ਭਾਰਤ ਦੀਆਂ 4 ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਸੰਕਟ ਪ੍ਰਤੀ ਗੰਭੀਰ ਚਿੰਤਨ ਭਾਰਤ ਦੀਆਂ ਚਾਰ ਕਿਸਾਨ ਜਥੇਬੰਦੀਆਂ ਵੱਲੋਂ ਖੇਤੀਬਾੜੀ ਸੰਕਟ ਪ੍ਰਤੀ ਗੰਭੀਰ ਚਿੰਤਨ
Publish Date: Thu, 09 Jul 2026 06:02 PM (IST)
Updated Date: Fri, 10 Jul 2026 04:04 AM (IST)
ਮੋਦੀ ਹਕੂਮਤ ਦੇ ਫ਼ਿਰਕੂ ਫਾਸ਼ੀਵਾਦ ਵਿਰੁੱਧ ਏਕਤਾ ਤੇ ਸੰਘਰਸ਼ ਨੂੰ ਤਕੜਾ ਕਰਨ ਦਾ ਸੱਦਾ ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ : ਮੁਲਕ ਦੀਆਂ ਚਾਰ ਕਿਸਾਨ ਜਥੇਬੰਦੀਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਸਾਨ ਏਕਤਾ ਕੇਂਦਰ, ਸੰਗਰਾਮੀ ਕਿਸਾਨ ਸੰਮਤੀ ਅਤੇ ਕ੍ਰਾਂਤੀਕਾਰੀ ਕਿਸਾਨ ਮੰਚ ਵੱਲੋਂ ਦਿਨੋ ਦਿਨ ਗਹਿਰੇ ਹੋ ਰਹੇ ਖੇਤੀਬਾੜੀ ਸੰਕਟ ਸਬੰਧੀ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਭਰਵੀਂ ਵਿਚਾਰ ਚਰਚਾ ਕੀਤੀ ਗਈ। ਇਹ ਵਿਚਾਰ ਚਰਚਾ ਲਈ ਮਨਜੀਤ ਸਿੰਘ ਧਨੇਰ, ਮੋਨੂੰ ਤੋਮਰ, ਸ਼ਿਵਦੇਵ ਸਿੰਘ, ਰੰਜਨਾ, ਸੌਰਿਆ ਮਜੂਮਦਾਰ, ਸੰਜੀਵ ਤੋਮਰ, ਆਸ਼ੂ ਵਰਮਾ, ਹਰਜਿੰਦਰ ਕੌਰ, ਸੋਰੇਂਦਰ ਨਾਥ ਚੈਟਰਜੀ ਅਤੇ ਸ਼ਰੇਆ ਤੇ ਅਧਾਰਿਤ ਅੱਠ ਮੈਂਬਰੀ ਪ੍ਰਧਾਨਗੀ ਮੰਡਲ ਬਣਾਇਆ ਗਿਆ। ਸਮਾਗਮ ਦੀ ਸ਼ੁਰੂਆਤ ਵਿਛੜੇ ਸਾਥੀਆਂ ਨੂੰ 2 ਮਿੰਟ ਦਾ ਮੋਨ ਧਾਰਨ ਕਰਕੇ ਅਜਮੇਰ ਅਕਲੀਆ ਦੇ ਗੀਤ ਨਾਲ ਸ਼ਰਧਾਂਜਲੀ ਭੇਂਟ ਕਰਦਿਆਂ ਹੋਈ। ਇਸ ਕਨਵੈਨਸ਼ਨ/ਵਿਚਾਰ ਚਰਚਾ ਨੂੰ ਤਿੰਨ ਸ਼ੈਸ਼ਨਾਂ ’ਚ ਵੰਡਿਆ ਗਿਆ। ਪਹਿਲੇ ਸੈਸ਼ਨ ’ਚ ਹਰ ਜਥੇਬੰਦੀ ਨੇ ਆਪੋ ਆਪਣੀ ਜਾਣ ਪਛਾਣ, ਮਹੱਤਵਪੂਰਨ ਗਤੀਵਿਧੀਆਂ, ਕੀਤੇ ਸੰਘਰਸ਼, ਕੰਮਕਾਜ ਅਤੇ ਸੰਗਠਨ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ। ਦੂਜੇ ਸੈਸ਼ਨ ’ਚ ਖੇਤੀਬਾੜੀ ਖੇਤਰ ਦੀ ਸਥਿਤੀ ਅਤੇ ਸਮੱਸਿਆਵਾਂ ਅਤੇ ਤੀਜੇ ਸੈਸ਼ਨ ’ਚ ਭਾਰਤ ਪੱਧਰ ਤੇ ਕਿਸਾਨ ਅੰਦੋਲਨ ਨੂੰ ਦਰਪੇਸ਼ ਚੁਣੌਤੀਆਂ ਅਤੇ ਉਨ੍ਹਾਂ ਦਾ ਟਾਕਰਾ ਕਰਨ ਲਈ ਚਰਚਾ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਜੀ ਆਇਆਂ ਕਿਹਾ। ਚਰਚਾ ਦੌਰਾਨ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਧਨੇਰ, ਲਾਲ ਪਰਚਮ ਦੇ ਸੰਪਾਦਕ ਮੁਖਤਿਆਰ ਸਿੰਘ ਪੂਹਲਾ, ਕਿਸਾਨ ਏਕਤਾ ਕੇਂਦਰ ਵੱਲੋਂ ਮੋਹਿਤ ਪੁੰਡੀਰ, ਪ੍ਰਵੀਨ ਚੌਧਰੀ, ਕ੍ਰਾਂਤੀਕਾਰੀ ਕਿਸਾਨ ਮੰਚ ਵੱਲੋਂ ਚੰਦਨ, ਹਿਮਾਂਸ਼ੂ, ਲਾਲੂ ਤਿਵਾੜੀ, ਸੰਗਰਾਮੀ ਕਿਸਾਨ ਸੰਮਤੀ ਵੱਲੋਂ ਸੋਰੇੰਦਰ ਨਾਥ ਚੈਟਰਜੀ ਅਤੇ ਪਰਾਗ ਨੇ ਆਪੋ ਆਪਣੀ ਜਥੇਬੰਦੀ ਦੀ ਜਾਣ ਪਛਾਣ ਕਰਵਾਉਣ ਦੇ ਨਾਲ ਨਾਲ, ਕੰਮ ਖੇਤਰ ਅੰਦਰ ਖੇਤੀਬਾੜੀ ਸੰਕਟ ਦੀਆਂ ਸਮੱਸਿਆਵਾਂ, ਜਥੇਬੰਦਕ ਸੰਘਰਸ਼ ਦੀ ਰੂਪ ਰੇਖਾ, ਤਜਰਬੇ ਸਾਂਝੇ ਕੀਤੇ। ਸੰਕਟ ਬਾਰੇ ਗੱਲ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਅੱਜ ਦੁਨੀਆ ਅੰਦਰ ਸਾਮਰਾਜੀ ਪ੍ਰਬੰਧ ਗਹਿਰੇ ਆਰਥਿਕ ਸਿਆਸੀ ਸੰਕਟ ਦਾ ਸ਼ਿਕਾਰ ਹੈ। ਇਸ ਸੰਕਟ ਚੋਂ ਨਿਕਲਣ ਲਈ ਵੱਡੇ ਸਾਮਰਾਜੀ ਦੇਸ਼ਾਂ ਦੇ ਆਪਸੀ ਵਿਰੋਧ ਤਿੱਖੇ ਹੋ ਗਏ ਹਨ। ਮੋਦੀ ਸਰਕਾਰ ਖੇਤੀਬਾੜੀ ਸੈਕਟਰ ਪੂਰੀ ਤਰ੍ਹਾਂ ਦੇਸੀ ਵਿਦੇਸ਼ੀ ਕਾਰਪੋਰੇਟਾਂ ਦੇ ਹਵਾਲੇ ਕਰਨ ਦਾ ਮਨਸ਼ਾ ਪਾਲ ਰਹੀ ਹੈ। ਉਹ ਦੇਸ਼ ਦਾ ਜਲ ਜੰਗਲ ਅਤੇ ਜ਼ਮੀਨ ਇਨ੍ਹਾਂ ਕਾਰਪੋਰੇਟਾਂ ਨੂੰ ਸੌਂਪਣ ਦੀਆਂ ਬਹੁਤ ਸਾਰੀਆਂ ਕਾਰਵਾਈਆਂ ਕਰ ਚੁੱਕੀ ਹੈ ਅਤੇ ਹੁਣ ਖੇਤੀ ਖੇਤਰ ਨੂੰ ਉਨ੍ਹਾਂ ਦੇ ਹਵਾਲੇ ਕਰਨ ਲਈ ਰੱਸੇ ਪੈੜੇ ਵੱਟ ਰਹੀ ਹੈ। ਇਸ ਕਰਕੇ ਇਨ੍ਹਾਂ ਕਾਰਪੋਰੇਟਾਂ ਲਈ ਮੋਦੀ ਸਰਕਾਰ ਖੂਬ ਰਾਸ ਆ ਰਹੀ ਹੈ। ਇਹੀ ਕਾਰਨ ਹੈ ਕਿ ਦੇਸ਼ੀ ਵਿਦੇਸ਼ੀ ਧੰਨਾਂ ਸੇਠ ਭਾਜਪਾ ਅਤੇ ਆਰਐਸਐਸ ਦੇ ਫ਼ਿਰਕੂ ਫਾਸ਼ੀਵਾਦ ਦੀ ਪਿੱਠ ਠੋਕ ਰਹੇ ਹਨ। ਮੋਦੀ ਸਰਕਾਰ ਨੇ ਦੇਸ਼ ਅੰਦਰ ਹਰ ਵਰਗ ਉੱਪਰ ਆਪਣਾ ਫ਼ਿਰਕੂ ਫਾਸ਼ੀ ਹੱਲਾ ਵਿੱਢਿਆ ਹੋਇਆ ਹੈ। ਇਹ ਮਜ਼ਦੂਰਾਂ-ਕਿਸਾਨਾਂ ਤੋਂ ਇਲਾਵਾ ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ, ਆਦਿਵਾਸੀ ਕਬੀਲਿਆਂ, ਔਰਤਾਂ, ਦਲਿਤਾਂ ਅਤੇ ਵੱਖ-ਵੱਖ ਕੌਮੀਅਤਾਂ ਦੇ ਹਿੱਤਾਂ ਲਈ ਵੱਡੀ ਖ਼ਤਰਾ ਬਣੀ ਹੋਈ ਹੈ। ਯੂਏਪੀਏ, ਪੀਐਮਐਲਏ ਆਦਿ ਲੋਕ ਵਿਰੋਧੀ ਕਾਨੂੰਨਾਂ ਦੀ ਬੇਦਰੇਗ ਵਰਤੋਂ ਕਰਕੇ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਪੱਤਰਕਾਰਾਂ, ਵਿਦਿਆਰਥੀਆਂ, ਵਕੀਲਾਂ ਨੂੰ ਸਾਲਾਂ ਬੱਧੀ ਸਮੇਂ ਤੋਂ ਜੇਲ੍ਹਾਂ ’ਚ ਬੰਦ ਰੱਖਿਆ ਹੋਇਆ ਹੈ। ਮੋਦੀ ਸਰਕਾਰ ਵਿਰੋਧ ਦੀ ਹਰ ਆਵਾਜ਼ ਨੂੰ ਕੁਚਲਣ ਦੇ ਰਾਹ ਪਈ ਹੋਈ ਹੈ। ਬੁਲਾਰਿਆਂ ਨੇ ਕਿਹਾ ਕਿ ਭਾਜਪਾ ਤੇ ਆਰਐਸਐਸ ਦੀ ਅਗਵਾਈ ਚ ਫ਼ਿਰਕੂ ਫਾਸ਼ੀ ਸ਼ਕਤੀਆਂ ਲੋਕਾਂ ਦੀਆਂ ਧਾਰਮਿਕ ਆਧਾਰ ਤੇ ਵੰਡੀਆਂ ਪਾ ਕੇ ਲੋਕਾਂ ਦੇ ਹੱਕੀ ਸੰਘਰਸ਼ਾਂ ਨੂੰ ਹਕੂਮਤੀ ਦਮਨ ਨਾਲ ਕੁਚਲਣ ਦੇ ਰਾਹ ਪਈਆਂ ਹੋਈਆਂ ਹਨ। ਇਕੱਠ ਨੇ ਗੰਗਾਨਗਰ ਅਤੇ ਕੋਲਕਾਤਾ ਵਿਖੇ 11 ਅਤੇ 13 ਸਾਲ ਦੀਆਂ ਬੱਚੀਆਂ ਨਾਲ ਸਮੂਹਿਕ ਜ਼ਬਰ ਜਨਾਹ ਤੇ ਕਤਲ ਦੀਆਂ ਸ਼ਰਮਨਾਕ ਘਿਨਾਉਣੀਆਂ ਵਾਰਦਾਤਾਂ ਦੀ ਸਖ਼ਤ ਨਿਖੇਧੀ ਕਰਦਿਆਂ, ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਕਰਨ ਤੋਂ ਇਲਾਵਾ ਨੋਇਡਾ, ਫਰੀਦਾਬਾਦ, ਗੁੜਗਾਓਂ, ਮਾਨੇਸਰ ਆਦਿ ਥਾਵਾਂ ਤੇ ਘੱਟੋ ਘੱਟ ਉਜ਼ਰਤਾਂ ਲਈ ਚੱਲੇ ਸੰਘਰਸ਼ ਦੌਰਾਨ ਗ੍ਰਿਫ਼ਤਾਰ ਕੀਤੇ ਮਜ਼ਦੂਰ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਦੀ ਮੰਗ ਸਬੰਧੀ ਮਤੇ ਪਾਸ ਕੀਤੇ ਗਏ। ਪੰਜਾਬ ਸਰਕਾਰ ਵੱਲੋਂ ਲੈਂਡ ਪੂਲਿੰਗ ਨੀਤੀ ਦੁਬਾਰਾ ਜਾਰੀ ਕਰਕੇ, ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਦੀ ਕੋਸ਼ਿਸ਼ ਦੇ ਖ਼ਿਲਾਫ਼ ਵੀ ਮਤਾ ਪਾਸ ਕੀਤਾ ਗਿਆ। ਸਟੇਜ ਸਕੱਤਰ ਦੇ ਫਰਜ਼ ਭਾਕਿਯੂ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਬਾਖ਼ੂਬੀ ਨਿਭਾਏ। ਅਜਮੇਰ ਅਕਲੀਆ, ਬਲਦੇਵ ਮੰਡੇਰ, ਮੰਦਰ ਜੱਸੀ ਅਤੇ ਸ਼ਮਸ਼ੇਰ ਕਲਾ ਮੰਚ ਵੱਲੋਂ ਇਨਕਲਾਬੀ ਗੀਤਾਂ ਨਾਲ ਖ਼ੂਬ ਜੋਸ਼ ਭਰਿਆ।