- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬੀ ਯੂਨੀਵਰਸਿਟੀ ਅਤੇ 'ਰੀਪ ਬੈਨੇਫਿਟ' ਬੰਗਲੁਰੂ ਦਰਮਿਆਨ ਇਕਰਾਰਨਾਮਾ ਸਹੀਬੱਧ

- ਦੋਵਾਂ ਸੰਸਥਾਵਾਂ ਦੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਇਕਰਾਰਨਾਮਾ : ਡਾ. ਜਗਦੀਪ ਸਿੰਘ
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪੰਜਾਬੀ ਯੂਨੀਵਰਸਿਟੀ ਅਤੇ ਪ੍ਰਸਿੱਧ ਸੰਸਥਾ ‘ਰੀਪ ਬੈਨੇਫਿਟ’ ਬੰਗਲੁਰੂ ਦਰਮਿਆਨ ਇੱਕ ਵਿਸ਼ੇਸ਼ ਇਕਰਾਰਨਾਮਾ ਸਹੀਬੱਧ ਹੋਇਆ ਹੈ। ਉਪ ਕੁਲਪਤੀ ਡਾ. ਜਗਦੀਪ ਸਿੰਘ ਦੀ ਹਾਜ਼ਰੀ ਵਿੱਚ ਯੂਨੀਵਰਸਿਟੀ ਦੇ ਐੱਨਐੱਸਐੱਸ ਵਿਭਾਗ ਰਾਹੀਂ ਹੋਏ ਇਸ ਇਕਰਾਰਨਾਮੇ ’ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਅਤੇ ‘ਰੀਪ ਬੈਨੇਫੀਟ’ ਵੱਲੋਂ ਪੰਜਾਬ ਓਪਰੇਸ਼ਨਜ਼ ਦੀ ਮੁਖੀ ਨਵਨੀਤ ਕੌਰ ਨੇ ਅਧਿਕਾਰਤ ਤੌਰ ’ਤੇ ਦਸਤਖ਼ਤ ਕੀਤੇ। ਡਾ. ਜਗਦੀਪ ਸਿੰਘ ਨੇ ਇਸ ਭਾਈਵਾਲੀ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਇਕਰਾਰਨਾਮਾ ਦੋਵਾਂ ਸੰਸਥਾਵਾਂ ਦੇ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਖੋਜ ਸਬੰਧੀ ਨਵੀਨਤਮ ਪ੍ਰੋਗਰਾਮਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰੇਗਾ। ਉਨ੍ਹਾਂ ਦੱਸਿਆ ਕਿ ਇਸ ਤਹਿਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਯੁਵਕ ਅਗਵਾਈ ਅਤੇ ਹੁਨਰ ਨਿਰਮਾਣ ਸਕਿੱਲ, ਸਮੱਸਿਆ ਨਿਵਾਰਨ ਦੇ ਹੁਨਰ ਅਤੇ ਮਾਹਰਾਂ ਦੇ ਵਿਸ਼ੇਸ਼ ਸੈਸ਼ਨਾਂ ਵਰਗੀਆਂ ਉੱਚ ਪੱਧਰੀ ਸਰਗਰਮੀਆਂ ਵਿੱਚ ਹਿੱਸਾ ਲੈਣ ਦੇ ਬਿਹਤਰੀਨ ਮੌਕੇ ਮਿਲਣਗੇ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਅਤੇ ਉਨ੍ਹਾਂ ਦੀ ਰੁਚੀ ਅਨੁਸਾਰ ਸਰਗਰਮੀਆਂ ਵਿੱਚ ਭਾਗੀਦਾਰੀ ਯਕੀਨੀ ਬਣਾਉਣ ਲਈ ਇੱਕ ਵਿਸ਼ੇਸ਼ ‘ਵਟਸਐਪ ਚੈਟਬੋਟ’ ਪਲੇਟਫਾਰਮ ਵੀ ਮੁਹੱਈਆ ਕਰਵਾਇਆ ਜਾਵੇਗਾ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਯੋਜਨਾ ਅਤੇ ਨਿਰੀਖਣ ਡਾ. ਸੁਖਜੀਤ ਕੌਰ ਅਤੇ ਐੱਨਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਡਾ. ਅਨਹਦ ਸਿੰਘ ਗਿੱਲ ਵੀ ਮੌਜੂਦ ਸਨ।
ਇਸ ਮੌਕੇ ਡਾ. ਅਨਹਦ ਸਿੰਘ ਗਿੱਲ ਨੇ ਧੰਨਵਦੀ ਭਾਸ਼ਣ ਦੌਰਾਨ ਸਮਝੌਤੇ ਦੀਆਂ ਬਰੀਕੀਆਂ ਸਾਂਝੀਆਂ ਕਰਦਿਆਂ ਦੱਸਿਆ ਕਿ ਇਸ ਤਹਿਤ ਵਿਦਿਆਰਥੀਆਂ ਨੂੰ ਆਪਣੇ ਨਿਵੇਕਲੇ ਤੇ ਨਵੀਨਤਮ ਵਿਚਾਰ ਪੇਸ਼ ਕਰਨ ਲਈ ਇੱਕ ਵਿਲੱਖਣ ਮੰਚ ਮਿਲੇਗਾ। ਇੰਨਾ ਹੀ ਨਹੀਂ, ਵਿਦਿਆਰਥੀਆਂ ਦੇ ਸ਼ਾਨਦਾਰ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਸੰਸਥਾ ਵੱਲੋਂ ‘ਸੀਡ ਫੰਡ’ ਵੀ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਭਵਿੱਖ ਵਿੱਚ ਐੱਨਐੱਸਐੱਸ ਵਿਭਾਗ ਦੀਆਂ ਸਮੁੱਚੀਆਂ ਸਰਗਰਮੀਆਂ ਨੂੰ ਸੁਚਾਰੂ, ਪਾਰਦਰਸ਼ੀ ਅਤੇ ਆਧੁਨਿਕ ਤਰੀਕੇ ਨਾਲ ਚਲਾਉਣ ਲਈ ਦੋਵੇਂ ਸੰਸਥਾਵਾਂ ਮਿਲ ਕੇ ਇੱਕ ਵਿਸ਼ੇਸ਼ ਸਾਫਟਵੇਅਰ/ਪੋਰਟਲ ਵੀ ਵਿਕਸਤ ਕਰਨਗੀਆਂ। ਜ਼ਿਕਰਯੋਗ ਹੈ ਕਿ ਐੱਨਐੱਸਐੱਸ ਵਿਭਾਗ ਪਿਛਲੇ ਇੱਕ ਸਾਲ ਤੋਂ ‘ਰੀਪ ਬੈਨੇਫਿਟ’ ਸੰਸਥਾ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਿਹਾ ਹੈ। ਇਸੇ ਸਹਿਯੋਗ ਦੇ ਸਕਾਰਾਤਮਕ ਨਤੀਜੇ ਵਜੋਂ, ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਹੋਣਹਾਰ ਵਿਦਿਆਰਥੀ ਅਰਸ਼ਦੀਪ ਸਿੰਘ ਨੂੰ ਉਸ ਦੇ ਖੋਜ/ਪ੍ਰੋਜੈਕਟ ’ਤੇ ਕੰਮ ਕਰਨ ਲਈ ਸੰਸਥਾ ਵੱਲੋਂ 3 ਲੱਖ ਰੁਪਏ ਦਾ ਸੀਡ ਫੰਡ ਪ੍ਰਦਾਨ ਕੀਤਾ ਗਿਆ ਹੈ। ਇਹ ਰਾਸ਼ੀ ਇਸੇ ਸਮਾਗਮ ਦੌਰਾਨ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਵਿਦਿਆਰਥੀ ਨੂੰ ਭੇਟ ਕੀਤੀ ਗਈ।