- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ - ਬਰਿੰਦਰ ਕੁਮਾਰ ਗੋਇਲ

ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ,
ਹਰੀਕੇ ਪੱਤਣ : ਸੂਬਾ ਸਰਕਾਰ ਹੜ੍ਹ ਸੁਰੱਖਿਆ ਕਾਰਜਾਂ ਨੂੰ ਸਮੇਂ ਸਿਰ ਲਾਗੂ ਕਰਕੇ, ਨਿਰੰਤਰ ਫੀਲਡ ਨਿਗਰਾਨੀ ਅਤੇ ਸਾਰੇ ਸਬੰਧਤ ਵਿਭਾਗਾਂ ਅਤੇ ਏਜੰਸੀਆਂ ਨਾਲ ਨੇੜਲੇ ਤਾਲਮੇਲ ਰਾਹੀਂ ਹੜ੍ਹਾਂ ਨਾਲ ਸਬੰਧਤ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ, ਤਾਂ ਜੋ ਜਨਤਕ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਅਤੇ ਹੜ੍ਹਾਂ ਦੇ ਪ੍ਰਭਾਵ ਨੂੰ ਘੱਟ ਕੀਤਾ ਜਾ ਸਕੇ। ਇਹ ਪ੍ਰਗਟਾਵਾ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਰੀਕੇ ਹੈੱਡ ਵਰਕਸ ਦੇ ਡਾਊਨ ਸਟਰੀਮ ਵਾਲੇ ਪਾਸੇ ਹਰੀਕੇ ਹਥਾੜ ਖੇਤਰ ਦੇ ਦੌਰੇ ਦੌਰਾਨ ਬੰਨ੍ਹ ਦਾ ਜਾਇਜ਼ਾ ਲੈਣ ਮੌਕੇ ਕੀਤਾ। ਇਸ ਦੌਰਾਨ ਪੰਜਾਬ ਜਲ ਸਰੋਤ ਪ੍ਰਬੰਧਨ ਤੇ ਵਿਕਾਸ ਨਿਗਮ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਵਿਭਾਗ ਦੇ ਉੱਚ ਅਧਿਕਾਰੀ ਵੀ ਮੌਜੂਦ ਸਨ।
ਇਸ ਦੌਰਾਨ ਉਨ੍ਹਾਂ ਹਰੀਕੇ ਹਥਾੜ ਖੇਤਰ ਦੇ ਕਿਸਾਨਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ। ਇਸ ਮੌਕੇ ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਆਹਲੂਵਾਲੀਆ, ਕਿਸਾਨ ਆਗੂ ਜੋਗਿੰਦਰ ਸਿੰਘ ਗੱਟੀ ਹਰੀਕੇ ਤੇ ਹੋਰ ਕਿਸਾਨਾਂ ਨੇ ਪਾਣੀ ਦੇ ਵਹਾਅ ਕਾਰਨ ਢਾਹ ਲੱਗਣ ਕਾਰਨ ਧੁੱਸੀ ਬੰਨ੍ਹ ਨੂੰ ਪੈਦਾ ਹੋਏ ਖ਼ਤਰੇ ਤੋਂ ਕੈਬਨਿਟ ਮੰਤਰੀ ਨੂੰ ਜਾਣੂੰ ਕਰਵਾਇਆ। ਕੈਬਨਿਟ ਮੰਤਰੀ ਨੇ ਕਿਸਾਨਾਂ ਦੀ ਗੱਲ ਨੂੰ ਬੜੇ ਗਾਹ ਨਾਲ ਸੁਣਿਆ ਅਤੇ ਮੌਕਾ ਵੇਖਣ ਤੋਂ ਬਾਅਦ ਸਬੰਧਤ ਅਧਿਕਾਰੀਆਂ ਨੂੰ ਇਸ ਦੇ ਬਚਾਅ ਲਈ ਫੌਰਨ ਕੰਮ ਸ਼ੁਰੂ ਕਰਨ ਦੇ ਆਦੇਸ਼ ਦਿੱਤੇ।
ਉਨ੍ਹਾਂ ਕਿਹਾ ਕਿ ਜਲ ਸਰੋਤ ਵਿਭਾਗ ਹੜ੍ਹਾਂ ਤੋਂ ਬਚਾਅ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਅਤੇ ਇਸ ਸਬੰਧੀ ਕੋਈ ਵੀ ਕੋਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੌਨਸੂਨ ਦੇ ਸੀਜ਼ਨ ਦੌਰਾਨ ਹੜ੍ਹਾਂ ਵਰਗੀ ਕਿਸੇ ਵੀ ਸਥਿਤੀ ਤੋਂ ਸੂਬੇ ਦੇ ਲੋਕਾਂ ਦੇ ਬਚਾਅ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਨੇ ਸੂਬੇ ਭਰ ਵਿਚ ਲੋਕਾਂ ਦੀ ਜਾਨ-ਮਾਲ, ਵਾਹੀਯੋਗ ਜ਼ਮੀਨ ਅਤੇ ਜਨਤਕ ਬੁਨਿਆਦੀ ਢਾਂਚੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਕ ਮਜ਼ਬੂਤ ਨਿਗਰਾਨ ਪ੍ਰਣਾਲੀ ਅਤੇ ਰੱਖਿਆ ਢਾਂਚਾ ਤਿਆਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ 414.75 ਕਰੋੜ ਰੁਪਏ ਦੇ ਸੁਰੱਖਿਆ ਕਾਰਜਾਂ ਨਾਲ ਹੜ੍ਹ ਰੋਕੂ ਪ੍ਰਬੰਧਾਂ ਨੂੰ ਕੀਤਾ ਮਜ਼ਬੂਤ ਕੀਤਾ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਡਰੇਨਾਂ ਦੀ ਸਫ਼ਾਈ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ, ਜਿਥੇ ਕੰਮ ਚੱਲ ਰਹੇ ਸਨ ਜਾਂ ਮੁਕੰਮਲ ਹੋ ਚੁੱਕੇ ਸਨ, ਦਾ ਵਿਆਪਕ ਦੌਰਾ ਕਰਕੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਹੜ੍ਹਾਂ ਦੀ ਸੰਭਾਵਨਾ ਨੂੰ ਧਿਆਨ ਵਿਚ ਰੱਖਦਿਆਂ ਸਾਰੀਆਂ ਸੰਵੇਦਨਸ਼ੀਲ ਥਾਵਾਂ ’ਤੇ ਲਗਾਤਾਰ ਨਿਗਰਾਨੀ ਰੱਖੀ ਜਾਵੇ ਅਤੇ ਦਰਿਆਵਾਂ, ਡਰੇਨਾਂ, ਬੰਨ੍ਹਾਂ ਅਤੇ ਹੜ੍ਹ ਸੁਰੱਖਿਆ ਢਾਂਚੇ ਦੀ ਨਿਰੰਤਰ ਨਿਗਰਾਨੀ ਯਕੀਨੀ ਬਣਾਈ ਜਾਵੇ ਅਤੇ ਜਿਥੇ ਵੀ ਕੋਈ ਕਮੀ ਨਜ਼ਰ ਆਵੇ, ਉਥੇ ਤੁਰੰਤ ਸੁਧਾਰਾਤਮਕ ਕਦਮ ਚੁੱਕੇ ਜਾਣ, ਤਾਂ ਜੋ ਮਾਨਸੂਨ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਚੀਮਾ, ਵਿਰਸਾ ਸਿੰਘ ਰੱਤਾ ਗੁੱਦਾ, ਸੁਖਦੇਵ ਸਿੰਘ ਕਿਰਤੋਵਾਲ, ਪ੍ਰਧਾਨ ਜੁਗਿੰਦਰ ਸਿੰਘ ਗੱਟੀ ਹਰੀਕੇ, ਪ੍ਰਧਾਨ ਜਸਬੀਰ ਸਿੰਘ ਆਹਲੂਵਾਲੀਆ, ਲਖਬੀਰ ਸਿੰਘ ਗੱਟੀ, ਰੇਸ਼ਮ ਸਿੰਘ ਫੁੱਲਾਂ ਵਾਲੀ ਵਸਤੀ, ਪ੍ਰਭਜੀਤ ਸਿੰਘ ਢਿੱਲੋਂ, ਦਲਜੀਤ ਸਿੰਘ ਢਿੱਲੋਂ, ਸਤਪਾਲ ਸਿੰਘ, ਅਵਤਾਰ ਸਿੰਘ ਗੁੱਦੇ ਵਾਲੇ, ਸਕੱਤਰ ਸਿੰਘ ਘੜੁੰਮ, ਬਲਬੀਰ ਸਿੰਘ, ਜੱਜ ਸਿੰਘ, ਮੰਗਲ ਸਿੰਘ ਵਸਤੀ ਲਾਲ ਸਿੰਘ, ਗੁਰਦੇਵ ਸਿੰਘ ਵਿਰਕ, ਬਲਵਿੰਦਰ ਕੁਮਾਰ ਤਹਿਸੀਲਦਾਰ, ਪੱਟੀ, ਰਵੀਸ਼ੇਰ ਸਿੰਘ ਡੀਐੱਸਪੀ, ਪੱਟੀ, ਇੰਸਪੈਕਟਰ ਅਮਰੀਕ ਸਿੰਘ ਥਾਣਾ ਮੁਖੀ, ਪੱਟੀ ਸ਼ਹਿਰੀ, ਸਬ-ਇੰਸਪੈਕਟਰ ਬਲਬੀਰ ਸਿੰਘ ਐੱਸਐੱਚਓ, ਹਰੀਕੇ ਆਦਿ ਵੀ ਮੌਜੂਦ ਸਨ।