ਕਲਾਕਾਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਹਨ : ਤੇਜਿੰਦਰ ਮਹਿਤਾ ਕਲਾਕਾਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਹਨ: ਤੇਜਿੰਦਰ ਮਹਿਤਾ
Publish Date: Fri, 10 Jul 2026 06:07 PM (IST)
Updated Date: Fri, 10 Jul 2026 06:09 PM (IST)
- ਸੁਖਨਵਰ ਰੰਗਮੰਚ ਨੇ ਕਰਵਾਇਆ ‘ਬਫ਼ਰਿੰਗ ਰਿਸ਼ਤੇ’ ਨਾਟਕ ਦਾ ਮੰਚਨ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਸੁਖਨਵਰ ਰੰਗਮੰਚ ਪਟਿਆਲਾ ਵੱਲੋਂ ਨਾਰਥ ਜ਼ੋਨ ਕਲਚਰਲ ਸੈਂਟਰ ਦੇ ਕਾਲੀਦਾਸ ਆਡੀਟੋਰੀਅਮ ਵਿਖੇ ਹਾਸਰਸ ਭਰਪੂਰ ਨਾਟਕ ‘ਬਫ਼ਰਿੰਗ ਰਿਸ਼ਤੇ’ ਦਾ ਸਫ਼ਲ ਮੰਚਨ ਕਰਵਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇਜਿੰਦਰ ਮਹਿਤਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦਕਿ ਪਦਮਸ੍ਰੀ ਨਾਟਕਕਾਰ ਪ੍ਰਾਣ ਸੱਭਰਵਾਲ ਅਤੇ ਉੱਘੇ ਚਿੰਤਕ ਡਾ. ਸਵਰਾਜ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਨਾਟਕ ਦਾ ਲੇਖਣ ਅਤੇ ਨਿਰਦੇਸ਼ਨ ਉੱਘੇ ਰੰਗਕਰਮੀ ਨਵਦੀਪ ਕਲੇਰ ਵੱਲੋਂ ਕੀਤਾ ਗਿਆ। ਇਸ ਮੌਕੇ ਤੇਜਿੰਦਰ ਮਹਿਤਾ ਨੇ ਕਿਹਾ ਕਿ ਕਲਾਕਾਰ ਸਮਾਜ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦੇ ਹਨ। ਰੰਗਮੰਚ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਸਮਾਜ ਦੀਆਂ ਹਕੀਕਤਾਂ ਨੂੰ ਲੋਕਾਂ ਸਾਹਮਣੇ ਰੱਖ ਕੇ ਉਨ੍ਹਾਂ ਨੂੰ ਸੋਚਣ ਲਈ ਪ੍ਰੇਰਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਮੋਬਾਈਲ ਅਤੇ ਡਿਜੀਟਲ ਯੁੱਗ ਵਿੱਚ ਤਕਨਾਲੋਜੀ ਨੇ ਜਿੱਥੇ ਜੀਵਨ ਨੂੰ ਸੁਖਾਲਾ ਬਣਾਇਆ ਹੈ, ਉੱਥੇ ਮਨੁੱਖੀ ਰਿਸ਼ਤਿਆਂ ਦੀ ਨੇੜਤਾ ਅਤੇ ਆਪਸੀ ਸੰਵਾਦ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਏ ਹਨ। ‘ਬਫ਼ਰਿੰਗ ਰਿਸ਼ਤੇ’ ਨਾਟਕ ਨੇ ਇਸ ਸੰਵੇਦਨਸ਼ੀਲ ਵਿਸ਼ੇ ਨੂੰ ਹਾਸੇ-ਮਜ਼ਾਕ ਦੇ ਰੰਗ ਵਿੱਚ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਿਆਂ ਦਰਸ਼ਕਾਂ ਨੂੰ ਇੱਕ ਸਾਰਥਕ ਸਮਾਜਿਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਨਵਦੀਪ ਕਲੇਰ ਅਤੇ ਸਮੁੱਚੀ ਨਾਟਕ ਟੀਮ ਨੂੰ ਇਸ ਉੱਤਮ ਪੇਸ਼ਕਾਰੀ ਲਈ ਵਧਾਈ ਦਿੱਤੀ। ਵਿਸ਼ੇਸ਼ ਮਹਿਮਾਨ ਡਾ. ਸਵਰਾਜ ਸਿੰਘ ਨੇ ਕਿਹਾ ਕਿ ਰੰਗਮੰਚ ਕਿਸੇ ਵੀ ਸਮਾਜ ਦੀ ਜਿਉਂਦੀ-ਜਾਗਦੀ ਚੇਤਨਾ ਦਾ ਪ੍ਰਤੀਕ ਹੁੰਦਾ ਹੈ। ਜਿਹੜਾ ਸਮਾਜ ਆਪਣੀ ਕਲਾ, ਸਾਹਿਤ ਅਤੇ ਰੰਗਮੰਚ ਨੂੰ ਜਿਉਂਦਾ ਰੱਖਦਾ ਹੈ, ਉਹ ਆਪਣੀਆਂ ਸੱਭਿਆਚਾਰਕ ਕਦਰਾਂ ਨੂੰ ਵੀ ਜਿਉਂਦਾ ਰੱਖਦਾ ਹੈ। ਨਾਟਕ ਵਿੱਚ ਮਨਜੀਤ ਸਿੰਘ, ਸੰਜੀਵ ਰਾਏ, ਪਵਨ ਜੌਹਲ, ਇਕੱਤਰ ਸਿੰਘ, ਕੁਲਵਿੰਦਰ ਕੌਰ, ਪ੍ਰੀਤ ਥਿੰਦ ਅਤੇ ਅਨਮੋਲ ਸਿੰਘ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਮੌਕੇ ਤੇਜਿੰਦਰ ਮਹਿਤਾ ਅਤੇ ਡਾ. ਸਵਰਾਜ ਸਿੰਘ ਵੱਲੋਂ ਨਾਟਕ ਦੇ ਲੇਖਕ ਅਤੇ ਨਿਰਦੇਸ਼ਕ ਨਵਦੀਪ ਕਲੇਰ ਸਮੇਤ ਸਮੁੱਚੀ ਨਾਟਕ ਟੀਮ ਨੂੰ ਸਨਮਾਨਿਤ ਕੀਤਾ ਗਿਆ। ਸੁਖਨਵਰ ਰੰਗਮੰਚ ਪਟਿਆਲਾ ਦੇ ਡਾਇਰੈਕਟਰ ਜੋਗਾ ਸਿੰਘ ਖੀਵਾ ਨੇ ਮਹਿਮਾਨਾਂ, ਕਲਾਕਾਰਾਂ ਅਤੇ ਦਰਸ਼ਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਖਨਵਰ ਰੰਗਮੰਚ ਦਾ ਮਕਸਦ ਸਿਰਫ਼ ਮਨੋਰੰਜਨ ਕਰਨਾ ਨਹੀਂ, ਸਗੋਂ ਰੰਗਮੰਚ ਰਾਹੀਂ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਕਦਰਾਂ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਵਿਨੋਦ ਕੌਸ਼ਲ ਨੇ ਬਾਖੂਬੀ ਮੰਚ ਸੰਚਾਲਨ ਕੀਤਾ।