ਬੀਬੀਐਮਬੀ ਹਸਪਤਾਲ ਨੂੰ ਡਿਸਪੈਂਸਰੀ ’ਚ ਤਬਦੀਲ ਕਰਨ 'ਤੇ ਰੋਕ ਦੀ ਅਪੀਲ ਬੀਬੀਐਮਬੀ ਹਸਪਤਾਲ ਨੂੰ ਡਿਸਪੈਂਸਰੀ ਵਿੱਚ ਤਬਦੀਲ ਕਰਨ ਦੀ ਤਜਵੀਜ 'ਤੇ ਰੋਕ ਲਗਾਉਣ ਦੀ ਅਪੀਲ
Publish Date: Fri, 10 Jul 2026 05:36 PM (IST)
Updated Date: Fri, 10 Jul 2026 05:39 PM (IST)
ਕੁਲਵਿੰਦਰ ਭਾਟੀਆ, ਪੰਜਾਬੀ ਜਾਗਰਣ ਨੰਗਲ : ਬੀਬੀਐਮਬੀ ਕੈਨਾਲ ਹਸਪਤਾਲ ਨੂੰ ਡਿਸਪੈਂਸਰੀ ਵਿੱਚ ਤਬਦੀਲ ਕਰਨ ਦੀਆਂ ਖਬਰਾਂ ਤੋਂ ਬਾਅਦ ਅੱਜ ਇੱਕ ਪੱਤਰ ਪੈਨਸ਼ਨਰ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸ਼ੋਸ਼ੀਏਸ਼ਨ ਨੰਗਲ ਵੱਲੋਂ ਕੇਂਦਰੀ ਊਰਜਾ ਮੰਤਰੀ, ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਚੇਅਰਮੈਨ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੂੰ ਲਿਖਿਆ ਗਿਆ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਬੀਐਸ ਡੋਡ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਬੀਤੇ ਦਿਨੀ ਅਖਬਾਰਾਂ ਦੇ ਵਿੱਚ ਪੜ੍ਹਨ ਨੂੰ ਮਿਲਿਆ ਸੀ ਕੀ ਬੀਬੀਐਮਬੀ ਹਸਪਤਾਲ ਨੂੰ ਸਧਾਰਨ ਡਿਸਪੈਂਸਰੀ ਵਿੱਚ ਬਦਲਣ ਅਤੇ ਇਸਦੇ ਸਟਾਫ ਨੂੰ ਸਿਵਿਲ ਹਸਪਤਾਲ ਨੰਗਲ ਵਿੱਚ ਤਬਦੀਲ ਕਰਨ ਦੀ ਯੋਜਨਾ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ । ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਦੇ ਨਾਲ ਨੰਗਲ ਅਤੇ ਆਲੇ ਦੁਆਲੇ ਦੇ ਸਥਾਨਕ ਖੇਤਰਾਂ ਵਿੱਚ ਕਾਰਜਸ਼ੀਲ ਕਰਮਚਾਰੀਆਂ ਅਤੇ ਵਸਨੀਕਾਂ ਨੂੰ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ’ਤੇ ਨੰਗਲ ਦੇ ਹਜ਼ਾਰਾਂ ਪੈਨਸ਼ਨਰ ਅਤੇ ਸੀਨੀਅਰ ਸਿਟੀਜਨ ਆਪਣੀ ਉਮਰ ਦੇ ਮੁਤਾਬਕ ਸਿਹਤ ਸੇਵਾਵਾਂ ਦਾ ਲਾਭ ਲੈਂਦੇ ਹਨ ਜੋ ਕਿ ਸਿੱਧੇ ਤੌਰ ’ਤੇ ਵਾਂਝੇ ਹੋ ਜਾਣਗੇ ਅਤੇ ਉਨ੍ਹਾਂ ਨੂੰ ਮਹਿੰਗੇ ਇਲਾਜ ਕਰਵਾਉਣੇ ਪੈਣਗੇ। ਉਨ੍ਹਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਸਿਵਲ ਹਸਪਤਾਲ ਨੰਗਲ ਦੇ ਵਿੱਚ ਕੰਮ ਦਾ ਦਬਾਅ ਵਧੇਗਾ ਅਤੇ ਸਥਾਨਕ ਲੋਕਾਂ ਨੂੰ ਸਮੇਂ ਸਿਰ ਇਲਾਜ ਮਿਲਣਾ ਹੋਰ ਵੀ ਮੁਸ਼ਕਿਲ ਹੋ ਜਾਵੇਗਾ । ਉਨ੍ਹਾਂ ਨੇ ਆਪਣੇ ਪੱਤਰ ਵਿੱਚ ਬੇਨਤੀ ਕੀਤੀ ਹੈ ਕਿ ਇਸ ਹਸਪਤਾਲ ਨੂੰ ਡਿਸਪੈਂਸਰੀ ਵਿੱਚ ਬਦਲਣ ਦੇ ਫੈਸਲੇ ’ਤੇ ਰੋਕ ਲਗਾਈ ਜਾਵੇ ਅਤੇ ਇਸ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜਬੂਤ ਕਰਕੇ ਮਾਹਿਰ ਹਸਪਤਾਲਾਂ ਦੀ ਨਿਯੁਕਤੀ ਕਰਕੇ ਵਧੀਆ ਤਰੀਕੇ ਦੇ ਨਾਲ ਚਲਾਇਆ ਜਾਵੇ। ਬਾਕਸ ਨਹੀ ਤਿਆਰ ਕੋਈ ਡਾਕਟਰ ਹਸਪਤਾਲ ’ਚ ਆਉਣ ਨੂੰ ਬੀਬੀਐਮਬੀ ਕੈਨਾਲ ਹਸਪਤਾਲ ਪਿਛਲੇ ਕਈ ਦਿਨਾਂ ਤੋਂ ਅਖਬਾਰਾਂ ਦੀਆਂ ਸੁਰਖੀਆਂ ਬਣ ਰਿਹਾ ਸੀ ਸੂਤਰਾਂ ਤੋਂ ਇਕੱਤਰ ਜਾਣਕਾਰੀ ਮੁਤਾਬਿਕ ਇਕ ਕਾਬਿਲ ਸਰਜਨ ਡਾ. ਸੰਦੀਪ ਇਲਾਕੇ ਲਈ ਵਰਦਾਨ ਸਾਬਿਤ ਹੋ ਰਿਹਾ ਸੀ ਅਤੇ ਉਸਦੇ ਵਲੋਂ ਪੀਜੀਆਈ ਚੰਡੀਗੜ੍ਹ ਜਾਣ ਵਾਲੇ ਮਰੀਜ਼ਾਂ ਦਾ ਇਲਾਜ਼ ਇਥੇ ਮੁਫਤ ਵਾਗੂੰ ਹੋ ਰਿਹਾ ਸੀ , ਪਰ ਕਥਿਤ ਤੋਰ ਤੇ ਹਸਪਤਾਲ ਵਿੱਚ ਵਰਕ ਕਲਚਰ ਨਾ ਹੋਣ ਕਾਰਨ ਇਕ ਧੜੇ ਨੂੰ ਇਸ ਦੀ ਤਕਲੀਫ ਸੀ ਅਤੇ ਉਹ ਡਾਕਟਰ ਸੰਦੀਪ ਦੀਆਂ ਅਕਸਰ ਸ਼ਿਕਾਇਤਾਂ ਕਰਦਾ ਰਹਿੰਦਾ ਸੀ ਜਿਸ ਦੇ ਨਤੀਜੇ ਵਜੋ ਬੀਤੇ ਦਿਨੀ ਡਾ. ਸੰਦੀਪ ਦੀ ਸੁੰਦਰਨਗਰ ਬਦਲੀ ਹੋ ਗਈ ਸੀ, ਪਰ ਇਹ ਕੋਈ ਪਹਿਲੀ ਵਾਰ ਨਹੀ ਹੋਇਆ ਜੇਕਰ ਸੂਤਰਾਂ ਦੀ ਮੰਨੀਏ ਤਾਂ ਇਸ ਤੋਂ ਪਹਿਲਾ ਇਸੇ ਵਰਕ ਕਲਚਰ ਨਾ ਹੋਣ ਕਾਰਨ ਡਾ. ਜਤਿੰਦਰ ਕੋਰ, ਡਾ. ਅਰੁਣ ਜੈਨ ਅਤੇ ਹੋਰ ਕਈ ਡਾਕਟਰ ਆਪਣੀਆ ਨੋਕਰੀਆਂ ਛੱਡ ਚੁੱਕੇ ਹਨ। ਹੂਣ ਸੂਤਰਾਂ ਮੁਤਾਬਿਕ ਕਥਿਤ ਤੋਰ ਤੇ ਸ਼ਿਕਾਇਤ ਕਰਤਾ ਲਾਬੀ ਕਾਰਨ ਕੋਈ ਡਾਕਟਰ ਇਥੇ ਆਉਣ ਨੂੰ ਤਿਆਰ ਨਹੀ ਹੈ। ਇਥੇ ਇਹ ਦੱਸਣਾ ਵੀ ਬਣਦਾ ਹੈ ਕਿ ਇਸ ਤੋਂ ਪਹਿਲਾ ਬੋਰਡ ਵਲੋਂ ਇਸ ਨੂੰ ਬੰਦ ਕਰਨ ਦਾ ਫੈਸਲਾ ਲੈ ਲਿਆ ਗਿਆ ਸੀ ,ਪਰ ਸਥਾਨਕ ਚੀਫ ਇੰਜੀਨੀਅਰ ਸੀਪੀ ਸਿੰਘ ਦੀ ਮਿਹਨਤ ਸਦਕਾ ਨਾ ਸਿਰਫ਼ ਬੰਦ ਹੋਣ ਤੋਂ ਰੁਕ ਗਿਆ ਸੀ ਸਗੋ ਇਸਦੇ ਲਈ ਵਿਸੇਸ਼ ਫੰਡ ਵੀ ਆਏ ਸਨ।