ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਮਿਸ਼ਨ ਹਰਿਆਲੀ 2026 ’ਚ ਹਿੱਸਾ ਲੈਣਗੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲ ਮਿਸ਼ਨ ਹਰਿਆਲੀ 2026 'ਚ ਹਿੱਸਾ ਲੈਣਗੇ: ਰੋਹਿਤ ਗਰਗ/ਡਾ. ਜਗਜੀਤ
Publish Date: Thu, 09 Jul 2026 06:37 PM (IST)
Updated Date: Fri, 10 Jul 2026 04:06 AM (IST)
ਯੋਗੇਸ਼ ਸ਼ਰਮਾ, ਪੰਜਾਬੀ ਜਾਗਰਣ, ਭਦੌੜ : ਵਾਤਾਵਰਣ ਸੰਭਾਲ ਤੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੰਜਾਬ ਫਾਊਂਡੇਸ਼ਨ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਨੇ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਕੀਤੀ ਹੈ। ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਪ੍ਰਾਈਵੇਟ ਸਕੂਲਾਂ ਰਾਹੀਂ 9 ਲੱਖ ਬੂਟੇ ਲਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਸਬੰਧੀ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਡ ਐਸੋਸੀਏਸ਼ਨਜ਼ ਆਫ ਪੰਜਾਬ (ਫੈਪ) ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਧੂਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਮੁਹਿੰਮ ਦਾ ਉਦੇਸ਼ ਕੇਵਲ ਬੂਟੇ ਲਾਉਣਾ ਨਹੀਂ, ਸਗੋਂ ਵਿਦਿਆਰਥੀਆਂ ਤੇ ਮਾਪਿਆਂ ’ਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਤੇ ਲਾਏ ਬੂਟਿਆਂ ਦੀ ਸੰਭਾਲ ਯਕੀਨੀ ਬਣਾਉਣਾ ਵੀ ਹੈ। ਫਾਊਡੇਸ਼ਨ ਪਿਛਲੇ ਕਈ ਸਾਲਾਂ ਤੋਂ ਲੱਖਾਂ ਬੂਟੇ ਲਾ ਕੇ ਉਨ੍ਹਾਂ ਦੀ ਦੇਖਭਾਲ ਕਰ ਰਹੀ ਹੈ। ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਮਿਸ਼ਨ ਤਹਿਤ 5 ਤੋਂ 15 ਜੁਲਾਈ ਤੱਕ ਹਰ ਵਿਦਿਆਰਥੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਇੱਕ ਬੂਟਾ ਲਾਏਗਾ, ਜਦਕਿ ਹਰ ਸਕੂਲ ਆਪਣੇ ਕੈਂਪਸ ਜਾਂ ਹੋਰ ਉਚਿਤ ਥਾਵਾਂ ’ਤੇ ਬੂਟੇ ਲਾਉਣ ਦੀ ਸਲਾਹ ਦਿੱਤੀ ਗਈ ਹੈ। ਮੁਹਿੰਮ ਦੀ ਪਾਰਦਰਸ਼ਤਾ ਲਈ ਵਿਦਿਆਰਥੀ ਆਪਣੇ ਲਾਏ ਬੂਟੇ ਦੀ ਤਸਵੀਰ ਤੇ ਸਥਾਨ ਦੀ ਜਾਣਕਾਰੀ ਨਿਰਧਾਰਿਤ ਪੋਰਟਲ ’ਤੇ ਅਪਲੋਡ ਕਰਨਗੇ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਪ੍ਰਸ਼ੰਸਾ ਪੱਤਰ ਦਿੱਤੇ ਜਾਣਗੇ, ਜਦਕਿ ਸਕੂਲਾਂ ਨੂੰ ਅੰਦਰੂਨੀ ਮੁਲਾਂਕਣ ’ਚ ਅੰਕ ਦੇਣ ਤੇ ਬੂਟਿਆਂ ਦੀ ਲਗਾਤਾਰ ਸੰਭਾਲ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਗਿਆ ਹੈ। ਲੋਕਾਂ ’ਚ ਜਾਗਰੂਕਤਾ ਫੈਲਾਉਣ ਲਈ ਪਾਣੀ ਬਚਾਓ ਰੁੱਖ ਲਗਾਓ ਸੰਦੇਸ਼ ਵਾਲੇ ਵਿਸ਼ੇਸ ਵਿਨਾਇਲ ਸਟਿੱਕਰ ਪੰਜਾਬ ਦੀਆਂ 5000 ਸਕੂਲ ਬੱਸਾਂ ’ਤੇ ਲਗਾਏ ਜਾਣਗੇ। ਇਸ ਤੋਂ ਇਲਾਵਾ 50 ਸਕੂਲਾਂ ’ਚ ਗੁਰੂ ਨਾਨਕ ਬਗੀਚੀ ਮਾਡਲ ਅਨੁਸਾਰ ਬਗੀਚੇ ਵਿਕਸਿਤ ਕੀਤੇ ਜਾਣਗੇ। ਜਦਕਿ 100 ਸਕੂਲਾਂ ’ਚ ਰੇਨ ਵਾਟਰ ਰੀਚਾਰਜ ਪ੍ਰਾਜੈਕਟ ਸਥਾਪਿਤ ਕੀਤੇ ਜਾਣਗੇ। ਇਸ ਨਾਲ ਭੂਜਲ ਪੱਧਰ ਸੁਧਾਰਨ ਤੇ ਜਲ ਸੰਭਾਲ ਨੂੰ ਉਤਸ਼ਾਹ ਮਿਲੇਗਾ। ਡਾਕਟਰ ਜਗਜੀਤ ਸਿੰਘ ਧੂਰੀ ਨੇ ਪੰਜਾਬ ਦੇ ਸਾਰੇ ਪ੍ਰਾਈਵੇਟ ਸਕੂਲਾਂ ਦੇ ਸਮੂਹ ਸਕੂਲ ਪ੍ਰਬੰਧਕਾਂ, ਪ੍ਰਿੰਸੀਪਲਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਮਾਪਿਆਂ ਨੂੰ ਵੱਧ ਤੋਂ ਵੱਧ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ਮਿਸ਼ਨ ਹਰਿਆਲੀ 2026 ਨੂੰ ਲੋਕ ਅੰਦੋਲਨ ਬਣਾ ਕੇ ਪੰਜਾਬ ਨੂੰ ਹਰਿਆਂ ਭਰਿਆ ਤੇ ਵਾਤਾਵਰਣ ਪੱਖੋਂ ਹੋਰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨਾਲ ਇਸ ਸਮੇਂ ਬਠਿੰਡਾ ਕੋਰ ਕਮੇਟੀ ਮੈਂਬਰ ਰੋਹਿਤ ਗਰਗ ਅਤੇ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਦੇ ਸਮੂਹ ਮੈਂਬਰ ਹਾਜ਼ਿਰ ਸਨ। ਇਸ ਮੌਕੇ ਰੋਹਿਤ ਗਰਗ ਚੇਅਰਮੈਨ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਨੇ ਜਾਣਕਾਰੀ ਦਿੱਤੀ ਕਿ ਇਸ ਮਹਿਮ ’ਚ ਗੁਰੂਕੁਲ ਇੰਟਰਨੈਸ਼ਨਲ ਸਕੂਲ ਭਾਈ ਰੂਪਾ ਦਾ ਹਰ ਵਿਦਿਆਰਥੀਆਂ ਤੇ ਹਰ ਅਧਿਆਪਕ ਇਸ ਮਿਸ਼ਨ ਤਹਿਤ ਘਟੋ ਘੱਟ ਪੰਜ ਪੌਦੇ ਲਗਾਏਗਾ ਅਤੇ ਉਨ੍ਹਾਂ ਦੀ ਲਗਾਤਾਰ ਸੰਭਾਲ ਕਰੇਗਾ। ਰੋਹਿਤ ਗਰਗ ਨੇ ਅੱਗੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਦਾ ਹਰ ਸਕੂਲ ਇਸ ਮਿਸ਼ਨ ’ਚ ਪੂਰਨ ਸਹਿਯੋਗ ਦੇਵੇਗਾ।