- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੇਵਾ ਕੇਂਦਰਾਂ 'ਚ ਆਰ.ਟੀ.ਓ. ਤੇ ਪੈਨਸ਼ਨ ਸੇਵਾਵਾਂ ਸ਼ੁਰੂ : ਜੰਡੂ,ਮਾਨ

ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ
ਪੰਜਾਬ ਦੀ ਧੀ-ਧਿਆਣੀ ਤੇ ਆਮ ਲੋਕਾਂ ਨੂੰ ਸੁੱਖ-ਸਹੂਲਤਾਂ ਦੇਣ ਲਈ ਪੰਜਾਬ ਸਰਕਾਰ ਦਿਨ-ਰਾਤ ਇੱਕ ਕਰ ਰਹੀ ਹੈ। ਹੁਣ ਆਰ.ਟੀ.ਓ.ਦਫ਼ਤਰਾਂ ਤੇ ਪੈਨਸ਼ਨਰਾਂ ਨਾਲ ਜੁੜੀਆਂ ਸੇਵਾਵਾਂ ਨੂੰ ਸਿੱਧਾ ਸੇਵਾ ਕੇਂਦਰਾਂ ਨਾਲ ਜੋੜ ਕੇ ਸਰਕਾਰ ਨੇ ਆਮ ਲੋਕਾਂ ਦਾ ਵੱਡਾ ਭਲਾ ਕੀਤਾ ਹੈ, ਜਿਸ ਨਾਲ ਲੋਕਾਂ ਨੂੰ ਖੱਜਲ-ਖੁਆਰੀ ਤੋਂ ਵੱਡੀ ਰਾਹਤ ਮਿਲੇਗੀ। ਇਹ ਗੱਲ 'ਪੰਜਾਬੀ ਜਾਗਰਣ' ਨਾਲ ਖੁੱਲ੍ਹ ਕੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਯੂਥ ਵਿੰਗ ਦੇ ਪ੍ਰਧਾਨ ਈਸ਼ਵਿੰਦਰ ਸਿੰਘ ਜੰਡੂ ਜਨਰਲ ਸਕੱਤਰ ਬਰਨਾਲਾ ਕਲੱਬ ਤੇ ਬਰਨਾਲਾ ਨਗਰ ਕੌਂਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਤੇ 'ਆਪ' ਆਗੂ ਪਰਮਜੀਤ ਸਿੰਘ ਜੌਂਟੀ ਮਾਨ ਨੇ ਆਖੀ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਇਸ ਵਧੀਆ ਪਹਿਲਕਦਮੀ ਕਰਕੇ ਆਰ.ਟੀ.ਓ. ਦਫ਼ਤਰਾਂ ਦੀਆਂ ਲਗਭਗ 56 ਸੇਵਾਵਾਂ ਹੁਣ ਪਿੰਡਾਂ-ਸ਼ਹਿਰਾਂ ਦੇ ਨੇੜਲੇ ਸੇਵਾ ਕੇਂਦਰਾਂ ’ਚ ਹੀ ਮਿਲਣ ਲੱਗ ਪਈਆਂ ਹਨ। ਹੁਣ ਗੱਡੀਆਂ-ਮੋਟਰਾਂ ਦੀ ਆਰ.ਸੀ., ਟਰਾਂਸਫਰ ਜਾਂ ਹੋਰ ਕਾਗਜ਼-ਪੱਤਰ ਬਣਵਾਉਣ ਲਈ ਏਜੰਟਾਂ ਦੇ ਧੱਕੇ ਖਾਣ ਦੀ ਜਾਂ ਰਿਸ਼ਵਤ ਦੇਣ ਦੀ ਕੋਈ ਲੋੜ ਨਹੀਂ ਰਹੀ, ਜਿਸ ਨਾਲ ਭ੍ਰਿਸ਼ਟਾਚਾਰ ਉੱਤੇ ਪੂਰੀ ਤਰ੍ਹਾਂ ਠੱਲ੍ਹ ਪਵੇਗੀ। ਇਸ ਤੋਂ ਇਲਾਵਾ ਸਾਡੇ ਬਜ਼ੁਰਗਾਂ ਤੇ ਪੈਨਸ਼ਨਰਾਂ ਦੀਆਂ 6 ਮੁੱਖ ਸੇਵਾਵਾਂ ਨੂੰ ਵੀ ਆਨਲਾਈਨ ਕਰਕੇ ਸੇਵਾ ਕੇਂਦਰਾਂ ਨਾਲ ਜੋੜ ਦਿੱਤਾ ਗਿਆ ਹੈ। ਜੇਕਰ ਕੋਈ ਬਜ਼ੁਰਗ ਜਾਂ ਲੋੜਵੰਦ ਘਰ ਬੈਠੇ ਹੀ ਇਹ ਸੁਵਿਧਾ ਲੈਣਾ ਚਾਹੁੰਦਾ ਹੈ, ਤਾਂ ਉਹ 1076 ਨੰਬਰ 'ਤੇ ਫੋਨ ਖੜਕਾ ਕੇ ਸਰਕਾਰੀ ਨੁਮਾਇੰਦੇ ਨੂੰ ਘਰੇ ਬੁਲਾ ਸਕਦਾ ਹੈ।
ਪੰਜਾਬ ਸਰਕਾਰ ਦੀਆਂ ਲੋਕ ਹਿੱਤ ਨੀਤੀਆਂ ਤੇ ਵਿਕਾਸ ਕਾਰਜ
ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਅਨੇਕਾਂ ਇਨਕਲਾਬੀ ਕਦਮ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੂਬੇ ਦੇ ਸ਼ਹਿਰਾਂ, ਢਾਣੀਆਂ, ਕਸਬਿਆਂ ਤੇ ਪਿੰਡ-ਪਿੰਡ ਅੰਦਰ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਭੇਜ ਕੇ ਵਿਕਾਸ ਕਾਰਜਾਂ ਦੀ ਲੜੀ ਬੰਨ੍ਹ ਦਿੱਤੀ ਹੈ। ਪਿੰਡਾਂ ’ਚ ਛੱਪੜਾਂ ਦੀ ਸਫ਼ਾਈ, ਗਲੀਆਂ-ਨਾਲੀਆਂ ਪੱਕੀਆਂ ਕਰਨਾ, ਪੀਣ ਵਾਲੇ ਸਾਫ਼ ਪਾਣੀ ਤੇ ਸਟਰੀਟ ਲਾਈਟਾਂ ਦਾ ਪ੍ਰਬੰਧ ਕਰਨਾ ਸਰਕਾਰ ਦੀ ਪਹਿਲ ਰਹੀ ਹੈ। ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਗਰੀਬ ਤੇ ਮੱਧਮ ਵਰਗੀ ਪਰਿਵਾਰਾਂ ਦਾ ਆਰਥਿਕ ਬੋਝ ਘਟਾਇਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਵੀ ਪੰਜਾਬ ਦੇ ਲੋਕ ਇੱਕ ਵਾਰ ਫ਼ਿਰ ਆਮ ਆਦਮੀ ਪਾਰਟੀ 'ਤੇ ਪੂਰਾ ਭਰੋਸਾ ਜਤਾਉਂਦਿਆਂ ਸੂਬੇ ਦੀ ਵਾਗਡੋਰ ਮਾਨ ਸਰਕਾਰ ਦੇ ਹੱਥਾਂ ’ਚ ਸੌਂਪਣ ਲਈ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਬੈਠੇ ਹਨ।