PM (IST)
- ਰੰਧਾਵਾ ਨੇ ਵਰਕਰਾਂ ਤੇ ਆਗੂਆਂ ਦਾ ਕੀਤਾ ਵਿਸ਼ੇਸ਼ ਧੰਨਵਾਦ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਆਲ ਇੰਡੀਆ ਕਾਂਗਰਸ ਕਮੇਟੀ ਦੇ ਸੰਗਠਨ ਸਿਰਜਣ ਪ੍ਰੋਗਰਾਮ ਤਹਿਤ ਦੇਸ਼ ਭਰ ਦੀਆਂ 1047 ਜ਼ਿਲ੍ਹਾ ਕਾਂਗਰਸ ਕਮੇਟੀਆਂ ਦੇ ਪ੍ਰਧਾਨਾਂ ਦੇ ਕੰਮਕਾਜ ਦਾ ਵਿਸਤ੍ਰਿਤ ਮੁਲਾਂਕਣ ਕੀਤਾ ਗਿਆ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਤੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਚੰਡੀਗੜ੍ਹ ਵਿਖੇ ਜ਼ਿਲਾ ਕਾਂਗਰਸ ਪ੍ਰਧਾਨਾਂ ਦੀ ਮੀਟਿੰਗ ਵਿੱਚ ਗੁਰਸ਼ਰਨ ਕੌਰ ਰੰਧਾਵਾ ਸਮੇਤ 5 ਜ਼ਿਲ੍ਹਾ ਪ੍ਰਧਾਨਾਂ ਨੂੰ ‘ਬੈਸਟ ਪ੍ਰਫਾਰਮਰ’ ਐਵਾਰਡ ਮਿਲਣ ਦਾ ਐਲਾਨ ਕੀਤਾ ਗਿਆ। ਇਸ ਮੁਲਾਕਣ ਪ੍ਰਕਿਰਿਆ ਵਿੱਚ ਸੰਗਠਨ ਦੇ ਵਿਸਥਾਰ ਵੱਖ-ਵੱਖ ਕਮੇਟੀਆਂ ਦੇ ਗਠਨ, ਨਵੇਂ ਵਰਕਰਾਂ ਨੂੰ ਜੋੜਨ ਅਤੇ ਜ਼ਿਲ੍ਹਾ ਦਫ਼ਤਰਾਂ ਦੇ ਸੁਚਾਰੂ ਪ੍ਰਬੰਧ ਵਰਗੇ ਮਾਪਦੰਡ ਸ਼ਾਮਲ ਹਨ। ਇਸ ਪ੍ਰਕਿਰਿਆ ਰਾਹੀਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਪੰਜਾਬ ਦੇ 5 ਜ਼ਿਲ੍ਹਾ ਪ੍ਰਧਾਨਾਂ ਨੂੰ ਚੁਣਿਆ ਗਿਆ, ਜਿਨ੍ਹਾਂ ਵਿੱਚ ਪਟਿਆਲਾ ਤੋਂ ਗੁਰਸ਼ਰਨ ਕੌਰ ਰੰਧਾਵਾ, ਮਾਲੇਰਕੋਟਲਾ ਤੋਂ ਨਿਸ਼ਾਤ ਅਖ਼ਤਰ, ਮਾਨਸਾ ਤੋਂ ਕੁਲਵੰਤ ਰਾਏ ਸਿੰਗਲਾ, ਅੰਮ੍ਰਿਤਸਰ ਤੋਂ ਮਿੱਠੂ ਮੈਦਾਨ ਤੇ ਰੋਪੜ ਤੋਂ ਅਸ਼ਵਨੀ ਸ਼ਰਮਾ ਦੇ ਨਾਮ ਸ਼ਾਮਲ ਹਨ। ਇਸ ਪ੍ਰੋਗਰਾਮ ਦੀ ਦੇਖ-ਰੇਖ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ, ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਤੇ ਜਨਰਲ ਸਕੱਤਰ ਕੇਸੀ ਵੇਣੁਗੋਪਾਲ ਦੀ ਅਗਵਾਈ ਹੇਠ ਬਣੀ ਇੱਕ ਰਾਸ਼ਟਰੀ ਨਿਗਰਾਨੀ ਪ੍ਰਣਾਲੀ ਰਾਹੀਂ ਕੀਤੀ ਜਾਂਦੀ ਹੈ। ਇਨ੍ਹਾਂ ਸਾਰੇ ਮਾਪਦੰਡਾਂ ਤੇ ਖਰਾ ਉਤਰਦੇ ਹੋਏ ਗੁਰਸ਼ਰਨ ਕੌਰ ਰੰਧਾਵਾ ਸਮੇਤ ਪੰਜਾਬ ਦੇ 5 ਜ਼ਿਲ੍ਹਾ ਪ੍ਰਧਾਨਾਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ। ਇਹ ਐਲਾਨ ਮੌਕੇ ਚੰਡੀਗੜ੍ਹ ਕਾਂਗਰਸ ਭਵਨ ਵਿੱਚ ਪੰਜਾਬ ਇੰਚਾਰਜ ਭੁਪੇਸ਼ ਬਘੇਲ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਹਿ ਇੰਚਾਰਜ ਹੀਨਾ ਕਾਵੜੇ, ਰਵਿੰਦਰ ਦਲਵੀ ਤੇ ਸੂਰਜ ਠਾਕੁਰ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸੇ ਦੌਰਾਨ ਗੁਰਸ਼ਰਨ ਕੌਰ ਰੰਧਾਵਾ ਨੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਸਾਬਕਾ ਵਿਧਾਇਕਾਂ ਤੇ ਮੰਤਰੀਆਂ, ਹਲਕਿਆਂ ਤੋਂ ਚੋਣ ਲੜ੍ਹ ਚੁੱਕੇ ਲੀਡਰਾਂ ਤੇ ਚਾਹਵਾਨ ਲੀਡਰਾਂ, ਪੰਚਾਇਤਾਂ ਤੇ ਨਗਰ ਕੌਂਸਲਾਂ ਦੇ ਪ੍ਰਧਾਨ ਮੈਂਬਰਾਂ, ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਦੇ ਸਮੁੱਚੇ ਵਰਕਰਾਂ ਤੇ ਅਹੁਦੇਦਾਰਾਂ, ਬਲਾਕਾਂ ਦੇ ਅਹੁਦੇਦਾਰਾਂ ਅਤੇ ਵੱਖ-ਵੱਖ ਸੈੱਲਾਂ ਤੇ ਫਰੰਟਲ ਆਰਗਨਾਈਜੇਸ਼ਨਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਦੀ ਬਦੌਲਤ ਉਹ ਕਾਂਗਰਸ ਕਮੇਟੀ ਵੱਲੋਂ ਦਿੱਤੇ ਹਰ ਟੀਚੇ ਨੂੰ ਸਫਲ ਕਰਨ ਵਿੱਚ ਕਾਮਯਾਬ ਰਹੇ।