ਕਰਵਾਚੌਥ ’ਤੇ ਵਿਸ਼ੇਸ਼ ਕਰਵਾਚੌਥ ’ਤੇ ਵਿਸ਼ੇਸ਼ ਸਟੋਰੀ ਭੇਜੀ ਜਾ ਰਹੀ ਹੈ
Publish Date: Wed, 28 Oct 2026 07:19 PM (IST)
Updated Date: Wed, 28 Oct 2026 07:22 PM (IST)
ਯਾਦਵਿੰਦਰ ਸਿੰਘ ਭੁੱਲਰ, ਪੰਜਾਬੀ ਜਾਗਰਣ, ਬਰਨਾਲਾ ਕਰਵਾ ਚੌਥ ਦਾ ਤਿਓਹਾਰ ਸਾਡੇ ਸੱਭਿਆਚਾਰ ਤੇ ਧਾਰਮਿਕ ਰੀਤਾਂ ਨਾਲ ਡੂੰਘਾ ਜੁੜਿਆ ਹੋਇਆ ਹੈ। ਇਹ ਤਿਓਹਾਰ ਖ਼ਾਸ ਕਰਕੇ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਤੇ ਉੱਤਰ ਪ੍ਰਦੇਸ਼ ਵਰਗੇ ਉੱਤਰੀ ਭਾਰਤ ਦੇ ਇਲਾਕਿਆਂ ਚ ਬੜੇ ਚਾਅ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਵਿਆਹੀਆਂ ਔਰਤਾਂ ਆਪਣੇ ਪਤੀ ਦੀ ਲੰਮੀ ਉਮਰ, ਚੰਗੀ ਸਿਹਤ ਤੇ ਘਰ ਦੀ ਖ਼ੁਸ਼ਹਾਲੀ ਵਾਸਤੇ ਇਹ ਵਰਤ ਰੱਖਦੀਆਂ ਹਨ। -ਕਰਵਾ ਚੌਥ ਨਾਂ ਦਾ ਇਤਿਹਾਸ ਕਰਵਾ ਚੌਥ ਦਾ ਨਾਂ ਦੋ ਅੱਖਰਾਂ ਤੋਂ ਮਿਲ ਕੇ ਬਣਿਆ ਹੈ। ‘ਕਰਵਾ’ ਯਾਨੀ ਮਿੱਟੀ ਦਾ ਘੜਾ ਤੇ ‘ਚੌਥ’ ਯਾਨੀ ਚੰਨ ਦੇ ਮਹੀਨੇ ਦਾ ਚੌਥਾ ਦਿਨ। ਸਾਡੀਆਂ ਪੁਰਾਣੀਆਂ ਰੀਤਾਂ ਮੁਤਾਬਕ ਇਸ ਤਿਓਹਾਰ ਚ ਮਿੱਟੀ ਦੇ ਕਰਵੇ ਦੀ ਬੜੀ ਮਹੱਤਤਾ ਹੁੰਦੀ ਹੈ। ਪੂਜਾ ਵੇਲੇ ਔਰਤਾਂ ਕਰਵੇ ਚ ਪਾਣੀ ਭਰ ਕੇ ਚੰਨ ਨੂੰ ਅਰਘ ਦਿੰਦੀਆਂ ਹਨ। ਇਸ ਤਿਓਹਾਰ ਦੀ ਸ਼ੁਰੂਆਤ ਕਦੋਂ ਹੋਈ, ਇਸ ਬਾਰੇ ਕੋਈ ਪੱਕੀ ਤਾਰੀਖ਼ ਤਾਂ ਨਹੀਂ ਮਿਲਦੀ, ਪਰ ਇਸ ਦੀਆਂ ਜੜ੍ਹਾਂ ਪੁਰਾਣੀਆਂ ਲੋਕ-ਰੀਤਾਂ,ਧਾਰਮਿਕ ਕਥਾਵਾਂ ਤੇ ਖੇਤੀਬਾੜੀ ਨਾਲ ਜੁੜੇ ਸਾਡੇ ਪੇਂਡੂ ਜੀਵਨ ਚ ਮੰਨੀਆਂ ਜਾਂਦੀਆਂ ਹਨ। --ਤੜਕੇ ਦੀ ਸਰਗੀ ਤੋਂ ਲੈ ਕੇ ਚੰਨ ਦੀ ਪੂਜਾ ਤੱਕ ਕਰਵਾ ਚੌਥ ਵਾਲੇ ਦਿਨ ਔਰਤਾਂ ਅੰਮ੍ਰਿਤ ਵੇਲੇ ਸੂਰਜ ਚੜ੍ਹਨ ਤੋਂ ਪਹਿਲਾਂ ਸਰਗੀ ਛਕਦੀਆਂ ਹਨ। ਇਸ ਚ ਫਲ, ਸੁੱਕੇ ਮੇਵੇ, ਮਠਿਆਈਆਂ ਤੇ ਹੋਰ ਚੀਜ਼ਾਂ ਹੁੰਦੀਆਂ ਹਨ। ਇਸ ਤੋਂ ਬਾਅਦ ਉਹ ਸਾਰਾ ਦਿਨ ਨਿਰਜਲ ਭਾਵ ਬਿਨਾਂ ਪਾਣੀ ਵਰਤ ਰੱਖਦੀਆਂ ਹਨ। ਢੱਲਦੇ ਦਿਨ ਸ਼ਾਮ ਨੂੰ ਉਹ ਸੋਹਣੇ-ਸੋਹਣੇ ਰਵਾਇਤੀ ਕੱਪੜੇ ਪਾ ਕੇ ਪੂਜਾ ਕਰਦੀਆਂ ਹਨ ਤੇ ਕਰਵਾ ਚੌਥ ਦੀ ਕਥਾ ਸੁਣਦੀਆਂ ਹਨ। ਰਾਤ ਨੂੰ ਚੰਨ ਚੜ੍ਹਨ ’ਤੇ ਦਰਸ਼ਨ ਕਰਕੇ ਅਰਘ ਦਿੱਤਾ ਜਾਂਦਾ ਹੈ ਤੇ ਫਿਰ ਵਰਤ ਖੋਲ੍ਹਿਆ ਜਾਂਦਾ ਹੈ। ਪੰਜਾਬ ਚ ਸੱਸ ਵੱਲੋਂ ਨੂੰਹ ਨੂੰ ਸਰਗੀ ਦੇਣ ਦੀ ਰੀਤ ਦੀ ਇੱਕ ਅੱਲਗ ਹੀ ਠੁੱਕ ਹੈ। --ਅੱਜ ਦੇ ਜ਼ਮਾਨੇ ਚ ਵੀ ਕਾਇਮ ਹੈ ਤਿਓਹਾਰ ਦੀ ਸ਼ਾਨ* ਜ਼ਮਾਨਾ ਬਦਲਣ ਦੇ ਬਾਵਜੂਦ ਕਰਵਾ ਚੌਥ ਦਾ ਚਾਅ ਘਟਿਆ ਨਹੀਂ। ਹੁਣ ਤਾਂ ਕਈ ਥਾਵਾਂ ’ਤੇ ਪਤੀ ਵੀ ਆਪਣੀਆ ਪਤਨੀਆਂ ਦੀ ਸਿਹਤ ਤੇ ਲੰਮੀ ਉਮਰ ਲਈ ਵਰਤ ਰੱਖਣ ਲੱਗ ਪਏ ਹਨ। ਇਸ ਤਿਓਹਾਰ ਨੂੰ ਜੀਵਨ-ਸਾਥੀਆਂ ਦੇ ਗੂੜ੍ਹੇ ਪਿਆਰ, ਆਪਸੀ ਇਤਬਾਰ ਤੇ ਪਰਿਵਾਰਕ ਸਾਂਝ ਦੇ ਪ੍ਰਤੀਕ ਵਜੋਂ ਵੇਖਿਆ ਜਾਂਦਾ ਹੈ। ਨਾਲ ਹੀ ਇਹ ਗੱਲ ਵੀ ਜ਼ਰੂਰੀ ਹੈ ਕਿ ਵਰਤ ਰੱਖਣਾ ਆਪਣੀ ਆਸਥਾ ਦੀ ਗੱਲ ਹੈ, ਜਿਨ੍ਹਾਂ ਭੈਣਾਂ ਨੂੰ ਕੋਈ ਸਿਹਤ ਤਕਲੀਫ਼ ਹੋਵੇ, ਉਨ੍ਹਾਂ ’ਤੇ ਵਰਤ ਦਾ ਕੋਈ ਦਬਾਅ ਨਹੀਂ ਹੋਣਾ ਚਾਹੀਦਾ। : ਬਰਨਾਲਾ ਚ ਇਲਾਕੇ ਦੀਆਂ ਸੁਹਾਗਣਾ ਦੇ ਵਿਚਾਰ --ਘਰਾਂ ’ਚ ਲਿਆਉਂਦਾ ਹੈ ਖ਼ੁਸ਼ੀਆਂ ਤੇ ਸਾਂਝ : ਅੰਜੂ ਸਿੰਗਲਾ ਯੈਲੋ ਬਿਨਜ਼ ਦੀ ਡਾਇਰੈਕਟਰ ਅੰਜੂ ਸਿੰਗਲਾ ਨੇ ਦੱਸਿਆ ਕਿ ਕਰਵਾ ਚੌਥ ਦਾ ਤਿਓਹਾਰ ਮੇਰੇ ਲਈ ਬਹੁਤ ਖ਼ਾਸ ਹੈ। ਇਸ ਦਿਨ ਘਰਾਂ ’ਚ ਖ਼ੁਸ਼ੀ ਦਾ ਮਾਹੌਲ ਹੁੰਦਾ ਹੈ। ਔਰਤਾਂ ਮਹਿੰਦੀ ਲਾਉਂਦੀਆਂ ਹਨ, ਗੂੜ੍ਹੇ ਰੰਗਾਂ ਦੇ ਕੱਪੜੇ ਪਾਉਂਦੀਆਂ ਹਨ ਤੇ ਪੂਜਾ ਦੀਆਂ ਤਿਆਰੀਆਂ ਕਰਦੀਆਂ ਹਨ। ਪਰਿਵਾਰ ਦੇ ਬਾਕੀ ਜੀਅ ਵੀ ਚਾਅ ਨਾਲ ਹਿੱਸਾ ਲੈਂਦੇ ਹਨ, ਜਿਸ ਨਾਲ ਰਿਸ਼ਤੇ ਹੋਰ ਪੱਕੇ ਹੁੰਦੇ ਹਨ। ਇਸ ਦਿਓਹਾਰ ਨੂੰ ਬਿਨਾਂ ਕਿਸੇ ਦਿਖਾਵੇ ਦੇ, ਪਿਆਰ ਤੇ ਸਾਦਗੀ ਨਾਲ ਮਨਾਉਣਾ ਚਾਹੀਦਾ ਹੈ। --ਪਿਆਰ ਨਾਲ ਸਿਹਤ ਤੇ ਆਦਰ ਵੀ ਜ਼ਰੂਰੀ : ਪੈਰੀ ਯੈਲੋ ਬੀਂਨਜ਼ ਦੀ ਡਾਇਰੈਕਟਰ ਪੈਰੀ ਕਾਂਜਲੀਆ ਨੇ ਦੱਸਿਆ ਕਿ ਕਰਵਾ ਚੌਥ ਦੇ ਵਰਤ ਦੀ ਸਾਡੀਆਂ ਭੈਣਾਂ ਲਈ ਬੜੀ ਭਾਵਨਾਤਮਕ ਮਹੱਤਤਾ ਹੈ। ਔਰਤਾਂ ਆਪਣੇ ਬੰਦੇ ਦੀ ਲੰਮੀ ਉਮਰ ਤੇ ਸੁੱਖ-ਸਾਂਦ ਲਈ ਇਹ ਵਰਤ ਰੱਖਦੀਆਂ ਹਨ। ਪਰ ਅਸਲ ਗੱਲ ਸਿਰਫ਼ ਵਰਤ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਦੋਵਾਂ ਜੀਵਨ-ਸਾਥੀਆਂ ਨੂੰ ਇੱਕ-ਦੂਜੇ ਦੀ ਸਿਹਤ ਤੇ ਖ਼ੁਸ਼ੀ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਜੇ ਕੋਈ ਸਿਹਤ ਕਰਕੇ ਵਰਤ ਨਾ ਰੱਖ ਸਕੇ ਤਾਂ ਉਸ ਦੇ ਫ਼ੈਸਲੇ ਦਾ ਸਤਿਕਾਰ ਹੋਣਾ ਚਾਹੀਦਾ ਹੈ। : ਆਪਣੇ ਪਹਿਰਾਵੇ ਤੇ ਰੀਤਾਂ ਦੀ ਵੱਖਰੀ ਠੁੱਕ : ਪੂਨਮ ਦੂਆ ਸਮਾਜ ਸੇਵਿਕਾ ਪੂਨਮ ਦੂਆ ਨੇ ਦੱਸਿਆ ਕਿ ਸਾਡਾ ਇਹ ਤਿਉਹਾਰ ਸਾਡੇ ਵਿਰਸੇ ਨਾਲ ਡੂੰਘਾ ਜੁੜਿਆ ਹੈ। ਸਵੇਰੇ ਸਰਗੀ ਛਕ ਕੇ ਦਿਨ ਭਰ ਵਰਤ ਰੱਖਣਾ ਤੇ ਸ਼ਾਮ ਨੂੰ ਸਜ-ਧਜ ਕੇ ਪੂਜਾ ਕਰਨ ਤੋਂ ਬਾਅਦ ਚੰਨ ਵੇਖ ਕੇ ਵਰਤ ਖੋਲ੍ਹਣਾ ਬਹੁਤ ਭਾਵੁਕ ਪਲ ਹੁੰਦਾ ਹੈ। ਸਭ ਤੋਂ ਵਧੀਆ ਗੱਲ ਇਹ ਹੈ ਕਿ ਘਰ-ਪਰਿਵਾਰ ਦੀਆਂ ਔਰਤਾਂ ਇਕੱਠੀਆਂ ਬੈਠ ਕੇ ਸੁੱਖ-ਦੁੱਖ ਸਾਂਝਾ ਕਰਦੀਆਂ ਹਨ। ਫੋਕੇ ਵਿਖਾਵੇ ਨਾਲੋਂ ਪਰਿਵਾਰ ਨਾਲ ਸਮਾਂ ਬਿਤਾਉਣਾ ਜ਼ਿਆਦਾ ਜ਼ਰੂਰੀ ਹੈ। --ਰਿਸ਼ਤਿਆਂ ’ਚ ਪਿਆਰ ਤੇ ਇਤਬਾਰ ਹੁੰਦਾ ਹੈ ਮਜ਼ਬੂਤ : ਬਬਲੀ ਖੀਪਲ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਦੇ ਪ੍ਰਧਾਨ ਬਬਲੀ ਖੀਪਲ ਨੇ ਦੱਸਿਆ ਕਿ ਇਹ ਤਿਓਹਾਰ ਪਤੀ-ਪਤਨੀ ਦੇ ਆਪਸੀ ਪ੍ਰੇਮ, ਇਤਬਾਰ ਤੇ ਸਮਰਪਣ ਦਾ ਨਿਸ਼ਾਨ ਹੈ। ਅੱਜ-ਕੱਲ੍ਹ ਦੇ ਜ਼ਮਾਨੇ ਵਿੱਚ ਵੀ ਔਰਤਾਂ ਪੂਰੇ ਉਤਸ਼ਾਹ ਨਾਲ ਇਹ ਰੀਤ ਨਿਭਾਉਂਦੀਆਂ ਹਨ। ਖ਼ੁਸ਼ਹਾਲ ਗ੍ਰਹਿਸਥੀ ਉਦੋਂ ਹੀ ਚੱਲਦੀ ਹੈ ਜਦੋਂ ਦੋਵੇਂ ਇੱਕ-ਦੂਜੇ ਦੀਆਂ ਭਾਵਨਾਵਾਂ ਸਮਝਣ ਤੇ ਬਰਾਬਰੀ ਦਾ ਆਦਰ ਦੇਣ। ਇਸ ਦਿਨ ਪਤੀਆਂ ਨੂੰ ਵੀ ਆਪਣੀਆਂ ਪਤਨੀਆਂ ਦੇ ਮਾਣ-ਸਤਿਕਾਰ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।