- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਵਾਸੀ ਕਾਰੋਬਾਰੀ ਸੁਨੀਲ ਕੁਮਾਰ ਸਿੰਗਲਾ ਨੇ ਐਸਐਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪ੍ਰਾਪਰਟੀ ਡੀਲਰ ਰਾਹੀਂ ਪਿੰਡ ਮੁੱਲਾਂਪੁਰ ਗਰੀਬਦਾਸ ਦੀ 48 ਬਿਸਵੇ ਜ਼ਮੀਨ ਦਾ ਸੌਦਾ 5 ਕਰੋੜ 67 ਲੱਖ 50 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ।

ਅਮਰਜੀਤ ਧੀਮਾਨ, ਪੰਜਾਬੀ ਜਾਗਰਣ, ਮੋਰਿੰਡਾ: ਮੋਰਿੰਡਾ ਸਿਟੀ ਪੁਲਿਸ ਨੇ ਕਰੋੜਾਂ ਰੁਪਏ ਦੀ ਜ਼ਮੀਨ ਦੇ ਨਾਂ 'ਤੇ 42.50 ਲੱਖ ਰੁਪਏ ਦੀ ਕਥਿਤ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 5 ਔਰਤਾਂ ਸਮੇਤ 12 ਵਿਅਕਤੀਆਂ ਖ਼ਿਲਾਫ਼ ਬੀਐਨਐੱਸ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜ਼ਮੀਨ ਦੇ ਅਸਲ ਮਾਲਕ ਦੀ ਮੌਤ ਜਾਂ ਲਾਪਤਾ ਹੋਣ ਤੋਂ ਬਾਅਦ ਇੱਕ ਵਿਅਕਤੀ ਨੂੰ ਉਸ ਦੇ ਰੂਪ ਵਿੱਚ ਪੇਸ਼ ਕਰਕੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਜ਼ਮੀਨ ਦਾ ਸੌਦਾ ਕਰ ਦਿੱਤਾ।
ਇੰਸਪੈਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਲੁਧਿਆਣਾ ਦੇ ਰਾਜਗੁਰੂ ਨਗਰ ਵਾਸੀ ਕਾਰੋਬਾਰੀ ਸੁਨੀਲ ਕੁਮਾਰ ਸਿੰਗਲਾ ਨੇ ਐਸਐਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪ੍ਰਾਪਰਟੀ ਡੀਲਰ ਰਾਹੀਂ ਪਿੰਡ ਮੁੱਲਾਂਪੁਰ ਗਰੀਬਦਾਸ ਦੀ 48 ਬਿਸਵੇ ਜ਼ਮੀਨ ਦਾ ਸੌਦਾ 5 ਕਰੋੜ 67 ਲੱਖ 50 ਹਜ਼ਾਰ ਰੁਪਏ ਵਿੱਚ ਤੈਅ ਹੋਇਆ ਸੀ। ਮਾਰਚ 2026 ਵਿੱਚ ਮੋਰਿੰਡਾ ਹਾਈਵੇ ਸਥਿਤ ਤਾਜ ਢਾਬੇ ਨੇੜੇ ਲੱਕੀ ਸ਼ਰਮਾ ਅਤੇ ਉਸ ਦੇ ਸਾਥੀਆਂ ਨੇ ਉਸ ਤੋਂ ਇੱਕ ਲੱਖ ਰੁਪਏ ਟੋਕਨ ਮਨੀ ਲਈ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਆਰਟੀਜੀਐਸ ਰਾਹੀਂ 42.50 ਲੱਖ ਰੁਪਏ ਕਥਿਤ ਮਾਲਕਾਂ ਦੇ ਖਾਤਿਆਂ ਵਿੱਚ ਟਰਾਂਸਫਰ ਕੀਤੇ, ਜਦਕਿ ਕੁਝ ਰਕਮ ਨਕਦ ਵੀ ਦਿੱਤੀ।
ਬਾਅਦ ਵਿੱਚ ਜਾਂਚ ਦੌਰਾਨ ਪਤਾ ਲੱਗਾ ਕਿ ਜਿਸ ਸਤਪਾਲ ਦੇ ਨਾਂ 'ਤੇ ਸੌਦਾ ਕੀਤਾ ਗਿਆ ਸੀ, ਉਹ ਕਾਫ਼ੀ ਸਮਾਂ ਪਹਿਲਾਂ ਮਰ ਚੁੱਕਾ ਜਾਂ ਲਾਪਤਾ ਸੀ। ਦੋਸ਼ ਹੈ ਕਿ ਗਿਰੋਹ ਨੇ ਇੱਕ ਫਰਜ਼ੀ ਵਿਅਕਤੀ ਨੂੰ 'ਸਤਪਾਲ' ਬਣਾ ਕੇ ਉਸ ਦੇ ਜਾਅਲੀ ਪਛਾਣ ਪੱਤਰ ਤਿਆਰ ਕਰਵਾਏ ਅਤੇ ਉਸ ਨੂੰ ਅਸਲ ਮਾਲਕ ਵਜੋਂ ਪੇਸ਼ ਕਰਕੇ ਸੌਦਾ ਕੀਤਾ।
ਸ਼ਿਕਾਇਤ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਐਸਬੀਆਈ ਦੀਆਂ ਮੁੱਲਾਂਪੁਰ ਅਤੇ ਮੋਹਾਲੀ ਸ਼ਾਖਾਵਾਂ ਦੇ ਕੁਝ ਕਰਮਚਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬਿਨਾਂ ਪੂਰੀ ਈ-ਕੇਵਾਈਸੀ, ਆਧਾਰ ਅਤੇ ਪੈਨ ਲਿੰਕ ਕੀਤੇ ਬੈਂਕ ਖਾਤਾ ਖੋਲ੍ਹਿਆ ਗਿਆ। ਇਸੇ ਖਾਤੇ ਵਿੱਚ ਆਈ ਰਕਮ ਵਿੱਚੋਂ 30.50 ਲੱਖ ਰੁਪਏ ਦੋ ਹੋਰ ਖਾਤਿਆਂ ਵਿੱਚ ਟਰਾਂਸਫਰ ਕਰ ਦਿੱਤੇ ਗਏ।
ਪੁਲਿਸ ਪੜਤਾਲ ਵਿੱਚ ਧੋਖਾਧੜੀ ਦੇ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਐਸਐਸਪੀ ਰੂਪਨਗਰ ਦੇ ਹੁਕਮਾਂ 'ਤੇ ਲੱਕੀ ਸ਼ਰਮਾ, ਉਸ ਦੀ ਪਤਨੀ, ਪਰਮਿੰਦਰ ਸਿੰਘ ਉਰਫ਼ ਰਾਜਵੀਰ ਟੋਨੀ, ਹਰਵਿੰਦਰ ਸਿੰਘ, ਜਸਵਿੰਦਰ ਕੌਰ, ਕਰਮਜੀਤ ਕੌਰ, ਜਗਦੀਪ ਚੌਧਰੀ, ਹਰਦੀਪ ਸਿੰਘ, ਕੁਲਦੀਪ ਕੌਰ, ਲਾਭ ਕੌਰ, ਹਰਜੇਸ਼ ਕੁਮਾਰ ਅਤੇ ਪ੍ਰੀਤੀ ਖੁਰਾਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਏਐਸਆਈ ਮਨਜੀਤ ਸਿੰਘ ਨੂੰ ਸੌਂਪੀ ਗਈ ਹੈ ਅਤੇ ਗਿਰੋਹ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਵੀ ਖੰਗਾਲੀ ਜਾ ਰਹੀ ਹੈ।