- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐੱਸਆਈਆਰ ਤਹਿਤ 11 ਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ 'ਤੇ ਲੱਗਣਗੇ ਵਿਸ਼ੇਸ਼ ਕੈਂਪ

ਸਟਾਫ਼ ਰਿਪੋਰਟਰ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ ਐੱਸਆਈਆਰ ਮੁਹਿੰਮ ਤਹਿਤ ਯੋਗ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਅਤੇ ਗਣਨਾ ਫਾਰਮਾਂ ਦੀ ਭਰਵਾਈ, ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦੇ ਕੰਮ ਨੂੰ ਤੇਜ਼ ਕਰਨ ਲਈ 11 ਅਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਬੂਥਾਂ 'ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ 3 ਵਜੇ ਤਕ ਚੱਲਣਗੇ। ਇਸ ਦੌਰਾਨ ਬੂਥ ਪੱਧਰੀ ਅਧਿਕਾਰੀ ਬੀਐੱਲਓ ਆਪਣੇ-ਆਪਣੇ ਪੋਲਿੰਗ ਬੂਥਾਂ ’ਤੇ ਹਾਜ਼ਰ ਰਹਿਣਗੇ ਅਤੇ ਵੋਟਰਾਂ ਨੂੰ ਗਣਨਾ ਫਾਰਮ ਭਰਨ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਡਿਜੀਟਾਈਜ਼ੇਸ਼ਨ ਸਬੰਧੀ ਹਰ ਤਰ੍ਹਾਂ ਦੀ ਸਹਾਇਤਾ ਪ੍ਰਦਾਨ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਬੀਐੱਲਓਜ਼ ਵੱਲੋਂ ਡਿਜੀਟਾਈਜ਼ੇਸ਼ਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ, ਉਹ ਲੋੜੀਂਦੇ ਦਸਤਾਵੇਜ਼ਾਂ ਦੀ ਪ੍ਰਾਪਤੀ ਅਤੇ ਜੇਕਰ ਕੋਈ ਤਰੁੱਟੀਆਂ ਜਾਂ ਕਮੀਆਂ ਹਨ, ਉਨ੍ਹਾਂ ਨੂੰ ਦੂਰ ਕਰਨ 'ਤੇ ਵਿਸ਼ੇਸ਼ ਧਿਆਨ ਦੇਣਗੇ।
ਜਦਕਿ ਜਿਨ੍ਹਾਂ ਬੂਥਾਂ 'ਤੇ ਫਾਰਮਾਂ ਦੀ ਪ੍ਰਾਪਤੀ ਜਾਂ ਡਿਜੀਟਾਈਜ਼ੇਸ਼ਨ ਦਾ ਕੰਮ ਅਜੇ ਬਾਕੀ ਹੈ, ਉਥੇ ਇਸ ਕਾਰਜ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਮਹੱਤਵਪੂਰਨ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਸਮਾਜਿਕ ਸੁਰੱਖਿਆ, ਸਕੂਲ ਸਿੱਖਿਆ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਪੇਂਡੂ ਖੇਤਰਾਂ ਵਿਚ ਆਂਗਣਵਾੜੀ ਵਰਕਰਾਂ ਅਤੇ ਸਕੂਲਾਂ ਦੇ ਸਟਾਫ਼, ਜਦਕਿ ਸ਼ਹਿਰੀ ਖੇਤਰਾਂ ਵਿਚ ਸਥਾਨਕ ਸਰਕਾਰਾਂ ਦੇ ਕਰਮਚਾਰੀਆਂ ਨੂੰ ਵੀ ਬੀਐੱਲਓਜ਼ ਦੀ ਸਹਾਇਤਾ ਲਈ ਤਾਇਨਾਤ ਕੀਤਾ ਗਿਆ ਹੈ।
ਰਾਹੁਲ ਨੇ ਦੱਸਿਆ ਕਿ ਵਿਸ਼ੇਸ਼ ਕੈਂਪਾਂ ਬਾਰੇ ਵੋਟਰਾਂ ਨੂੰ ਵੱਖ-ਵੱਖ ਮਾਧਿਅਮਾਂ ਰਾਹੀਂ ਜਾਣੂੰ ਕਰਵਾਇਆ ਜਾ ਰਿਹਾ ਹੈ, ਤਾਂ ਜੋ ਵੱਧ ਤੋਂ ਵੱਧ ਯੋਗ ਵੋਟਰ ਇਨ੍ਹਾਂ ਕੈਂਪਾਂ ਦਾ ਲਾਭ ਲੈ ਸਕਣ। ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਨੂੰ ਵੀ ਕੈਂਪਾਂ ਬਾਰੇ ਸੂਚਿਤ ਕੀਤਾ ਗਿਆ ਹੈ, ਤਾਂ ਜੋ ਉਨ੍ਹਾਂ ਦੇ ਬੂਥ ਪੱਧਰੀ ਏਜੰਟ ਬੀਐੱਲਏ ਵੋਟਰਾਂ ਨੂੰ ਕੈਂਪਾਂ ਵਿਚ ਸ਼ਾਮਿਲ ਹੋਣ ਲਈ ਪ੍ਰੇਰਿਤ ਕਰ ਸਕਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਜ਼ਿਲ੍ਹੇ ਦੇ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਅਤੇ 12 ਜੁਲਾਈ ਨੂੰ ਆਪਣੇ ਨਜ਼ਦੀਕੀ ਪੋਲਿੰਗ ਬੂਥ 'ਤੇ ਲੱਗਣ ਵਾਲੇ ਵਿਸ਼ੇਸ਼ ਕੈਂਪ ਵਿਚ ਪਹੁੰਚ ਕੇ ਗਣਨਾ ਫਾਰਮ ਭਰਨ, ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਅਤੇ ਆਪਣਾ ਵੇਰਵਾ ਸਮੇਂ ਸਿਰ ਡਿਜੀਟਾਈਜ਼ ਕਰਵਾ ਕੇ ਵੋਟਰ ਸੂਚੀ ਦੀ ਵਿਸ਼ੇਸ਼ ਸਰਸਰੀ ਸੁਧਾਈ ਮੁਹਿੰਮ ਨੂੰ ਸਫ਼ਲ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।
ਕੈਪਸ਼ਨ - ਰਾਹੁਲ, ਜ਼ਿਲ੍ਹਾ ਚੋਣ ਅਫ਼ਸਰ, ਤਰਨਤਾਰਨ।