ਪਿੰਡ ਮੀਆਂਪੁਰ ਹੰਡੂਰ ਦੇ ਕਿਸਾਨਾਂ ਨੂੰ ਮਿਲੇਗਾ 24 ਘੰਟੇ ਨਹਿਰੀ ਪਾਣੀ ਪਿੰਡ ਮੀਆਂਪੁਰ ਹੰਡੂਰ ਦੇ ਕਿਸਾਨਾਂ ਨੂੰ ਮਿਲੇਗਾ 24 ਘੰਟੇ ਨਹਿਰੀ ਪਾਣੀ
Publish Date: Fri, 10 Jul 2026 05:39 PM (IST)
Updated Date: Fri, 10 Jul 2026 05:42 PM (IST)
ਨਰਿੰਦਰ ਸੈਣੀ, ਪੰਜਾਬੀ ਜਾਗਰਣ ਸ੍ਰੀ ਕੀਰਤਪੁਰ ਸਾਹਿਬ : ਸ੍ਰੀ ਕੀਰਤਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਮੀਆਂਪੁਰ ਹੰਡੂਰ, ਨੌ ਲੱਖਾ ਅਤੇ ਡਾਢੀ ਦੇ ਕਿਸਾਨਾਂ ਦੇ ਖੇਤਾਂ ਨੂੰ ਪਾਈਪ ਲਾਈਨ ਨਾਲ ਪਾਣੀ ਪਹੁੰਚਾਇਆ ਗਿਆ। ਜਿਸ ਨਾਲ ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਲਗਭਗ 60 ਤੋਂ 70 ਏਕੜ ਜਮੀਨ ਦੇ ਰਕਬੇ ਦੀ ਨਹਿਰੀ ਪਾਣੀ ਨਾਲ ਸਿੰਚਾਈ ਹੋ ਸਕੇਗੀ। ਇਸ ਨਾਲ ਕਿਸਾਨਾਂ ਵੱਲੋਂ ਮਹਿੰਗੇ ਭਾਅ ਦੇ ਡੀਜ਼ਲ ਦੇ ਨਾਲ ਨਾਲ ਸਮੇਂ ਦੀ ਵੀ ਬੱਚਤ ਹੋਵੇਗੀ ਅਤੇ ਨਾਲ ਹੀ ਘਟਦਾ ਹੋਇਆ ਧਰਤੀ ਦੇ ਪਾਣੀ ਦਾ ਪੱਧਰ ਵੀ ਉੱਚਾ ਹੋ ਸਕੇਗਾ। ਇਸ ਸਬੰਧੀ ਗੱਲਬਾਤ ਕਰਦੇ ਹੋਏ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿਮ ਦੇ ਤਹਿਤ ਪਿੰਡ ਮੀਆਂਪੁਰ ਹੰਡੂਰ ਵਿੱਚ 45 ਲੱਖ ਰੁਪਏ ਦੀ ਲਾਗਤ ਨਾਲ ਨਹਿਰੀ ਪਾਇਪ ਲਾਇਨ ਪਾਈ ਗਈ ਸੀ ਜਿਸ ਨਾਲ ਨਹਿਰੀ ਪਾਣੀ ਕਿਸਾਨਾਂ ਦੇ ਖੇਤਾਂ ਤੱਕ ਪਹੁੰਚਦਾ ਹੋਇਆ ਹੈ। ਇਸ ਨਾਲ ਪੰਜਾਬ ਸਰਕਾਰ ਨੇ ਕਿਸਾਨਾਂ ਭਰਾਵਾਂ ਦਾ ਵੱਡਾ ਫਾਇਦਾ ਕੀਤਾ ਹੈ। ਇਸ ਤੋਂ ਪਹਿਲਾ ਸਿਰਫ 10-15 ਏਕੜ ਨੂੰ ਖਾਲ ਰਾਹੀ ਨਹਿਰੀ ਪਾਣੀ ਲੱਗਦਾ ਸੀ ਅਤੇ ਬਾਕੀ ਕਿਸਾਨ ਡੀਜਲ ਇੰਜਨ ਮੋਟਰਾਂ ਅਤੇ ਮੁੱਲ ਦਾ ਪਾਣੀ ਲਾਉਂਦੇ ਸਨ, ਪਰ ਹੁਣ ਪਾਇਪ ਲਾਇਨ ਪੈਣ ਤੋਂ ਬਾਅਦ 60-70 ਏਕੜ ਨੂੰ ਖੁੱਲਾ 24 ਘੰਟੇ ਨਹਿਰੀ ਪਾਣੀ ਮਿਲੇਗਾ ਜਿਸ ਨਾਲ ਕਿਸਾਨ ਵੀਰਾਂ ਦਾ ਹਜਾਰਾਂ ਰੁਪਏ ਦਾ ਡੀਜ਼ਲ ਦਾ ਖਰਚਾ ਬਚੇਗਾ ਅਤੇ ਸਮੇਂ ਦੀ ਬੱਚਤ ਦੇ ਨਾਲ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਕਦੇ ਵੀ ਕਿਸਾਨਾਂ ਦੇ ਹਿੱਤ ਬਾਰੇ ਨਹੀਂ ਸੋਚਿਆ ਜਦੋਂ ਕਿ ਇਲਾਕੇ ਵਿੱਚੋਂ ਦੋ ਨਹਿਰਾਂ ’ਤੇ ਨਾਲ ਨਾਲ ਦਰਿਆ ਵੀ ਵਗਦੇ ਹਨ। ਪੰਜਾਬ ਦੇ ਪਾਣੀਆਂ ਤੇ ਪਹਿਲਾਂ ਹੱਕ ਇਥੋਂ ਦੇ ਵਸਨੀਕਾਂ ਦਾ ਹੈ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ ਉਨ੍ਹਾਂ ਦਾ ਹੱਕ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਰਕਬੇ ਦੀ ਸਿੰਚਾਈ ਲਈ ਨਹਿਰੀ ਪਾਣੀ ਪਹੁੰਚਾਉਣ ਲਈ ਸਰਕਾਰ ਵਚਨਬੱਧ ਹੈ। ਇਸ ਦੌਰਾਨ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਹਲਕੇ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਕਮਿਕਰ ਸਿੰਘ ਡਾਢੀ, ਗ੍ਰਾਮ ਪੰਚਾਇਤ ਮੀਆਂਪੁਰ ਹੰਡੂਰ ਦੇ ਸਰਪੰਚ ਬਲਵੀਰ ਸਿੰਘ, ਕਰਨੈਲ ਸਿੰਘ ,ਪੰਚ ਮਹਿਮਾ ਸਿੰਘ, ਸੁੱਚਾ ਸਿੰਘ, ਮਾਸਟਰ ਸੋਹਣ ਸਿੰਘ, ਰਵਿੰਦਰ ਸਿੰਘ, ’ਤੇ ਹੋਰ ਕਿਸਾਨ ਹਾਜ਼ਰ ਸਨ।