- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਲਕਾ ਸ਼ੁਤਰਾਣਾ ਚ ਦੋ ਮਾਡਲ ਖੇਡ ਗਰਾਊਂਡਾਂ ਦਾ ਉਦਘਾਟਨ

- ‘ਆਪ’ ਸਰਕਾਰ ਰੰਗਲਾ ਪੰਜਾਬ ਸਿਰਜਣ ਲਈ ਵਚਨਬੱਧ : ਵਿਧਾਇਕ ਬਾਜ਼ੀਗਰ
ਭੁਪਿੰਦਰਜੀਤ ਮੌਲਵੀਵਾਲਾ, ਪੰਜਾਬੀ ਜਾਗਰਣ
ਪਾਤੜਾਂ : ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਬਣਾਏ ਜਾ ਰਹੇ ਮਾਡਲ ਖੇਡ ਗਰਾਊਂਡਾਂ ਦੀ ਲੜੀ ਤਹਿਤ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਪਿੰਡ ਗੁਲਾਹੜ ਅਤੇ ਸਧਾਰਨਪੁਰ ਵਿੱਚ ਬਣਾਏ ਗਏ ਦੋ ਮਾਡਲ ਖੇਡ ਗਰਾਊਂਡਾਂ ਦਾ ਉਦਘਾਟਨ ਹਲਕਾ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕੀਤਾ। ਇਸ ਦੌਰਾਨ ਉਹਨਾਂ ਦਾਅਵਾ ਕੀਤਾ ਕਿ ਆਪ ਸਰਕਾਰ ਨੌਜਵਾਨਾਂ ਦੀ ਬਿਹਤਰੀ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਉਦਘਾਟਨੀ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਰੰਗਲਾ ਪੰਜਾਬ ਸਿਰਜਣ ਦੀ ਲੜੀ ਤਹਿਤ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ ਅਤੇ ਇਸੇ ਲੜੀ ਤਹਿਤ ਸੂਬੇ ਦੇ ਸਾਰੇ ਵਿਧਾਨ ਸਭਾ ਹਲਕਿਆਂ 31 00 ਮਾਡਲ ਖੇਡ ਗਰਾਊਂਡਾਂ ਦੀ ਉਸਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪਿੰਡ ਗੁਲਾਹੜ ਵਿੱਚ 42.71 ਲੱਖ ਰੁਪਏ ਅਤੇ ਸਧਾਰਨਪੁਰ ਵਿੱਚ 50.34 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਮਾਡਲ ਖੇਡ ਗਰਾਊਂਡਾਂ ਵਿੱਚ ਨੌਜਵਾਨਾਂ ਨੂੰ ਉਹ ਉਪਲਬਧ ਕਰਵਾਈਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਵਾਲੀਬਾਲ, ਗਰਾਊਂਡ, ਚਾਰਦੀਵਾਰੀ, ਸਬਮਰਸੀਬਲ ਬੋਰ, ਬਾਥਰੂਮ, ਪਖਾਨੇ, ਫੁਟ ਲਾਈਟਾਂ, ਹਾਈ ਵੋਲਟੇਜ ਲਾਈਟਾਂ, ਫੁਹਾਰਾ ਸਿਸਟਮ, ਖੇਡ ਗਰਾਊਂਡ ਦਾ ਸ਼ਾਨਦਾਰ ਮੁੱਖ ਦੁਆਰ, ਛੋਟੇ ਬੱਚਿਆਂ ਦੇ ਖੇਡਣ ਲਈ ਝੂਲੇ, ਬੈਠਣ ਲਈ ਬੈਂਚ, ਦੌੜਨ ਲਈ ਟਰੈਕ ਬਣਾਉਣ ਦੇ ਨਾਲ ਨਾਲ ਖੇਡ ਗਰਾਊਂਡ ਨੂੰ ਖੂਬਸੂਰਤ ਅਤੇ ਛਾਂਦਾਰ ਬਣਾਉਣ ਲਈ ਸਜਾਵਟੀ ਬੂਟੇ ਲਗਾਏ ਗਏ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਖੇਡਾਂ ਹੀ ਇੱਕੋ ਇੱਕ ਸਾਧਨ ਹਨ, ਜਿਸ ਨਾਲ ਜਿੱਥੇ ਨਸ਼ਿਆਂ ਤੋਂ ਬਚਿਆ ਜਾ ਸਕਦਾ ਹੈ ਉੱਥੇ ਤੰਦਰੁਸਤੀ ਨੂੰ ਬਹਾਲ ਰੱਖਿਆ ਜਾ ਸਕਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਨੂੰ ਹਰ ਪੱਖ ਤੋਂ ਕਮਜ਼ੋਰ ਕੀਤਾ, ਜਦੋਂਕਿ ‘ਆਪ’ ਸਰਕਾਰ ਰੰਗਲਾ ਪੰਜਾਬ ਸਿਰਜਣ ਲਈ ਵਚਨਬੱਧ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ‘ਆਪ’ ਦੇ ਬਲਾਕ ਪ੍ਰਧਾਨ ਕੇਪੀ ਸ਼ਰਮਾ, ਸਰਪੰਚ ਗੁਲਾਹੜ ਦਰਸ਼ਨ ਸਿੰਘ, ਪੰਚ ਧਿਆਨ ਸਿੰਘ, ਦਰਸ਼ਨ ਸਿੰਘ, ਬਲਵੀਰ ਸਿੰਘ, ਗੁਰਲਾਲ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਸਰਪੰਚ ਸੁਖਵੰਤ ਸਿੰਘ, ਟਹਿਲ ਸਿੰਘ ਸਰਪੰਚ ਸਧਾਰਨਪੁਰ, ਕਾਰਜ ਸਿੰਘ ਬਕਰਾਹਾ, ਸਰਪੰਚ ਮਾਲਕ ਸਿੰਘ ਤਰਲੋਚਨ ਸਿੰਘ ਜੈਖਰ, ਸਰਪੰਚ ਗੁਰਜੀਤ ਮੱਲੀ, ਸਰਪੰਚ ਵਿਕਰਮ ਸਿੰਘ ਡਰੋਲੀ ਅਤੇ ਚਰਨ ਸਿੰਘ ਮੋਮੀਆ ਆਦਿ ਹਾਜ਼ਰ ਸਨ।